www.sursaanjh.com > ਅੰਤਰਰਾਸ਼ਟਰੀ > ਭਾਈਚਾਰਕ ਸਾਂਝ ਦਾ ਪ੍ਰਤੀਕ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸਾਹੋਵਾਲ – ਰਾਜ ਕੁਮਾਰ ਸਾਹੋਵਾਲ਼ੀਆ

ਭਾਈਚਾਰਕ ਸਾਂਝ ਦਾ ਪ੍ਰਤੀਕ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸਾਹੋਵਾਲ – ਰਾਜ ਕੁਮਾਰ ਸਾਹੋਵਾਲ਼ੀਆ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 13 ਸਤੰਬਰ:

ਭਾਈਚਾਰਕ ਸਾਂਝ ਦਾ ਪ੍ਰਤੀਕ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਸਾਹੋਵਾਲ – ਰਾਜ ਕੁਮਾਰ ਸਾਹੋਵਾਲ਼ੀਆ

ਹੱਥਲੇ ਲੇਖ ਦਾ ਪ੍ਰਯੋਜਨ ਪਿੰਡ ਸਾਹੋਵਾਲ ਦੇ ਪੁਰਾਤਨ ਇਤਿਹਾਸ ਨਾਲ ਰੂ-ਬ-ਰੂ ਕਰਵਾਉਣਾ ਹੈ ਅਤੇ ਇਹ ਲੇਖ ਤਿੰਨ ਪੜਾਵਾਂ ਵਿੱਚ ਮੁਕੰਮਲ ਹੋਣਾ ਹੈ। ਪਹਿਲਾ ਪੜਾਅ ਸ਼ਹਿਰ ਗੁਰਦਾਸਪੁਰ ਦੀ ਸਥਾਪਨਾ ਦੇ ਇਤਿਹਾਸ ‘ਤੇ ਪੰਛੀ ਝਾਤ ਪਾਉਣਾ ਹੋਵੇਗਾ, ਜਦਕਿ ਦੂਜੇ ਪੜਾਅ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਕੁੱਝ ਪ੍ਰਮੁੱਖ ਸ਼ਹਿਰਾਂ ਬਾਰੇ ਜਾਣਕਾਰੀ ਦਰਜ ਕੀਤੀ ਜਾਵੇਗੀ| ਤੀਜੇ ਤੇ ਅੰਤਿਮ ਪੜ੍ਹਾਅ ਵਿੱਚ ਪਿੰਡ ਸਾਹੋਵਾਲ ਦੇ ਨਾਲ ਲੱਗਦੇ ਕੁੱਝ ਪਿੰਡਾਂ ਬਾਰੇ ਸੰਖੇਪ ਜਾਣਕਾਰੀ ਤੇ ਪਿੰਡ ਸਾਹੋਵਾਲ ਦੇ ਇਤਿਹਾਸ ਅਤੇ ਅੱਜ ਦੇ ਹਾਲਾਤਾਂ ‘ਤੇ ਅਧਾਰਿਤ ਵੇਰਵੇ ਦਰਜ ਕੀਤੇ ਜਾਣਗੇ। ਸੋ ਆਉ ਪਹਿਲੇ ਪੜਾਅ ਵੱਲ ਵੱਧਦੇ ਹੋਏ, ਗੁਰਦਾਸਪੁਰ ਦੀ ਸਥਾਪਨਾ ਬਾਰੇ ਗੱਲ ਕਰੀਏ।

ਇਸ ਸ਼ਹਿਰ ਦੀ ਸਥਾਪਨਾ 17ਵੀਂ ਸਦੀ ਦੇ ਆਰੰਭ ਵਿੱਚ ਮਹੰਤ ਗੁਰੀਆ ਜੀ ਨੇ ਸਾਂਗਾ ਜੱਟਾਂ ਤੋਂ ਜ਼ਮੀਨ ਖਰੀਦ ਕੇ ਕੀਤੀ ਸੀ। ਗੁਰੀਆ ਜੀ ਪਿੰਡ ਪਨਿਆੜ (ਪਾਣੀ+ਆੜ ਭਾਵ ਪਾਣੀ ਦਾ ਕੰਢਾ ਤੋਂ ਨਾਂ ਪਨਿਆੜ ਬਣਿਆ) ਦੇ ਨਿਵਾਸੀ ਸਨ, ਜਿਨ੍ਹਾਂ ਦੇ ਪੁਰਖੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਯੁੱਧਿਆ ਤੋਂ ਕਾਫੀ ਸਮਾਂ ਪਹਿਲਾਂ ਆ ਕੇ ਪਿੰਡ ਪਨਿਆੜ ਵਿੱਚ ਵੱਸ ਗਏ ਸਨ, ਕਿਉਂਕਿ ਮਹੰਤ ਗੁਰੀਆ ਜੀ ਨੇ ਇਹ ਜ਼ਮੀਨ ਖਰੀਦ ਕੇ ਇੱਥੇ ਰਿਹਾਇਸ਼ ਕੀਤੀ ਸੀ ਤੇ ਨਾਲ ਦੀ ਨਾਲ ਹੌਲੀ-ਹੌਲੀ ਕੁੱਝ ਹੋਰ ਲੋਕ ਵੀ ਇਸ ਖੇਤਰ ਵਿੱਚ ਆ ਕੇ ਰਹਿਣ ਲੱਗ ਪਏ ਸਨ ਤੇ ਇਸ ਬਸਤੀ ਦਾ ਨਾਂ ਭਾਈ ਗੁਰੀਆ ਜੀ ਦੇ ਨਾਂ ਤੇ ਗੁਰਦਾਸਪੁਰ ਪ੍ਰਸਿੱਧ ਹੋਇਆ। ਅਪ੍ਰੈਲ 1849 ਈ: ਵਿੱਚ ਦੂਸਰੇ ਅੰਗਰੇਜ਼-ਸਿੱਖ ਯੁੱਧ ਪਿਛੋਂ ਇਸ ਸ਼ਹਿਰ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਅੰਗਰੇਜ਼ਾਂ ਨੇ 1 ਮਈ 1852 ਈਸਵੀ ਨੂੰ ਇਸ ਸ਼ਹਿਰ ਨੂੰ ਨਵਾਂ ਜ਼ਿਲ੍ਹਾ ਘੋਸ਼ਿਤ ਕਰ ਦਿੱਤਾ। ਇਸ ਇਲਾਕੇ ਦੀ ਜ਼ਮੀਨ ਬੜੀ ਉਪਜਾਊ ਹੈ।

ਇਸ ਜ਼ਿਲ੍ਹੇ ਦਾ ਖੇਤਰ ਰਾਵੀ ਤੇ ਬਿਆਸ ਦਰਿਆਵਾਂ ਨਾਲ ਘਿਰਿਆ ਹੋਇਆ| ਦੇਸ਼ ਦੀ ਵੰਡ ਵੇਲੇ ਇਸ ਜ਼ਿਲ੍ਹਾ ਦੀ ਤਹਿਸੀਲ ਸ਼ਕਰਗੜ੍ਹ ਨੂੰ ਛੱਡ ਕੇ ਬਾਕੀ ਸਾਰਾ ਜ਼ਿਲ੍ਹਾ ਭਾਰਤ ਦੇ ਹਿੱਸੇ ਆਇਆ। ਇਸ ਸ਼ਹਿਰ ਵਿੱਚ ਪ੍ਰਮੁੱਖ ਥਾਵਾਂ ਹਨ – ਰੰਗ ਮਹਿਲ, ਝੂਲਨਾ ਮਹਿਲ, ਜਹਾਜ਼ ਚੌਂਕ, ਹਨੂੰਮਾਨ ਚੌਂਕ, ਸਦਰ ਬਾਜ਼ਾਰ, ਬਾਟਾ ਚੌਂਕ ਤੇ ਥੋੜ੍ਹਾ ਅਰਸਾ ਪਹਿਲਾਂ ਹੀ ਬਾਈਪਾਸ ਨੇੜੇ ਬਣਿਆ ਨਵਾਂ ਬੱਸ ਅੱਡਾ। ਆਪਸੀ ਭਾਈਚਾਰਾ ਤੇ ਮਿਲਵਰਤਣ ਦੀ ਭਾਵਨਾ ਇਸ ਸ਼ਹਿਰ ਦੇ ਨਿਵਾਸੀਆਂ ਦਾ ਮੁੱਖ ਗੁਣ ਹੈ। ਵੱਖ-ਵੱਖ ਧਰਮਾਂ, ਮਜ੍ਹਬਾਂ ਤੇ ਫਿਰਕਿਆਂ ਦੇ ਲੋਕ ਹੋਣ ਦੇ ਬਾਵਜੂਦ ਵੀ ਇਨ੍ਹਾਂ ਦੇ ਰਿਸ਼ਤੇ ਨਾਤੇ, ਜੰਮਣੇ-ਮਰਨੇ ਤੇ ਵਿਆਹ ਸ਼ਾਦੀਆਂ ਵਿੱਚ ਆਪਸੀ ਸਾਂਝ ਦੀ ਡੋਰ ਬੜੀ ਪਕੇਰੀ ਹੈ। ਇਸ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਕਲਾਨੌਰ ਹੈ ਜੋ ਜ਼ਿਲ੍ਹਾ ਹੈੱਡ ਕੁਆਟਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਹ ਇਤਿਹਾਸਕ ਸ਼ਹਿਰ ਹੈ। ਇੱਥੇ ਹੀ ਮੁਗਲ ਸਮਰਾਟ ਅਕਬਰ ਦੀ ਤਾਜ਼ਪੋਸ਼ੀ, ਬੈਰਮਖਾਨ ਨੇ ਕੀਤੀ ਸੀ। ਇਸ ਜਗ੍ਹਾ ਨੂੰ ਤਖਤ-ਏ-ਅਕਬਰੀ ਕਿਹਾ ਜਾਂਦਾ ਹੈ|

ਇਸ ਤੋਂ ਇਲਾਵਾ ਇੱਥੇ ਭਗਵਾਨ ਸ਼ਿਵ ਮੰਦਿਰ ਹੈ, ਜਿੱਥੇ ਸ਼ਿਵਲਿੰਗ ਲੇਟਵੀਂ ਅਵੱਸਥਾ ਵਿੱਚ ਸੁਸ਼ੋਭਿਤ ਹੈ, ਜਿੱਥੇ ਸ਼ਿਵਰਾਤਰੀ ਨੂੰ ਭਾਰੀ ਮੇਲਾ ਵੀ ਲੱਗਦਾ ਹੈ। ਇਹ ਸ਼ਹਿਰ ਰਾਜਾ ਜਨਮੇਜਾ ਦੇ ਭਾਈ ਨਖਸੇਨਾ ਨੇ ਇੱਕ ਰਿਆਸਤ ਦੇ ਰੂਪ ਵਿੱਚ ਵਸਾਇਆ ਸੀ। ਉਸਦੇ ਵੰਸ਼ਜ਼ ਜਰਾਲ ਰਾਜਪੂਤਾਂ ਨੇ 350 ਸਾਲਾਂ ਤੱਕ ਇੱਥੇ ਰਾਜ ਵੀ ਕੀਤਾ। ਇਸ ਜ਼ਿਲ੍ਹੇ ਦਾ ਇੱਕ ਹੋਰ ਸ਼ਹਿਰ ਬਟਾਲਾ ਹੈ, ਜੋ ਜ਼ਿਲ੍ਹਾ ਹੈੱਡ ਕੁਆਟਰ ਤੋਂ 32 ਕਿਲੋਮੀਟਰ ਦੂਰ ਹੈ| ਇਸ ਸ਼ਹਿਰ ਨੂੰ ਏਸ਼ੀਆ ਦਾ ਲੋਹ ਪੰਛੀ ਵੀ ਕਿਹਾ ਜਾਂਦਾ ਹੈ। ਇਹ ਉਦਯੋਗਿਕ ਸ਼ਹਿਰ ਹੈ| ਇਸ ਸ਼ਹਿਰ ਦੀ ਸਥਾਪਨਾ 1465ਈ: ਵਿੱਚ ਕਪੂਰਥਲਾ ਦੇ ਅਜੈ ਪ੍ਰਤਾਪ ਬੱਲ ਵਲੋਂ ਕੀਤੀ ਗਈ ਦੱਸੀ ਜਾਂਦੀ ਹੈ। ਪਹਿਲਾਂ ਇਹ ਸ਼ਹਿਰ ਕਿਲ੍ਹਾਨੁਮਾ ਸੀ ਤੇ ਇਸਦੇ ਬਾਰਾਂ ਦਰਵਾਜ਼ੇ ਸਨ, ਜਿਨ੍ਹਾਂ ਵਿੱਚ ਸ਼ੇਰਾਂ ਵਾਲਾ ਗੇਟ, ਹਾਥੀ ਗੇਟ ਅਤੇ ਮੋਰੀ ਗੇਟ ਵਧੇਰੇ ਪ੍ਰਸਿੱਧ ਹਨ। ਇੱਥੇ ਹੀ 1485 ਈਸਵੀ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮੂਲ ਚੰਦ ਚੌਨਾ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਸਤਿ ਕਰਤਾਰੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਹੋਰ ਇਤਿਹਾਸਿਕ ਥਾਵਾਂ ਦੇਖਣਯੋਗ ਹਨ। ਪੰਜਾਬੀ ਦਾ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਵੀ ਇਸੇ ਸ਼ਹਿਰ ਨਾਲ ਸਬੰਧਿਤ ਸੀ, ਜਿਸ ਨੂੰ ਸੰਸਾਰ ਭਰ ਵਿੱਚ ਬਿਰਹੋਂ ਦੇ ਸ਼ਾਇਰ ਦੇ ਲਕਬ ਨਾਲ਼ ਜਾਣਿਆ ਜਾਂਦਾ| ਇਸ ਜ਼ਿਲ੍ਹੇ ਦਾ ਇੱਕ ਹੋਰ ਇਤਿਹਾਸਕ ਸ਼ਹਿਰ ਹੈ; ਡੇਰਾ ਬਾਬਾ ਨਾਨਕ। ਇੱਥੇ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਚੋਲਾ ਸਾਹਿਬ ਸੁਸ਼ੋਭਿਤ ਹਨ। ਇੱਥੇ ਹੀ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿਸਤਾਨ ਦੀ ਸਹਿਮਤੀ ਨਾਲ ਲਾਂਘਾ ਖੋਲ੍ਹਿਆ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ।

ਗੁਰਦਾਸਪੁਰ ਤੋਂ 14 ਕਿਲੋਮੀਟਰ ਦੀ ਦੂਰੀ ਤੇ ਸਥਿਤ ਇੱਕ ਹੋਰ ਇਤਿਹਾਸਿਕ ਸ਼ਹਿਰ ਦੀਨਾਨਗਰ ਹੈ ਜੋ ਸੰਨ 1730 ਈਸਵੀ ਵਿੱਚ ਸਰਕਪੁਰ ਨਿਵਾਸੀ ਗਰੀਬ ਚੰਨੂ ਅਰਾਈਂ ਦੇ ਪੁੱਤਰ ਜੋ ਮਾਲ ਮਹਿਕਮੇ ਦਾ ਪਟਵਾਰੀ ਸੀ ਤੇ ਲਿਆਕਤ ਨਾਲ ਅੱਗੇ ਵੱਧਦੇ ਹੋਏ ਪਹਿਲਾਂ ਜਲੰਧਰ ਦਾ ਨਵਾਬ ਬਣਿਆ ਤੇ ਫਿਰ ਪੰਜਾਬ ਦਾ ਸੂਬੇਦਾਰ ਹੋਇਆ, ਨੇ ਵਸਾਇਆ ਸੀ। ਇਸ ਦਾ ਅਸਲ ਨਾਂ ਬਹਰਾਮ ਜੰਗ ਸੀ ਤੇ ਅਦੀਨੇਹ (ਸ਼ੁਕਰ) ਦੇ ਦਿਨ ਇਹ ਜੰਮਿਆ ਸੀ, ਜਿਸ ਕਰਕੇ ਨਾਂ ਅਦੀਨਾਬੇਗ ਪੈ ਗਿਆ ਸੀ। ਇਸ ਦਾ ਦੇਹਾਂਤ ਸੂਲ ਰੋਗ ਨਾਲ ਹੋਇਆ| ਇਹ ਸ਼ਹਿਰ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ ਹੋਣ ਕਰਕੇ ਹੋਰ ਵੀ ਪ੍ਰਸਿੱਧ ਹੋਇਆ। ਅੱਜ ਵੀ ਦੀਨਾਨਗਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਮੌਜੂਦ ਹੈ, ਜਿਸ ਦੀ ਹਾਲਤ ਇਸ ਵੇਲੇ ਖਸਤਾ ਹੈ।

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੇ ਪੁੱਤਰ ਦੇ ਨਾਂ ‘ਤੇ ਬਿਆਸ ਦਰਿਆ ਦੇ ਕੰਢੇ ‘ਤੇ ਜ਼ਮੀਨ ਖਰੀਦ ਕੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੀ ਸਥਾਪਨਾ ਕੀਤੀ। ਇੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਛੇਵੇਂ ਗੁਰੂ ਵਲੋਂ ਰੋਹੀਲਿਆਂ ਤੇ ਮੁਗਲਾਂ ਨਾਲ ਹੋਈ ਲੜਾਈ ਦੀ ਜਿੱਤ ਉਪਰੰਤ ਥੋਹੜਾ ਸਮਾਂ ਇੱਥੇ ਆਰਾਮ ਕੀਤਾ ਸੀ ਤੇ ਇਹ ਗੁਰਦੁਆਰਾ ਸ੍ਰੀ ਹਰਗੋਬਿੰਦਪੁਰ ਦੀ ਲੜਾਈ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇੱਕ ਹੋਰ ਸ਼ਹਿਰ ਧਾਰੀਵਾਲ ਜੋ ਅਪਰਬਾਰੀ ਦੁਆਬ ਨਹਿਰ ਦੇ ਤੱਟ ‘ਤੇ ਸਥਿਤ ਹੈ। ਇਹ ਵੂਲਨ ਮਿੱਲ ਕਰਕੇ ਵਧੇਰੇ ਪ੍ਰਸਿੱਧ ਹੈ, ਜੋ ਗੁਰਦਾਸਪੁਰ ਤੋਂ 13 ਕਿਲੋਮੀਟਰ ਦੀ ਦੂਰੀ ਤੇ ਹੈ। ਕਾਦੀਆਂ ਇੱਕ ਹੋਰ ਚਰਚਿਤ ਸ਼ਹਿਰ ਹੈ, ਜਿਸ ਦੀ ਸਥਾਪਨਾ 1530 ਈਸਵੀ ਵਿੱਚ ਮਿਰਜ਼ਾ ਹਾਦੀ ਬੇਗ ਨੇ ਕੀਤੀ। 1889 ਈ: ਵਿੱਚ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਮਾਨ ਸਮੁਦਾਏ ਦੀ ਸਥਾਪਨਾ ਇੱਥੇ ਹੀ ਕੀਤੀ ਸੀ।

ਫਤਹਿਗੜ੍ਹ ਚੂੜੀਆਂ ਵੀ ਇੱਕ ਵਿਲੱਖਣ ਦਿੱਖ ਵਾਲਾ ਸ਼ਹਿਰ ਹੈ, ਜੋ 14ਵੀਂ ਸਦੀ ਵਿੱਚ ਬੰਦੇਸ਼ਾਂ ਜੱਟਾਂ ਦੇ ਪ੍ਰਭਾਵ ਵਾਲਾ ਖੇਤਰ ਰਿਹਾ ਹੈ। ਇਸ ਸ਼ਹਿਰ ਵਿੱਚ ਪਹਿਲਾਂ ਹੀ ਚੂੜੀਆਂ ਵਾਲਾ ਨਾਂ ਦਾ ਪਿੰਡ ਸੀ ਤੇ ਚੂੜੀ ਦੇ ਵਪਾਰੀ ਦੂਰੋਂ-ਦੂਰੋਂ ਇੱਥੇ ਮਾਲ ਵੇਚਣ ਆਇਆ ਕਰਦੇ ਸਨ। ਗਗਰਾਂ ਵਾਲਾ ਮੰਦਿਰ ਇਸ ਸ਼ਹਿਰ ਦੀ ਖਿੱਚ ਦਾ ਮੁੱਖ ਕੇਂਦਰ ਹੈ। ਸ਼ਹਿਰ ਦੋਰਾਂਗਲਾ, ਗੁਰਦਾਸਪੁਰ ਤੋਂ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਮੁਗਲ ਕਾਲ ਦੇ ਇੱਕ ਮੁਸਲਿਮ ਨੇਤਾ ਦੌਰੰਗ ਖਾਨ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਦੋਰਾਂਗਲਾ ਪਿਆ। ਇਸ ਸ਼ਹਿਰ ਦਾ ਵਿਕਾਸ ਅਕਬਰ ਦੇ ਰਾਜ ਕਾਲ ਦੌਰਾਨ ਇਸ ਨੇਤਾ ਨੇ ਹੀ ਕਰਵਾਇਆ ਸੀ। ਗੁਰਦਾਸ ਨੰਗਲ ਇੱਕ ਇਤਿਹਾਸਕ ਨਗਰ ਹੈ, ਇੱਥੇ ਸਿੱਖ ਧਰਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਨ 1715 ਈਸਵੀ ਵਿੱਚ ਮੁਗਲਾਂ ਵਿਰੁੱਧ ਬਹੁਤ ਬਹਾਦਰੀ ਨਾਲ ਜੰਗ ਲੜੀ ਤੇ ਮੁਗਲਾਂ ਨੇ ਉਨ੍ਹਾਂ ਨੂੰ ਇੱਥੋਂ ਹੀ ਬੰਦੀ ਬਣਾ ਕੇ ਸੈਨਿਕਾਂ ਸਮੇਤ ਦਿੱਲੀ ਲਿਜਾ ਕੇ ਤਸੀਹੇ ਦੇ ਕੇ ਸੰਨ 1716 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਸੀ। ਇੱਥੇ ਉਨ੍ਹਾਂ ਦੀ ਯਾਦ ਵਿੱਚ ਇੱਕ ਆਲੀਸ਼ਾਨ ਗੁਰਦੁਆਰਾ ਸੁਸ਼ੋਭਿਤ ਹੈ। ਸ਼੍ਰੋਮਣੀ ਭਗਤ ਨਾਮਦੇਵ ਜੀ ਨਾਲ ਸਬੰਧਿਤ ਸਥਾਨ ਘੁੰਮਣ ਵਿਖੇ ਸਥਿਤ ਹੈ, ਇੱਥੇ ਉਨ੍ਹਾਂ ਨੇ 17 ਸਾਲ ਭਗਤੀ ਕੀਤੀ ਸੀ। ਕਾਹਨੂੰਵਾਨ ਵੀ ਸਿੱਖ ਇਤਿਹਾਸ ਵਿਚੋਂ ਛੋਟੇ ਘੱਲੂਘਾਰੇ ਨਾਲ ਸਬੰਧਿਤ ਸਥਾਨ ਹੈ। ਇੱਥੇ ਯਹੀਆ ਖਾਨ ਦੇ ਕਾਰਜਕਾਲ ਦੌਰਾਨ ਅਪ੍ਰੈਲ ਤੋਂ ਜੂਨ 1746 ਈਸਵੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਵਿੱਚ 7000 ਸਿੱਖ ਸ਼ਹੀਦ ਹੋਏ ਤੇ 3000 ਸਿੱਖਾਂ ਨੂੰ ਬੰਦੀ ਬਣਾ ਕੇ ਲਾਹੌਰ ਲਿਜਾ ਕੇ ਸ਼ਹੀਦ ਕੀਤਾ ਗਿਆ ਸੀ। ਇੱਕ ਹੋਰ ਸਥਾਨ ਧਿਆਨਪੁਰ ਹੈ, ਇੱਥੇ ਰਾਮਾਨੰਦੀ ਸੰਪਰਦਾ ਦੇ ਸੰਤ ਬਾਵਾ ਲਾਲ ਦਿਆਲ ਜੀ ਦੀ ਗੱਦੀ ਹੈ ਤੇ ਇੱਥੇ ਹੀ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਮਾਧਾਂ ਹਨ।  23 ਜਨਵਰੀ ਨੂੰ ਇੱਥੇ ਇਨ੍ਹਾਂ ਦੇ ਜਨਮ ਦਿਹਾੜੇ ਤੇ ਭਾਰੀ ਮੇਲਾ ਲੱਗਦਾ ਹੈ। ਉੱਘੇ ਲੇਖਕ ਸ੍ਰੀ ਭੂਸ਼ਨ ਧਿਆਨਪੁਰੀ ਵੀ ਇਸ ਪਿੰਡ ਦੇ ਵਸਨੀਕ ਸਨ|

ਆਓ ਹੁਣ ਤੀਸਰੇ ਤੇ ਅੰਤਿਮ ਪੜਾਅ ਵੱਲ ਵੱਧਦੇ ਹਾਂ। ਪਿੰਡ ਸਾਹੋਵਾਲ ਚਿਰਕਾਲ ਤੋਂ ਕਸਬਾ ਨੁਮਾ ਪਿੰਡ ਰਿਹਾ ਹੈ। ਇਸ ਪਿੰਡ ਦੇ ਆਲ਼ੇ-ਦੁਆਲ਼ੇ ਸਥਿਤ ਬਹੁਤ ਸਾਰੇ ਪਿੰਡਾਂ ਲਈ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਵਸਤਾਂ ਦੀ ਖਰੀਦੋ-ਫਰੋਖ਼ਤ ਦਾ ਕੇਂਦਰ ਰਿਹਾ ਹੈ। ਇਸ ਲਈ ਪਿੰਡ ਸਾਹੋਵਾਲ ਦੀ ਗੱਲ ਕਰਨ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਬਾਰੇ ਵੀ ਪੰਛੀ ਝਾਤ ਪਾਉਣੀ ਜ਼ਰੂਰੀ ਬਣ ਜਾਂਦੀ ਹੈ। ਇਸ ਪਿੰਡ ਦੇ ਦੁਆਲੇ ਥੋਹੜੀ-ਥੋਹੜੀ ਦੂਰੀ ‘ਤੇ ਵਸੇ ਪਿੰਡਾਂ ਵਿੱਚ ਸੀਹੋਵਾਲ, ਨੰਦਪੁਰ, ਭਾਬੜਾ, ਦਾਖਲਾ, ਰਸੂਲਪੁਰ ਗਰੋਟੀਆਂ, ਸਿਰਕੀਆਂ, ਨਾਰਦਾਂ, ਮੋਖੇ ਤੇ ਨਾਨੋਨੰਗਲ ਸ਼ਾਮਲ ਹਨ। ਸਾਲ 2011 ਦੀ ਜਨਗਣਨਾ ਅਨੁਸਾਰ ਪਿੰਡ ਸੀਹੋਵਾਲ ਵਿੱਚ ਕੁੱਲ 83 ਘਰ ਤੇ ਪਿੰਡ ਦਾ ਰਕਬਾ 89 ਹੈਕਟੇਅਰ ਸੀ। ਇਸੇ ਤਰ੍ਹਾਂ ਪਿੰਡ ਨੰਦਪੁਰ ਵਿੱਚ ਕੁੱਲ 75 ਘਰ ਤੇ ਰਕਬਾ 42 ਹੈਕਟੇਅਰ ਸੀ। ਇਸੇ ਤਰ੍ਹਾਂ ਪਿੰਡ ਭਾਬੜੇ ਦਾ ਰਕਬਾ 116 ਹੈਕਟੇਅਰ ਤੇ ਘਰ 109, ਪਿੰਡ ਦਾਖਲੇ ਦਾ ਰਕਬਾ 191 ਹੈਕਅੇਅਰ ਤੇ ਘਰ 92, ਰਸੂਲਪੁਰ ਗਰੋਟੀਆਂ ਦਾ ਰਕਬਾ 106 ਹੈਕਟੇਅਰ ਤੇ ਘਰ 173, ਪਿੰਡ ਨਾਰਦ ਦਾ ਰਕਬਾ 143 ਹੈਕਟੇਅਰ ਤੇ 180 ਘਰ, ਮੋਖੇ ਦਾ ਰਕਬਾ 125 ਹੈਕਟੇਅਰ ਤੇ ਘਰ 146, ਪਿੰਡ ਨਾਨੋ ਨੰਗਲ ਦਾ ਰਕਬਾ 69 ਹੈਕਟੇਅਰ ਤੇ ਘਰ 64 ਅਤੇ ਪਿੰਡ ਸਿਰਕੀਆਂ ਦਾ ਰਕਬਾ 89 ਹੈਕਟੇਅਰ ਤੇ ਘਰ 79 ਹਨ। ਇਸ ਪਿੰਡ ਦੇ ਬਾਹਰਵਾਰ ਮਹੰਤ ਘਨਈਆ ਸ਼ਾਹ ਦਾ ਅੰਬਾਂ ਦਾ ਵੱਡਾ ਬਾਗ ਅਤੇ ਬਾਗ ਵਿੱਚ ਹੀ ਟਿੰਡਾਂ ਵਾਲਾ ਖੂਹ ਹੁੰਦਾ ਸੀ, ਜਿੱਥੋਂ ਯਾਤਰੀ ਆਉਂਦੇ ਜਾਂਦੇ ਪਾਣੀ ਪੀ ਕੇ ਆਰਾਮ ਕਰਦੇ ਸਨ, ਪਰ ਹੁਣ ਇਹ ਬਾਗ ਵੀ ਲਗਭਗ ਖਤਮ ਹੋ ਚੁੱਕਾ ਹੈ। ਇਸ ਦੇ ਨੇੜਿਓ ਵਗਦੀ ਪੁਰਾਣੀ ਨਹਿਰ ਵੀ ਸੁੱਕ ਕੇ ਇੱਕ ਸੰਕੇਤ ਹੀ ਰਹਿ ਗਈ ਹੈ, ਜਿਸਨੂੰ ਨਿਕਾਸੀ ਕਿਹਾ ਜਾਂਦਾ ਸੀ।

ਉਕਤ ਤੋਂ ਇਲਾਵਾ ਦੋ ਹੋਰ ਵੱਡੇ ਪਿੰਡ ਨੇੜੇ ਹੀ ਲੱਗਦੇ ਹਨ। ਇੱਕ ਪਨਿਆੜ ਜੋ ਇਲਾਕੇ ਦਾ ਸਭ ਤੋਂ ਉੱਚਾ ਪਿੰਡ ਹੈ ਅਤੇ ਪੰਜਾਬੀ ਨਾਟਕ ਦੀ ਇਕਾਂਗੀ ਵਿਧਾ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਦਾ ਪਿੰਡ ਹੈ। ਇਸ ਪਿੰਡ ਦੇ ਨਾਂ ਤੇ ਹੀ ਏਰੀਏ ਦੀ ਸਭ ਤੋਂ ਵੱਡੀ ਸ਼ੂਗਰ ਮਿੱਲ ਸਥਿਤ ਹੈ। ਅਗਲਾ ਪਿੰਡ ਪੰਡੋਰੀ ਧਾਮ, ਜੋ ਪਿਛਲੇ  500 ਸਾਲਾਂ ਤੋਂ ਵੀ ਪੁਰਾਣਾ ਹੈ ਅਤੇ ਵੈਸ਼ਣਵ ਮੱਤ ਦਾ ਇਲਾਕੇ ਦਾ ਸਭ ਤੋਂ ਵੱਡਾ ਪ੍ਰਚਾਰ ਕੇਂਦਰ ਹੈ। ਕਈ ਸਦੀਆਂ ਤੋਂ ਦੇਸ਼ਾਂ ਤੇ ਵਿਦੇਸ਼ਾਂ ਵਿਚੋਂ ਯਾਤਰੀ ਇੱਥੇ ਆਉਂਦੇ ਰਹੇ ਹਨ ਤੇ ਹੁਣ ਵੀ ਇੱਥੇ ਆਉਣ ਵਾਲੇ ਯਾਤਰੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇੱਥੇ ਮੰਦਿਰ ਦੀ ਸਥਾਪਨਾ ਮਹੰਤ ਭਗਵਾਨ ਦਾਸ ਜੀ ਨੇ ਕਰਵਾਈ ਸੀ ਅਤੇ ਇਸ ਨੂੰ ਭਗਵਾਨ ਨਰਾਇਣ ਦਾ ਦੁਆਰ ਕਿਹਾ ਜਾਂਦਾ ਹੈ।

ਪਿੰਡ ਸਾਹੋਵਾਲ ਜਿੱਥੇ ਆਲੇ-ਦੁਆਲੇ ਦੇ ਪਿੰਡਾਂ ਲਈ ਰੋਜ਼ਮਰਾ ਦੇ ਸਮਾਨ ਦੀ ਖਰੀਦੋ-ਫਰੋਖ਼ਤ ਦਾ ਕੇਂਦਰ ਰਿਹਾ ਹੈ, ਉੱਥੇ ਦੇਸ਼-ਵਿਦੇਸ਼ ਤੋਂ ਵੈਸ਼ਣਵ ਮੱਤ ਦੇ ਪੰਡੋਰੀ ਧਾਮ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਅਤੇ ਰਾਹੀਆਂ ਦਾ ਰਾਹ ਵੀ ਰਿਹਾ ਹੈ। ਇਸ ਪਿੰਡ ਦੀ ਸਥਾਪਨਾ ਕਦੋਂ ਹੋਈ, ਇਸ ਬਾਰੇ ਯਕੀਨ ਨਾਲ ਤਾਂ ਕੁੱਝ ਨਹੀਂ ਕਿਹਾ ਜਾ ਸਕਦਾ। ਉਂਝ ਇਸ ਪਿੰਡ ਦੀ ਉਮਰ ਵੀ ਪੰਡੋਰੀ ਧਾਮ ਦੀ ਉਮਰ ਜਿੰਨੀ ਹੀ ਮੰਨ ਲੈਣੀ ਕੁਥਾਂ ਨਹੀਂ ਹੋਵੇਗੀ। ਸ਼ੁਰੂ ਵਿੱਚ ਇਹ ਇਲਾਕਾ ਜੰਗਲ ਬੇਲੇ ਵਾਲਾ ਸੀ। ਦੀਨਾਨਗਰ ਤੇ ਗੁਰਦਾਸਪੁਰ ਤੋਂ ਪੰਡੋਰੀ ਧਾਮ ਨੂੰ ਜਾਣ ਵਾਲਾ ਇੱਥੋਂ ਇੱਕ ਕੱਚਾ ਰਸਤਾ ਹੁੰਦਾ ਸੀ ਤੇ ਇੱਥੇ ਇੱਕ ਪੁਰਾਣਾ ਖੂਹ ਹੁੰਦਾ ਸੀ, ਜਿੱਥੋਂ ਯਾਤਰੀ ਪਾਣੀ ਪੀ ਕੇ ਘੜੀ ਪਲ ਸਾਹ/ ਦਮ ਲੈਣ ਲਈ ਰੁਕ ਕੇ ਫਿਰ ਮੰਜ਼ਲ ਵੱਲ ਵੱਧਦੇ ਰਹੇ ਹਨ। ਹੌਲੀ-ਹੌਲੀ ਇਹ ਸਾਹ ਲੈਣ ਵਾਲੇ ਖੂਹ ਦੀ ਅੱਲ ਪੱਕਦੀ ਗਈ ਤੇ ਪਹਿਲਾ ਸਾਹ ਵਾਲਾ ਖੂਹ ਤੇ ਮੁੜ ਹੌਲੀ-ਹੌਲੀ ਇਸ ਜਗ੍ਹਾ ਦਾ ਨਾਂ ਸਾਹੋਵਾਲ ਪ੍ਰਸਿੱਧ ਹੋ ਗਿਆ। ਇਸ ਜਗ੍ਹਾ ਦੇ ਨੇੜੇ ਹੀ ਇੱਕ ਜੰਗਲ ਵਿੱਚ ਸੰਤ ਬਾਬਾ ਰਾਮ ਸਿੰਘ ਸੋਢੀ ਤਪ ਕਰਿਆ ਕਰਦੇ ਸਨ। ਇੱਕ ਵਾਰ (1825-1830 ਦੇ ਦੌਰਾਨ) ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰਾਂ ਨਾਲ ਇਸ ਇਲਾਕੇ ਚੋਂ ਵਿਚਰੇ ਤਾਂ ਇਸ ਤਪੱਸਵੀ ਕੋਲ ਕੁੱਝ ਸਮਾਂ ਠਹਿਰੇ ਤੇ ਪਰਖ ਵਜੋਂ ਆਪਣੇ ਸਿਪਾਹੀਆਂ ਤੇ ਘੋੜਿਆਂ ਲਈ ਰਾਸ਼ਨ ਪਾਣੀ ਦਾ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ। ਕਰਨੀ ਵਾਲੇ ਸੰਤ ਬਾਬਾ ਰਾਮ ਸਿੰਘ ਸੋਢੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਪੂਰਤੀ ਕਰ ਦਿੱਤੀ। ਉਹ ਬੜਾ ਪ੍ਰਸੰਨ ਹੋਇਆ ਤੇ ਨੇੜੇ ਦੀ ਕੁੱਝ ਜਾਗੀਰ ਇਸ ਤਪੱਸਵੀ ਦੇ ਨਾਂ ਕਰ ਦਿੱਤੀ। ਇਸ ਤਪੋ ਅਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਨੇ ਖੁਦ ਛੋਟੀ ਇੱਟ ਦੀ ਚਿਣਵਾਈ ਕਰਵਾ ਕੇ ਗੁਰਦੁਆਰੇ ਦੀ ਉਸਾਰੀ ਕਰਵਾਈ। ਇਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਵਿੱਚ ਸਮੇਂ-ਸਮੇਂ ‘ਤੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜ਼ਿੰਮੇਵਾਰੀ ਨਿਭਾਈ ਹੈ, ਜਿਨ੍ਹਾਂ ਵਿੱਚ ਬੀਬੀ ਅਮਰਤੀ ਬੇਦੀ ਜੀ ਸੁਪਤਨੀ ਸ੍ਰ. ਗੁਰਦਿੱਤ ਸਿੰਘ ਬੇਦੀ, ਸ੍ਰੀ ਮਿਹਰ ਸਿੰਘ ਜੀ, ਸ੍ਰ. ਪੂਰਨ ਸਿੰਘ ਜੀ ਤੇ ਹੁਣ ਸਾਲ 2001 ਤੋਂ ਭਾਈ ਮੰਗਲ ਸਿੰਘ ਜੀ ਇਸ ਜਗ੍ਹਾ ਦੀ ਸੇਵਾ ਸੰਭਾਲ ਕਰ ਰਹੇ ਹਨ। ਇਨ੍ਹਾਂ ਵਲੋਂ ਗੁਰਦੁਆਰੇ ਦੇ ਬਾਹਰਲੇ ਪਾਸੇ ਨੂੰ ਲੈਂਟਰ ਪਾ ਕੇ ਸੰਗਤਾਂ ਦੇ ਬੈਠਣ ਲਈ ਹਾਲ ਤੇ ਨਾਲ ਹੀ ਲੰਗਰ ਹਾਲ ਦੀ ਇਮਾਰਤ ਤੇ ਪਖਾਨਿਆਂ ਦੀ ਉਸਾਰੀ ਦੇ ਪ੍ਰਬੰਧ ਕਰਕੇ ਆਪਣੀ ਸੱਚੀ ਸ਼ਰਧਾ ਭਾਵਨਾ ਦਾ ਸਬੂਤ ਬਾਖੂਬੀ ਦਿੱਤਾ ਹੈ ਤੇ ਨਿਰੰਤਰ ਸੇਵਾ ਕਰ ਰਹੇ ਹਨ। ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

ਪਿੰਡ ਦੇ ਨਾਂ ਬਾਰੇ ਉਕਤ ਕਥਾ ਦੇ ਨਾਲ ਹੀ ਮੇਲ ਖਾਂਦੀ ਇੱਕ ਹੋਰ ਦੰਦ ਕਥਾ ਪ੍ਰਚੱਲਿਤ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਘੋੜਿਆਂ ਤੇ ਸਿਪਾਹੀਆਂ ਦੇ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਸੰਤ ਬਾਬਾ ਰਾਮ ਸਿੰਘ ਸੋਢੀ ਨੇ ਤੇ ਹੋਰ  ਬਹੁਤ ਸਾਰੇ ਲੋਕਾਂ ਨੇ ਜਦੋਂ ਇਸ ਤਪੱਸਵੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਇਸ ਕੰਮ ਵਿੱਚ ਸਹਿਯੋਗ ਦਿੱਤਾ ਤਾਂ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁਖਾਰਬਿੰਦ ਵਿਚੋਂ ਸਹਿਜ ਸੁਭਾਅ ਨਿਕਲਿਆ ਕਿ ਇਸ ਪਿੰਡ ਦੇ ਲੋਕ ਸਾਊ ਬਾਹਲੇ ਹਨ| ਇਸ ਸ਼ਬਦ ਦਾ ਰੂਪ ਬਦਲਦਾ-ਬਦਲਦਾ ਪਹਿਲਾਂ ਸਾਊ ਬਾਹਲੇ ਤੇ ਫਿਰ ਸਾਹੋਵਾਲ ਹੋ ਗਿਆ।

ਇੱਕ ਹੋਰ ਲੋਕ ਰਾਏ ਵੀ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੇ ਮੋੜ-ਘੋੜ/ ਵਲ਼ਾਂ ਵਿਚੋਂ ਲੰਘ ਕੇ ਆਉਣਾ ਪੈਂਦਾ ਸੀ। ਇਸ ਤਰ੍ਹਾਂ ਸੌ ਵੱਲ ਦੀ ਅੱਲ ਵੀ ਪ੍ਰਚੱਲਿਤ ਹੋ ਗਈ ਜੋ ਬਾਅਦ ਵਿੱਚ ਹੌਲੀ ਹੌਲੀ ਸਾਹੋਵਾਲ ਨਾਂ ਵਿੱਚ ਤਬਦੀਲ ਹੋ ਗਈ। ਸੋ ਕਹਿਣ ਦਾ ਭਾਵ ਹੈ ਕਿ ਕਈ ਲੋਕ ਰਾਵਾਂ ਪ੍ਰਚੱਲਿਤ ਹਨ, ਪਰ ਇਸ ਜਗ੍ਹਾ ਦਾ ਨਾਂ ਸਾਹੋਵਾਲ ਕਿਵੇਂ ਪਿਆ, ਬਾਰੇ ਕੋਈ ਪ੍ਰਮਾਣਿਕ ਸਬੂਤ ਨਹੀਂ ਹਨ। ਉਮਰ ਦੇ 96ਵੇਂ ਸਾਲ ਵਿੱਚ ਪੁੱਜੇ ਇੱਕ ਬਜ਼ੁਰਗ ਸ੍ਰੀ ਮੁਨੀ ਲਾਲ ਪੁੱਤਰ ਸ੍ਰੀ ਸੰਤ ਰਾਮ ਪੁੱਤਰ ਬਲੀਰਾਮ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਉਹ ਤੇ ਉਨ੍ਹਾਂ ਦੇ ਪੁਰਖੇ ਦੇਸ਼ ਦੀ ਵੰਡ ਤੋਂ ਬਾਅਦ ਪਿੰਡ ਰੈਬੇ ਤਹਿਸੀਲ ਸ਼ਕਰਗੜ੍ਹ ਪਾਕਿਸਤਾਨ ਤੋਂ ਹਿਜ਼ਰਤ ਕਰਕੇ ਵਸੇ ਸਨ ਤੇ ਹਲ਼ ਵਾਹੀ ਦਾ ਕੰਮ ਕਰਦੇ ਰਹੇ ਹਨ। ਇਸ ਇਲਾਕੇ ਵਿੱਚ ਕਮਾਦ, ਮਸਰ ਤੇ ਮੱਕੀ ਵਧੇਰੇ ਹੁੰਦੀ ਸੀ। ਸਾਰੇ ਲੋਕ ਭਾਈਚਾਰਕ ਸਾਂਝ ਕਾਇਮ ਰੱਖਦੇ ਬੜਾ ਸਾਦਾ ਜੀਵਨ ਜਿਊਂਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪਿੰਡ ਦੇ ਬਾਹਰ ਵਾਰ ਪੀਰ ਬਾਬਾ ਹਾਕੂਸ਼ਾਹ ਦੀ ਜਗ੍ਹਾ ਹੈ, ਜਿੱਥੇ ਲੋਕ ਸਰੀਰ ਤੇ ਮੋਹਕੇ ਆਦਿ ਹੋਣ ‘ਤੇ ਉਨ੍ਹਾਂ ਦੇ ਹਟਣ ਦੀ ਸੁੱਖ ਸੁੱਖਦੇ ਹਨ ਤੇ ਪੂਰੀ ਹੋਣ ਉਪਰੰਤ ਝਾੜੂ ਤੇ ਲੂਣ ਚੜ੍ਹਾਉਂਦੇ ਸਨ। ਇਹ ਵਰਤਾਰਾ ਅੱਜ ਵੀ ਕਾਇਮ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਾਬੂ ਅਜੀਤ ਸਿੰਘ ਫੌਜ ਵਿਚੋਂ ਉੱਚ ਅਹੁਦੇ ਤੋਂ ਸੇਵਾ ਨਿਵਿਰਤ ਹੋ ਕੇ ਇਸ ਪਿੰਡ ਵਿੱਚ ਆ ਕੇ ਵਸੇ ਸਨ। ਉਹ ਬੜੇ ਨੇਕ ਦਿਲ ਅਤੇ ਇਨਸਾਫ ਪਸੰਦ ਵਿਅਕਤੀ ਸਨ ਤੇ ਪਿੰਡ ਦੇ ਸਾਰੇ ਝਗੜਿਆਂ ਦੇ ਫੈਸਲੇ ਆਪਣੇ ਘਰ ਹੀ ਪਰਿਆ ਲਾ ਕੇ ਕਰਿਆ ਕਰਦੇ ਸਨ। ਪਿੰਡ ਦਾ ਕਦੇ ਕੋਈ ਮਾਮਲਾ ਪੁਲਿਸ ਕੋਲ ਨਹੀਂ ਸੀ ਜਾਂਦਾ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਸੰਤ ਰਾਮ ਜੀ ਵੀ ਝਗੜਿਆਂ ਦੇ ਨਿਪਟਾਰੇ ਸਬੰਧੀ ਇਕੱਤਰ ਹੁੰਦੀਆਂ ਰਹੀਆਂ ਪੰਚਾਇਤਾਂ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ ਤੇ ਕਦੇ ਵੀ ਪੱਖਪਾਤ ਨਹੀਂ ਸਨ ਕਰਦੇ।

ਇੱਕ ਹੋਰ ਬੜੀ ਮਸਤ ਮੌਲੀ ਤੇ ਸੂਝਵਾਨ ਸ਼ਖਸੀਅਤ ਜਾਨਕੀ ਦਾਸ, ਜਿਸ ਨੂੰ ਪਿੰਡ ਤੋਂ ਬਾਹਰ ਸਥਿਤ ਪੀਰ ਬਾਬਾ ਭੂਰੀ ਸ਼ਾਹ ਦੀ ਜਗ੍ਹਾ ਦੀ ਸੇਵਾ ਕਰਨ ਕਰਕੇ ਬਾਬਾ ਲਕਬ ਨਾਲ ਵਧੇਰੇ ਜਾਣਿਆ ਹੈ, ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਇਸ ਪਿੰਡ ਵਿੱਚ ਵੱਖ-ਵੱਖ ਮਜ਼ਬਾਂ ਦੇ ਲੋਕ ਰਹਿਣ ਦੇ ਬਾਵਜੂਦ ਚਿਰ ਕਾਲ ਤੋਂ ਬੜੇ ਭਰਾਤਰੀ ਭਾਵ ਨਾਲ ਰਹਿੰਦੇ ਆ ਰਹੇ ਹਨ ਤੇ ਸੰਨ 1979 ਤੋਂ ਇਸ ਪਿੰਡ ਵਿੱਚ ਰਾਮਲੀਲਾ ਦਾ ਆਯੋਜਨ ਉਹ ਖੁਦ ਕਰਵਾਉਂਦੇ ਰਹੇ ਹਨ, ਜਿਸ ਵਿੱਚ ਇਸ ਪਿੰਡ ਦੇ ਹੀ ਹਾਸਰਸ ਕਲਾਕਾਰ ਬਲਵਿੰਦਰ ਸਿੰਘ ਭੱਟੀ, ਗਾਇਕ ਸ੍ਰ. ਅਮਰ ਸਿੰਘ ਸੋਢੀ, ਸ੍ਰੀ ਕੁੰਦਨ ਲਾਲ ਕਲੋਤਰਾ, ਸ੍ਰੀ ਅਨਿਲ ਕੁਮਾਰ, ਸ੍ਰੀ ਚੂੰਨੀ ਲਾਲ ਪਰਜਾਪਤ ਤੇ ਅਵਤਾਰ ਸਿੰਘ ਪੱਪੂ ਆਪਣੀ ਕਲਾ ਨਾਲ ਖੂਬ ਰੰਗ ਬੰਨ੍ਹਦੇ ਰਹੇ ਹਨ। ਜਾਨਕੀ ਦਾਸ ਜੀ ਇੱਕ ਚੰਗੇ ਮੁਰਲੀ ਵਾਦਕ ਹਨ ਤੇ ਜਦੋਂ ਉਹ ਅਜੇ ਕਿਸ਼ੋਰ ਅਵਸਥਾ ਵਿੱਚ ਹੁੰਦੇ ਸਨ ਤਾਂ ਪਿੰਡ ਵਿੱਚ ਇਕ ਵਾਰ ਰਾਮਾਨੰਦ ਸਾਗਰ (ਜਿਸ ਦੀ ਪਿੰਡ ਵਿੱਚ ਰਿਸ਼ਤੇਦਾਰੀ ਸੀ) ਆਏ ਅਤੇ ਉਨ੍ਹਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਉਸਨੇ ਉਨ੍ਹਾਂ ਤੋਂ ਮੁਰਲੀ ਦੀ ਧੁਨ ਸੁਣ ਕੇ, ਉਸਦੇ ਪਿਤਾ ਨੂੰ ਆਖਿਆ ਕਿ ਇਹ ਬੱਚਾ ਮੈਨੂੰ ਦੇ ਦਿਉ। ਮੈਂ ਇਸ ਨੂੰ ਫਿਲਮ ਜਗਤ ਵਿੱਚ ਲੈ ਕੇ ਜਾਵਾਂਗਾ, ਪਰ ਉਸ ਵਕਤ ਇਨ੍ਹਾਂ ਦੇ ਪਿਤਾ ਜੀ ਨਾ ਮੰਨੇ। ਬਾਬਾ ਜਾਨਕੀ ਦਾਸ ਜੀ ਨੂੰ ਅੱਜ 86ਵੇਂ ਵਰ੍ਹੇ ਵਿੱਚ ਪੈਰ ਧਰਦਿਆਂ ਵੀ ਇਸ ਗੱਲ ਦਾ ਮਲਾਲ ਹੈ। ਉਸਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ ਉਸਦਾ ਜੀਵਨ ਕੁੱਝ ਹੋਰ ਹੋਣਾ ਸੀ।

ਰਾਮਾਨੰਦ ਸਾਗਰ ਵਲੋਂ ਉਸ ਵਕਤ ਕੈਮਰੇ ਨਾਲ ਉਸਦੀ ਖਿੱਚੀ ਤਸਵੀਰ ਅੱਜ ਵੀ ਬਾਬਾ ਜਾਨਕੀ ਦਾਸ ਜੀ ਸੰਭਾਲੀ ਬੈਠੇ ਹਨ। ਪਿੰਡ ਸਾਹੋਵਾਲ ਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਲਈ ਸਿੱਖਿਆ ਦਾ ਜਿੰਮਾ ਪਹਿਲਾਂ ਸ੍ਰੀ  ਚੂਨੀ ਲਾਲ ਗੁਪਤਾ, ਸ੍ਰੀ ਰਜਿੰਦਰ ਸਿੰਘ ਬੇਦੀ ਤੇ ਸ੍ਰੀ ਮਿਹਰ ਚੰਦ ਜੀ ਵਲੋ ਬਾਖੂਬੀ ਨਿਭਾਇਆ ਜਾਂਦਾ ਰਿਹਾ ਹੈ। ਫਿਰ ਇਸ ਜ਼ਿੰਮੇਵਾਰੀ ਦਾ ਭਾਰ ਸ੍ਰੀ ਰਮੇਸ਼ ਕੁਮਾਰ ਸ਼ਰਮਾ, ਸ੍ਰੀ ਮਹਾਰਾਜ ਕ੍ਰਿਸ਼ਨ ਤੇ ਸ੍ਰੀ ਗੁਰਸ਼ਰਨ ਕੁਮਾਰ ਗੁਪਤਾ ਵਲੋ ਸੰਭਾਲਿਆ ਗਿਆ। ਅੱਜ ਕੱਲ੍ਹ ਇਹ ਸ੍ਰੀ ਸੁਖਵਿੰਦਰ ਲਾਲ ਅਤੇ ਉਨ੍ਹਾਂ ਦੀ ਸੁਪਤਨੀ ਰਜਨੀ ਬਾਲਾ ਵੀ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਦੇ ਰਹੇ ਹਨ। ਇਹ ਸਾਰੀਆਂ ਸ਼ਖਸੀਅਤਾਂ ਪਿੰਡ ਸਾਹੋਵਾਲ ਦੀਆਂ ਹੀ ਵਸਨੀਕ ਰਹਿ ਚੁੱਕੀਆਂ/ ਰਹਿ ਰਹੀਆਂ ਹਨ| ਇਸ ਪਿੰਡ ਵਿੱਚ  ਸਰਕਾਰੀ ਪ੍ਰਾਇਮਰੀ ਸਕੂਲ, ਚੌਧਰੀ ਰਾਮ ਸਿੰਘ ਦੱਤ ਸਰਕਾਰੀ ਹਾਈ ਸਕੂਲ ਤੇ ਦੋ ਨਿੱਜੀ ਸਕੂਲ ਪੰਕਜ ਮਾਡਲ ਸਕੂਲ ਤੇ ਨਾਈਸ ਮਾਡਲ ਸਕੂਲ ਹਨ, ਜਿਹੜੇ  ਕ੍ਰਮਵਾਰ ਸ੍ਰੀ ਯੋਗੇਸ਼ ਕੁਮਾਰ ਸ਼ਰਮਾ ਤੇ ਸ੍ਰੀ ਰੁਪਿੰਦਰ ਸਿੰਘ ਉਰਫ ਰਾਜਾ ਵਲੋ ਸੰਚਾਲਿਤ ਕੀਤੇ ਜਾ ਰਹੇ ਹਨ।

ਇਥੇ ਮੈਂ ਪਿੰਡ ਨਿਵਾਸੀ ਤੇ ਪੰਜਾਬੀ ਦੇ ਅਧਿਆਪਕ ਸ੍ਰੀ  ਮਿਹਰ ਚੰਦ  ਜੀ ਜੋ ਕਿ ਅਰਬੀ, ਫਾਰਸੀ, ਹਿੰਦੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ, ਛੇ ਭਾਸ਼ਾਵਾਂ ਦੇ ਗਿਆਤਾ ਸਨ ਤੇ ਧਾਰਮਿਕ ਬਿਰਤੀ ਵਾਲੇ ਸਨ, ਬਾਰੇ ਪਾਠਕਾਂ ਨਾਲ ਇੱਕ ਗੱਲ ਜਰੂਰੀ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਨੇ ਬੜਾ ਔਖਾ ਸਮਾਂ ਵੇਖਿਆ ਸੀ। ਜਦੋਂ ਇਹਨਾਂ ਨੇ ਜੇ.ਬੀ.ਟੀ. ਦੀ ਪੜ੍ਹਾਈ ਲਈ ਦਾਖਲਾ ਲੈਣਾ ਸੀ ਤਾਂ ਉਹਨਾਂ ਦੇ ਹੀ ਦੱਸਣ ਮੁਤਾਬਿਕ ਉਹਨਾਂ ਦੇ ਮਾਤਾ ਜੀ ਨੇ ਆਪਣੀ ਚੁੰਨੀ ਨਾਲੋ ਲੱਗਾ ਸੁੱਚਾ ਗੋਟਾ ਲਾਹ ਕੇ ਬਾਜ਼ਾਰ ਵਿੱਚ ਵੇਚ ਕੇ ਫੀਸ ਭਰੀ ਸੀ। ਫਿਰ ਇਨ੍ਹਾਂ ਗਿਆਨੀ ਦੀ ਪੜ੍ਹਾਈ ਵੀ ਕੀਤੀ ਤੇ ਨੌਕਰੀ ਦੌਰਾਨ ਡਾਕਖਾਨੇ ਦਾ ਕੰਮ ਵੀ ਬਾਖੂਬੀ ਚਲਾਉਂਦੇ ਰਹੇ ਹਨ। ਮੈਨੂੰ ਇਹਨਾਂ ਦੀ ਲੰਬਾ ਸਮਾਂ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਹੈ।

ਪਿੰਡ ਵਿੱਚ ਸ਼ਿਵ ਮੰਦਿਰ ਤੇ ਸ੍ਰੀ ਗੁਰੂ ਰਵੀਦਾਸ ਜੀ ਦਾ ਮੰਦਿਰ ਵੀ ਪਿੰਡ ਵਾਸੀਆਂ ਦੀ ਆਸਥਾ ਦਾ ਕੇਂਦਰ ਹੈ। ਇੱਥੇ ਸਵੇਰੇ ਸ਼ਾਮ ਕੀਰਤਨ ਕਰਕੇ ਪਿੰਡ ਵਾਸੀਆਂ ਨੂੰ ਪ੍ਰਭੂ ਜੱਸ ਨਾਲ ਜੋੜਨ ਦਾ ਵੀ ਉਪਰਾਲਾ ਕੀਤਾ ਜਾਂਦਾ ਹੈ। ਸ੍ਰੀ ਬਲਦੇਵ ਰਾਜ ਅਤੇ ਸ੍ਰੀ ਜਗਦੀਸ਼ ਰਾਜ ਵਲੋਂ ਹਰੇਕ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਨਿਸ਼ਕਾਮ  ਕਥਾ/ ਕੀਰਤਨ ਕਰਕੇ ਪਿੰਡ ਵਾਸੀਆਂ ਦੀ ਧਾਰਮਿਕ ਪ੍ਰਵਿਰਤੀ ਨੂੰ ਟੁੰਬਣ ਦਾ ਕਾਰਜ ਨਿਰੰਤਰ ਕੀਤਾ ਜਾ ਰਿਹਾ ਹੈ।

ਪਿੰਡ ਨਿਵਾਸੀਆਂ ਵਿਚੋ ਸ੍ਰੀ ਜੋਗਿੰਦਰ ਸਿੰਘ ਪੁੱਤਰ ਧੰਨੂ ਰਾਮ ਨੇ ਇਲਾਕੇ ਦੇ ਸਾਰੇ ਪਿੰਡਾਂ ਵਿਚੋਂ ਵਿਦਿਆ ਦੇ ਖੇਤਰ ਵਿੱਚ ਮਾਸਟਰ ਡਿਗਰੀ ਪਹਿਲਾਂ ਹਾਸਲ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ ਅਤੇ ਇਹ ਸ਼ਖਸੀਅਤ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਚੰਡੀਗੜ੍ਹ ਪੁਲਿਸ ਵਿਭਾਗ ਤੋਂ ਬਤੌਰ ਆਫਿਸ ਸੁਪਰਡੈਂਟ ਸ਼ਾਨਦਾਰ ਸੇਵਾ ਨਿਭਾ ਕੇ ਸੇਵਾ ਨਵਿਰਤ ਹੋਏ ਹਨ ਅਤੇ ਅੱਜ ਕੱਲ੍ਹ ਪੱਕੇ ਤੌਰ ਤੇ ਸੈਕਟਰ-63 ਦੇ ਨਿਵਾਸੀ ਹਨ, ਜਦਕਿ ਸ੍ਰੀ ਤਰਸੇਮ ਸਿੰਘ ਨੇ ਬਤੌਰ ਰਾਜ ਮਿਸਤਰੀ ਚੰਡੀਗੜ੍ਹ ਦੇ ਬੀ.ਐਡ.ਆਰ ਮਹਿਕਮੇ ਵਿੱਚ ਸੁਚਾਰੂ ਢੰਗ ਨਾਲ ਸੇਵਾ ਕਰਕੇ, ਸੇਵਾ ਨਿਵਿਰਤੀ ਪ੍ਰਾਪਤ ਕੀਤੀ ਹੈ। ਪਿੰਡ ਦੇ ਸਰਪੰਚ ਸ੍ਰੀ ਜੈ ਚੰਦ ਦੇ ਦੱਸਣ ਅਨੁਸਾਰ ਪਿੰਡ ਦੇ ਦੋ ਵਿਅਕਤੀ ਬਤੌਰ ਟਰੇਨ ਡਰਾਈਵਰ ਵੀ ਕੰਮ ਕਰ ਚੁੱਕੇ ਹਨ ਅਤੇ ਇੱਕ ਵਿਅਕਤੀ ਬਤੌਰ ਪਾਇਲਟ ਵੀ ਆਪਣੀਆਂ ਸੇਵਾਵਾਂ ਦੇ ਚੁੱਕਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਚਾਇਤੀ ਜ਼ਮੀਨ ਘੱਟ ਹੈ ਤੇ ਬਹੁਤਾ ਕੰਮ ਸਰਕਾਰੀ ਗਰਾਂਟ ‘ਤੇ ਹੀ ਨਿਰਭਰ ਹੈ। ਉਹਨਾਂ ਦੇ ਦੱਸਣ ਅਨੁਸਾਰ ਚੌਕਾਂ ਵਿੱਚ ਸਾਈਡ ਸ਼ੀਸ਼ੇ ਲਗਵਾਏ ਗਏ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਛੱਪੜ ਦੀ ਸਫਾਈ ਜ਼ਰੂਰੀ ਹੈ ਅਤੇ ਇਸ ਲਈ ਉਹਨਾਂ ਕੋਲ ਫੰਡਜ਼ ਨਹੀਂ ਹਨ। ਇਸ ਪਿੰਡ ਦੇ ਇੱਕ ਹੋਰ ਵਸਨੀਕ ਸ੍ਰੀ ਰਾਮ ਸ਼ਰਨ ਫੂਡ ਸਪਲਾਈ ਇੰਸਪੈਕਟਰ ਤੇ ਸ੍ਰੀ ਪਾਲ ਸਿੰਘ ਲੋਕ ਸੰਪਰਕ ਅਫਸਰ ਦੇ ਅਹੁਦੇ ‘ਤੇ ਲੰਬਾ ਸਮਾਂ ਤਾਇਨਾਤ ਰਹੇ ਹਨ।

ਇਸ ਵੇਲੇ ਸ੍ਰੀ ਸੰਜੀਵ ਕੁਮਾਰ, ਉਸ ਦੀ ਸੁਪਤਨੀ ਸੁਨੀਤਾ, ਰਾਕੇਸ਼ ਕੁਮਾਰ ਤੇ ਪ੍ਰਦੀਪ ਕੁਮਾਰ ਉੱਚ ਸਿਖਿਆ ਹਾਸਿਲ ਕਰਕੇ, ਸਿੱਖਿਆ ਦੇ ਖੇਤਰ ਵਿੱਚ ਕੰਮ ਰਹੇ ਹਨ। ਇਸ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਬੱਚਿਆਂ ਨੇ ਚਾਅ ਤੇ ਮਜ਼ਬੂਰੀਵੱਸ ਵਿਦੇਸ਼ਾਂ ਵੱਲ ਵੀ ਮੂੰਹ ਕੀਤਾ ਹੈੇ। ਪਿੰਡ ਸਾਹੋਵਾਲ ਤੇ ਇਸ ਦੇ ਨਾਲ ਦੇ ਹੋਰ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ  ਡਾ. ਦਲੀਪ ਸਿੰਘ ਵਾਸੀ ਉਦੀਪੁਰ (ਨੇੜੇ ਦੀਨਾਨਗਰ) ਅਤੇ  ਆਰਯੁਵੈਦਿਕ ਡਾ. ਵਾਸਦੇਵ ਸ਼ਰਮਾ  ਵਾਸੀ ਪਿੰਡ ਸਾਹੋਵਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ। ਇਹ ਦੋਵੇਂ ਸ਼ਖਸੀਅਤਾਂ ਘੱਟ ਮੁਨਾਫੇ ਵਿੱਚ ਪੁਖਤਾ ਇਲਾਜ ਮੁਹੱਈਆ ਕਰਵਾਉਂਦੇ ਰਹੇ ਹਨ ਅਤੇ ਇਨ੍ਹਾਂ ਦੋਵਾਂ ਦਾ ਇਲਾਕੇ ਵਿੱਚ ਸਤਿਕਾਰ ਵੀ ਬਹੁਤ ਸੀ। ਹੁਣ ਇਹ ਦੋਵੇਂ ਸ਼ਖਸੀਅਤਾਂ ਸੰਸਾਰ ਵਿੱਚ ਨਹੀਂ ਹਨ, ਫਿਰ ਵੀ ਪੁਰਾਣੇ ਬਜ਼ੁਰਗ ਉਹਨਾਂ ਦੀ ਸਿਫਤ ਸਲਾਹ ਕਰਦੇ ਅੱਜ ਵੀ ਥੱਕਦੇ ਨਹੀਂ ਹਨ। ਇਸ ਵੇਲੇ ਪਿੰਡ ਘੁੱਲ੍ਹਾ ਨਿਵਾਸੀ ਸ੍ਰੀ ਅਸ਼ਵਨੀ ਕੁਮਾਰ ਤੇ ਸ੍ਰੀ ਮਹਿੰਦਰ ਪਾਲ ਪਿੰਡ ਵਾਸੀਆਂ ਦੀ ਸਿਹਤ ਦੇ ਖੇਤਰ ਵਿੱਚ ਸੇਵਾ ਕਰ ਰਹੇ ਹਨ।

ਪਿੰਡ ਸਾਹੋਵਾਲ ਵਿੱਚ ਪਹਿਲਾਂ ਪਿੰਡ ਦੇ ਵਿਚਕਾਰ ਇੱਕ ਵੱਡਾ ਬਾਜ਼ਾਰ ਹੁੰਦਾ ਸੀ, ਜਿਸ ਵਿੱਚ ਜ਼ਿਆਦਾਤਰ ਦੁਕਾਨਾਂ ਸੋਢੀਆਂ ਦੇ ਪਰਿਵਾਰ ਵਾਲਿਆਂ ਦੀਆਂ ਹੀ ਹੁੰਦੀਆਂ ਸਨ। ਸ੍ਰੀ ਦੇਸ ਰਾਜ ਸੋਢੀ ਤੇ ਨੱਥੂ ਰਾਮ ਸੋਢੀ ਦੀਆਂ, ਜਿਥੇ ਹਲਵਾਈ ਦੀਆਂ ਦੁਕਾਨ ਰਹੀਆਂ ਹਨ, ਉਥੇ ਕਰਿਆਨੇ ਦੀਆਂ ਦੁਕਾਨਾਂ ਸ੍ਰੀ ਗੁਰਦੀਪ ਸਿੰਘ ਦੀਪਾ ਸੋਢੀ, ਸ੍ਰੀ ਧੰਨਾ ਸਿੰਘ ਸੋਢੀ ਤੇ ਸ੍ਰੀ ਦਰਸ਼ਨ ਸਿੰਘ ਸੋਢੀ ਦੀਆਂ ਹੋਇਆ ਕਰਦੀਆਂ ਸਨ। ਇਨ੍ਹਾਂ ਵਿਚੋਂ ਸ੍ਰੀ ਦਰਸ਼ਨ ਸਿੰਘ ਸੋਢੀ ਇੱਕ ਅਜਿਹੀ ਸ਼ਖਸੀਅਤ ਸੀ  ਜਿਹੜੀ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਵਿੱਚ ਬਰਾਬਰ ਦਾ ਸਤਿਕਾਰ ਰੱਖਦੀ ਸੀ। ਸੁਬ੍ਹਾ ਸੁਬ੍ਹਾ ਪ੍ਰਭਾਤ ਫੇਰੀ ਦੌਰਾਨ ਗੱਲ਼ ਵਿੱਚ ਢੋਲਕੀ ਪਾ ਕੇ ਹਰੀ ਜਸ ਗਾਉਣਾ ਤੇ ਸਾਰਾ ਦਿਨ ਇਮਾਨਦਾਰੀ ਨਾਲ ਕਾਰ ਵਿਹਾਰ ਕਰਨਾ ਤੇ ਸਭ ਨੂੰ ਪਿਆਰ ਤੇ ਸਤਿਕਾਰ ਨਾਲ ਬੁਲਾਉਣਾ, ਉਸ ਦਾ ਨਿੱਤਾਪ੍ਰਤੀ ਕਾਰ ਵਿਹਾਰ ਸੀ।

ਜ਼ਿਲ੍ਹਾ ਪ੍ਰਸ਼ਾਸਨਿਕ ਢਾਂਚੇ ਵਿੱਚ ਪਿੰਡ ਸਾਹੋਵਾਲ ਤੋ ਸ੍ਰੀ ਵਿਜੇ ਕੁਮਾਰ ਬਤੌਰ ਸੁਪਰਡੰਟ, ਸ੍ਰੀ ਕੈਲਾਸ਼ ਕੁਮਾਰ ਗਰਾਊਡ ਸੁਪਰਵਾਈਜ਼ਰ ਤੇ ਸ੍ਰੀ ਸੰਤੋਖ ਰਾਜ ਬਤੌਰ ਦਰਜਾ 4 ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਵਿੱਚ ਸਬ ਇੰਸਪੈਕਟਰ ਕੁਲਦੀਪ ਰਾਜ ਤੇ ਰਮੇਸ਼ ਲਾਲ ਤੇ ਹਿਤੇਸ਼ ਕੁਮਾਰ ਸੇਵਾ ਨਿਭਾ ਰਹੇ ਹਨ। ਪਿੰਡ ਵਾਸੀਆਂ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਲਾਇਬਰੇਰੀ, ਬੈਂਕ ਏ.ਟੀ.ਐਮ ਤੇ ਖੇਡ ਸਟੇਡੀਅਮ ਵੀ ਨਹੀਂ ਹੈ ਜੋ ਕਿ ਅੱਜ ਦੇ ਯੁੱਗ ਵਿੱਚ ਇੱਕ ਅਹਿਮ ਲੋੜ ਹੈ। ਉਹਨਾਂ ਨੇ ਸਰਕਾਰ ਤੋਂ ਇਹਨਾਂ ਮੁੱਢਲੀਆਂ ਤੇ ਰੋਜ਼ਮਰਾ ਦੀਆਂ ਲੋੜਾਂ ਦੀ ਛੇਤੀ ਪੂਰਤੀ ਦੀ ਮੰਗ ਵੀ ਕੀਤੀ ਅਤੇ ਸਰਕਾਰੀ ਹਾਈ ਸਕੂਲ ਨੂੰ ਬਤੌਰ ਸੀਨੀਅਰ ਸੈਕੰਡਰੀ ਸਕੂਲ ਅੱਪਗਰੇਡ ਕਰਨ ਦੀ ਸਰਕਾਰ ਨੂੰ ਬੇਨਤੀ ਕੀਤੀ।

ਇਹ ਲੇਖ ਲਿਖੇ ਜਾਣ ਲਈ ਤੇ ਪੁਸਤਕ ਦਾ ਹਿੱਸਾ ਬਣਾਉਣ ਲਈ ਮੈਨੂੰ ਚੰਡੀਗੜ੍ਹ ਨਿਵਾਸੀ ਤੇ ਉੱਘੇ ਲੇਖਕ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਜੀ ਨੇ ਉਤਸ਼ਾਹਿਤ ਕੀਤਾ, ਜਿਨ੍ਹਾਂ ਦਾ ਮੈਂ ਤਹਿ ਦਿਲੋ ਰਿਣੀ ਹਾਂ। ਇਸ ਤੋਂ ਇਲਾਵਾ ਇਹ ਲੇਖ ਤੁਹਾਡੇ ਤੱਕ ਪੁੁੱਜਦਾ ਕਰਨ ਵਿੱਚ ਸਾਡੇ ਵੀਰ ਬਲਵਿੰਦਰ ਸਿੰਘ ਜੀ ਬਰਿਆਰ, ਜ਼ਿਲ੍ਹਾ ਗੁਰਦਾਸਪੁਰ ਨਿਵਾਸੀ ਦਾ ਵੀ ਪੂਰਨ ਸਹਿਯੋਗ ਰਿਹਾ ਹੈ|

ਰਾਜ ਕੁਮਾਰ ਸਾਹੋਵਾਲੀਆ, ਉਪ-ਸਕੱਤਰ, ਪੰਜਾਬ ਸਰਕਾਰ (ਸੇਵਾ ਨਿਵਿਰਤ), ਐਮ. ਏ. ਪੰਜਾਬੀ, ਇਤਿਹਾਸ ਤੇ ਧਰਮ ਅਧਿਐਨ। ਡਾ. ਅੰਬੇਡਕਰ ਫੈਲੋਸਿਪ ਅਵਾਰਡੀ, 2002 (ਮੋਬਾਇਲ: 8968240914)।

Leave a Reply

Your email address will not be published. Required fields are marked *