www.sursaanjh.com > ਅੰਤਰਰਾਸ਼ਟਰੀ > ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ 50 ਲੱਖ ਦੀ ਜੇਤੂ ਜਪਸਿਮਰਨ ਕੌਰ ਸਨਮਾਨਿਤ

ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ 50 ਲੱਖ ਦੀ ਜੇਤੂ ਜਪਸਿਮਰਨ ਕੌਰ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜੁਲਾਈ:

ਸੈਕਟਰ-28 ਚੰਡੀਗੜ੍ਹ ਸਥਿਤ ਭਾਈ ਜੈਤਾ ਜੀ ਫਾਊਂਡੇਸ਼ਨ ਆਫ ਇੰਡੀਆ ਵਲੋਂ ਭਾਈ ਵੀਰ ਸਿੰਘ ਨਿਵਾਸ ਅਸਥਾਨ, ਅੰਮ੍ਰਿਤਸਰ ਵਿਖੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਲਈ ਚੰਡੀਗੜ੍ਹ ਤੋਂ ਸੰਸਥਾ ਦੇ ਪ੍ਰਬੰਧਕੀ ਅਫਸਰ ਜਸਵਿੰਦਰ ਸਿੰਘ ਪਸਰੀਚਾ, ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਦੀਪ ਸਿੰਘ ਉੱਚੇਚੇ ਤੌਰ ਤੇ ਪਹੁੰਚੇ ਸਨ, ਜਦੋਂ ਕਿ ਸਮਾਗਮ ਵਿੱਚ ਸ੍ਰ. ਸੁਖਦੇਵ ਸਿੰਘ ਪ੍ਰਿੰਸੀਪਲ ਡਾਈਟ (ਡੀ.ਆਈ.ਈ.ਟੀ.) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਦਾ ਪ੍ਰਬੰਧ ਭਾਈ ਜੈਤਾ ਜੀ ਟਰੱਸਟ ਦੇ ਸਹਿਯੋਗ ਨਾਲ ਗੁਰਪ੍ਰੀਤ ਸਿੰਘ ਮੋਗਾ ਅਤੇ ਸੁਖਵਿੰਦਰ ਸਿੰਘ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ ਅਤੇ ਜਲੰਧਰ ਤੋਂ 50 ਅਧਿਆਪਕਾਂ ਸਮੇਤ ਉੱਚਕੋਟੀ ਦੇ ਸਿੱਖਿਆ ਸ਼ਾਸਤਰੀ ਹਾਜ਼ਰ ਸਨ।

ਭਾਈ ਜੈਤਾ ਜੀ ਟਰੱਸਟ ਵੱਲੋਂ ਜਸਵਿੰਦਰ ਸਿੰਘ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਚਾਰ ਜ਼ਿਲ੍ਹਿਆਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ। ਇਹ ਅਧਿਆਪਕ ਇਹਨਾਂ ਜ਼ਿਲ੍ਹਿਆਂ ਵਿੱਚ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਵੋਦਿਆ ਸਕੂਲਾਂ ਵਿੱਚ ਦਾਖਲੇ ਲਈ ਪੜ੍ਹਾਈ ਕਰਵਾਉਂਦੇ ਹਨ, ਜਿਹਨਾਂ ਦੇ ਕਈ ਕਈ ਬੱਚੇ ਨਵੋਦਿਆ ਸਕੂਲਾਂ ਵਿਚ ਦਾਖਲਾ ਲੈ ਚੁੱਕੇ ਹਨ। ਟਰੱਸਟ ਦੇ ਪ੍ਰਬੰਧਕੀ ਅਫਸਰ ਜਸਵਿੰਦਰ ਸਿੰਘ ਪਸਰੀਚਾ ਅਤੇ ਪ੍ਰਾਜੈਕਟ ਇੰਚਾਰਜ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਸ ਮੌਕੇ ਹਾਜ਼ਰ ਟੀ.ਵੀ. ਦੇ ਕਰੋੜਪਤੀ ਐਪੀਸੋਡ ਵਿੱਚ 50 ਲੱਖ ਰੁਪਏ ਜਿੱਤਣ ਵਾਲੀ ਬਹੁਤ ਹੀ ਹੋਣਹਾਰ ਲੜਕੀ ਜਪਸਿਮਰਨ ਕੌਰ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੋਕੇ ਬੋਲਦਿਆਂ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਵਿਵਰਣ ਦੱਸਿਆ ਅਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਤੱਕ 1463 ਬੱਚੇ ਨਵੋਦਿਆ ਵਿੱਚ ਦਾਖਲ ਕਰਵਾਏ ਜਾ ਚੁੱਕੇ ਹਨ। ਪ੍ਰਬੰਧਕੀ ਅਫਸਰ ਜਸਵਿੰਦਰ ਸਿੰਘ ਪਸਰੀਚਾ ਨੇ ਭਾਈ ਜੈਤਾ ਜੀ ਟਰੱਸਟ ਦੇ ਸਮਾਜ ਭਲਾਈ ਕੰਮਾਂ ਲਈ ਅਧਿਆਪਕਾਂ ਅਤੇ ਬੁੱਧੀਜੀਵੀਆਂ ਦਾ ਸਹਿਯੋਗ ਮੰਗਿਆ।

ਮੁੱਖ ਮਹਿਮਾਨ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਸਮਾਜ ਭਲਾਈ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਈ ਜੈਤਾ ਜੀ ਟਰੱਸਟ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਇਸ ਮੋਕੇ ਅੰਮ੍ਰਿਤਸਰ ਦੀ ਪ੍ਰਸਿੱਧ ਸੰਸਥਾ ਆਗਾਜ਼ ਫਾਊਂਡੇਸ਼ਨ ਦੇ ਬਹੁਤ ਸਾਰੇ ਅਹੁਦੇਦਾਰ ਵੀ ਹਾਜ਼ਰ ਸਨ, ਜਿਹਨਾਂ ਨੇ ਚੰਡੀਗੜ੍ਹ ਤੋਂ ਆਏ ਜਸਵਿੰਦਰ ਸਿੰਘ ਪਸਰੀਚਾ, ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਦੀਪ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਭਾਈ ਜੈਤਾ ਜੀ ਟਰੱਸਟ ਨੂੰ ਪੂਰੇ ਸਹਿਯੋਗ  ਦਾ ਭਰੋਸਾ ਦਿੱਤਾ। ਇਸ ਸਮਾਗਮ ਵਿੱਚ ਕਈ ਕਵੀਆਂ, ਜਿਹਨਾਂ ਵਿੱਚ ਪ੍ਰਿੰਸੀਪਲ ਸੁਖਦੇਵ ਸਿੰਘ, ਜਸਵੰਤ ਸਿੰਘ ਧਾਪ ਅਤੇ ਸਟੇਟ ਅਵਾਰਡੀ ਅਧਿਆਪਕ ਗਿੱਲ ਸ਼ਾਮਲ ਸਨ, ਨੇ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਸਟੇਜ ਸਕੱਤਰ ਦੀ ਸੇਵਾ ਸੁੱਖਵਿੰਦਰ ਸਿੰਘ ਵੱਲੋਂ ਨਿਭਾਈ ਗਈ, ਜਦੋਂ ਕਿ ਗੁਰਪ੍ਰੀਤ ਸਿੰਘ ਮੋਗਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

ਫੋਟੋ ਕੈਪਸ਼ਨ – ਭਾਈ ਜੈਤਾ ਜੀ ਫਾਊਡੇਸ਼ਨ ਵਲੋਂ ਜਸਵਿੰਦਰ ਸਿੰਘ ਪਸਰੀਚਾ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ, ਜਪਸਿਮਰਨ ਕੌਰ ਨੂੰ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *