ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਨਵੰਬਰ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫਤਰ ਵਿਖੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਗਈ ਅਤੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸੰਸਥਾ ਦੇ ਅਹੁਦੇਦਾਰਾਂ ਵਲੋਂ ਵਧਾਈ ਦਿੱਤੀ ਗਈ ਕਿ ਉਨ੍ਹਾਂ ਦੀਆਂ ਪੰਜਾਬੀ ਪੁਸਤਕਾਂ ਨੂੰ ਭਾਰਤ ਸਰਕਾਰ ਦੇ ਭਾਰਤੀ ਭਾਸ਼ਾ ਸੰਸਥਾਨ ਅਤੇ ਡਿਜੀਟਲ ਸੂਚਨਾ ਪ੍ਰਸਾਰ ਕੇਂਦਰ ਸਿੱਖਿਆ ਮੰਤਰਾਲਾ ਵਲੋਂ ਸਰਕਾਰੀ ਭਾਰਤਬਾਣੀ ਪੋਰਟਲ ‘ਤੇ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀਆਂ ਕਈ ਪੁਸਤਕਾਂ ਇਸ ਪੋਰਟਲ ‘ਤੇ ਸ਼ਾਮਲ ਹੋਣ ਲਈ ਵਿਚਾਰ ਅਧੀਨ ਵੀ ਹਨ। ਪ੍ਰਿੰ. ਗੋਸਲ ਨੂੰ ਇਸ ਗੱਲ ‘ਤੇ ਵਧਾਈ ਦੇਣ ਵਾਲਿਆਂ ਵਿੱਚ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ, ਜੁਆਇੰਟ ਸਕੱਤਰ ਕ੍ਰਿਸਨ ਰਾਹੀਂ, ਸਲਾਹਕਾਰ ਬਲਵਿੰਦਰ ਸਿੰਘ, ਪ੍ਰੈਸ ਸਕੱਤਰ ਅਮਰਜੀਤ ਸਿੰਘ ਬਠਲਾਣਾ, ਮੁੱਖ ਸਲਾਹਕਾਰ ਦਲਬੀਰ ਸਿੰਘ ਸਰੋਆ, ਰਾਜ ਕੁਮਾਰ ਸਾਹੋਵਾਲੀਆ ਅਤੇ ਮੈਡਮ ਬਲਜਿੰਦਰ ਕੌਰ ਸ਼ੇਰਗਿੱਲ ਵੀ ਸ਼ਾਮਲ ਸਨ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਾਬਕਾ ਡਾਇਰੈਕਟਰ ਅਤੇ ਚੰਡੀਗੜ੍ਹ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰਿੰ. ਗੋਸਲ ਨੂੰ ਵਿਸ਼ੇਸ਼ ਵਧਾਈ ਸੰਦੇਸ਼ ਭੇਜਿਆ।
ਵਧਾਈ ਦੇਣ ਵਾਲੇ ਅਹੁਦੇਦਾਰਾਂ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਪ੍ਰਿੰ. ਗੋਸਲ ਦੀਆਂ ਹੁਣ ਤੱਕ 115 ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਕਈ ਪੁਸਤਕਾਂ ਨੂੰ ਭਾਰਤ ਸਰਕਾਰ ਦੁਆਰਾ ਭਾਰਤਬਾਣੀ ਪੋਰਟਲ ‘ਤੇ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਨਾਲ ਪੰਜਾਬੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਇਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਿਆ ਹੈ। ਇਸ ਸਬੰਧ ਵਿਚ ਭਾਰਤ ਸਰਕਾਰ ਵਲੋਂ ਪ੍ਰਿੰ. ਗੋਸਲ ਨੂੰ ਸੂਚਨਾ ਵਿਸ਼ੇਸ਼ ਪੱਤਰ ਰਾਹੀਂ ਦਿੱਤੀ ਗਈ ਹੈ। ਇਸ ਤਰਾਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਲਈ ਇਹ ਇੱਕ ਵੱਡੇ ਮਾਣ ਦੀ ਗੱਲ ਹੈ। ਪ੍ਰਿੰ. ਗੋਸਲ ਨੇ ਵੀ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਾ ਅਤੇ ਡਿਜੀਟਲ ਸੂਚਨਾ ਪ੍ਰਸਾਰਣ ਕੇਂਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਪੰਜਾਬੀ ਭਾਸ਼ਾ ਦਾ ਵੱਡੇ ਪੱਧਰ ‘ਤੇ ਪ੍ਰਸਾਰ ਹੋਵੇਗਾ ਅਤੇ ਪੰਜਾਬੀ ਪ੍ਰੇਮੀਆਂ ਨੂੰ ਪ੍ਰਿੰ. ਗੋਸਲ ਦੀਆਂ ਬਹੁਤ ਹੀ ਰੌਚਿਕ ਪੁਸਤਕਾਂ ਪੜ੍ਹਨ ਦਾ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਇਹ ਗੱਲ ਵੀ ਦੱਸੀ ਕਿ ਭਵਿੱਖ ਵਿਚ ਵੀ ਉਹ ਭਾਰਤਬਾਣੀ ਪ੍ਰਯੋਜਨਾ ਲਈ ਆਪਣੀਆਂ ਨਵੀਆਂ ਪੁਸਤਕਾਂ ਭੇਜਦੇ ਰਹਿਣਗੇ ਤਾਂ ਕਿ ਪੰਜਾਬ, ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੈਠੇ ਪੰਜਾਬੀ, ਪੰਜਾਬੀ ਭਾਸ਼ਾ ਵਿਚ ਲਿਖੀਆਂ ਕਿਤਾਬਾਂ ਦਾ ਅਨੰਦ ਲੈ ਸਕਣ।
ਫੋਟੋ ਕੈਪਸ਼ਨ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਤਸਵੀਰ ਅਤੇ ਭਾਰਤ ਸਰਕਾਰ ਦੁਆਰਾ ਭੇਜੇ ਗਏ ਸੂਚਨਾ ਪੱਤਰ ਦੀ ਕਾਪੀ।

