ਚੰਡੀਗੜ੍ਹ 1 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਵੈਸੇ ਕਹਿਣ ਨੂੰ ਤਾਂ ਬਲਾਕ ਮਾਜਰੀ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਹੈ, ਪਰ ਸਬੰਧਤ ਮਹਿਕਮੇ ਸਮੇਤ ਹੋਰ ਅਫਸਰਾਂ ਦੀ ਮਿਹਰਬਾਨੀ ਨਾਲ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਦਿਨ ਰਾਤ ਚੱਲ ਰਿਹਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਵੱਸਦੇ ਪਿੰਡਾਂ ਦੇ ਲੋਕ ਓਵਰਲੋਡ ਗੱਡੀਆਂ ਤੇ ਟਰੈਕਟਰ – ਟਰਾਲੀਆਂ ਤੋਂ ਅੱਕੇ ਹੋਏ ਹਨ ਅਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਕੋਸ ਰਹੇ ਹਨ। ਦੇਖਣ ਵਿੱਚ ਸਾਹਮਣੇ ਆਇਆ ਹੈ ਕਿ ਕਾਗਜ਼ਾਂ ਵਿੱਚ ਮਾਈਨਿੰਗ ‘ਤੇ ਪਾਬੰਦੀ ਹੈ, ਪਰ ਇਲਾਕੇ ਵਿੱਚ ਲੱਗੇ ਇੱਟਾਂ ਦੇ ਭੱਠੇ ਸਰਕਾਰ ਅਤੇ ਪ੍ਰਸ਼ਾਸਨ ਦੇ ਦਾਵਿਆਂ ਦੀ ਪੋਲ ਖੋਲ੍ਹ ਰਹੇ ਹਨ।ਜੇਕਰ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਬੰਧਤ ਮਹਿਕਮੇ ਭੱਠੇ ਵਾਲਿਆਂ ਤੇ ਬਹੁਤ ਜ਼ਿਆਦਾ ਮਿਹਰਬਾਨੀ ਦਿਖਾ ਰਹੇ ਹਨ, ਕਿਉਂਕਿ ਭੱਠੇ ਵਾਲਿਆਂ ਨੇ ਨਜਾਇਜ਼ ਮਾਈਨਿੰਗ ਰਾਹੀਂ ਆਪਣੇ ਭੱਠਿਆਂ ‘ਤੇ ਮਿੱਟੀ ਦੇ ਪਹਾੜ ਬਣਾਏ ਹੋਏ ਹਨ।
ਇਲਾਕੇ ਦੇ ਭੱਠਿਆਂ ਦਾ ਦੌਰਾ ਕਰਨ ‘ਤੇ ਪਤਾ ਲੱਗਿਆ ਕਿ ਗਲਤ ਤਰੀਕੇ ਨਾਲ ਭੱਠੇ ਵਾਲੇ ਮਿੱਟੀ ਭੱਠਿਆਂ ‘ਤੇ ਡੰਪ ਕਰ ਰਹੇ। ਇਹਨਾਂ ਦੀ ਬਦੌਲਤ ਜਿੱਥੇ ਸਰਕਾਰ ਨੂੰ ਚੂਨਾ ਲਾਇਆ ਜਾ ਰਿਹਾ ਹੈ, ਉੱਥੇ ਹੀ ਭੱਠੇ ਵਾਲਿਆਂ ਦੁਆਰਾ ਸੜਕਾਂ ਦਾ ਵੀ ਭੱਠਾ ਬਿਠਾਇਆ ਜਾ ਰਿਹਾ ਹੈ। ਲੰਘੇ ਦਿਨੀਂ ਬਲਾਕ ਮਾਜਰੀ ਦੇ ਕਈ ਪਿੰਡਾਂ ਵਿੱਚ ਕਾਰਵਾਈ ਦੇ ਨਾਂ ‘ਤੇ ਅਤੇ ਖਾਨਾਪੂਰਤੀ ਕਰਦਿਆਂ ਪਰਚੇ ਕੀਤੇ ਗਏ ਸਨ ਜੋ ਹੁਣ ਰੱਦੀ ਦੀ ਟੋਕਰੀ ਵਿੱਚ ਪੈ ਗਏ ਹਨ। ਭੱਠਿਆਂ ‘ਤੇ ਲੱਗੇ ਮਿੱਟੀ ਦੇ ਢੇਰ ਪੁਲਿਸ ਅਤੇ ਮਾਈਨਿੰਗ ਵਿਭਾਗ ਸਮੇਤ ਹੋਰ ਮਹਿਕਮੇ ਦੇ ਅਫਸਰਾਂ ਨੂੰ ਦਿਖਾਈ ਹੀ ਨਹੀਂ ਦਿੰਦੇ, ਜਦਕਿ ਇਲਾਕੇ ਦੇ ਲੋਕ ਦਿਨ ਰਾਤ ਪਿੱਟ ਸਿਆਪਾ ਕਰ ਰਹੇ ਹਨ। ਇਸ ਤਰ੍ਹਾਂ ਕਿਸੇ ਅਫ਼ਸਰ ਦੇ ਕੰਨ ‘ਤੇ ਜੂੰ ਨਹੀ ਸਰਕਦੀ।

