ਮਰਹੂਮ ਕਹਾਣੀਕਾਰ ਸੁਖਜੀਤ ਦੀ ਪੁਸਤਕ ‘ਅੰਤਰਾ’ ਐਮ. ਏ. (ਪੰਜਾਬੀ) ਦੇ ਸਿਲੇਬਸ ’ਚ ਲੱਗਣਾ, ਸਭਾ ਤੇ ਇਲਾਕੇ ਲਈ ਮਾਣ ਵਾਲੀ ਗੱਲ –ਸ਼ਰਮਾ/ਦਿਵੇਸ਼ਵਰ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਦੌਰਾਨ ਗੁਰਦੀਪ ਮਹੌਣ ਕਹਾਣੀ ‘ਹਵਾ’ ਅਤੇ ਮਨਦੀਪ ਸਿੰਘ ਡਡਿਆਣਾ ਦੀ ਕਹਾਣੀ ‘ਗਾਲੜ੍ਹ’ ’ਤੇ ਵੀ ਹੋਈ ਨਿੱਠ ਕੇ ਚਰਚਾ
ਸਮਰਾਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ:


ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਹੋਈ। ਇਸ ਇਕੱਤਰਤਾ ਵਿੱਚ ਉੱਘੇ ਸਾਹਿਤਕਾਰ, ਆਲੋਚਕ, ਚਿੰਤਕ ਸੁਰਿੰਦਰ ਕੁਮਾਰ ਦਵੇਸ਼ਵਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਮੀਟਿੰਗ ਦਾ ਅਰੰਭ ਐਡਵੋਕੇਟ ਨਰਿੰਦਰ ਸ਼ਰਮਾ ਨੇ ਸਾਥੀਆਂ ਨਾਲ ਵੱਡੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਭਾ ਦੇ ਬਾਨੀ ਚੇਅਰਮੈਨ ਮਹਰੂਮ ਕਹਾਣੀਕਾਰ ਸੁਖਜੀਤ ਦੀ ਪੁਸਤਕ ‘ਅੰਤਰਾ’ ਨੂੰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਦੇ ਪੰਜਾਬੀ ਵਿਭਾਗ ਵੱਲੋਂ ਐਮ. ਏ. (ਪੰਜਾਬੀ) ਦੇ ਸਿਲੇਬਸ ਵਿੱਚ ਚੁਣ ਲਿਆ ਗਿਆ ਹੈ, ਜੋ ਸਭਾ ਅਤੇ ਸਮਰਾਲਾ ਇਲਾਕੇ ਲਈ ਵੱਡੇ ਮਾਣ ਅਤੇ ਫਖ਼ਰ ਦੀ ਗੱਲ ਹੈ। ਉਪਰੰਤ ਉਨ੍ਹਾਂ ਦੀ ਦੀ ਕਹਾਣੀ ‘ਅੰਤਰਾ’ ਉੱਤੇ ਹਾਜ਼ਰ ਸਾਥੀਆਂ ਵੱਲੋਂ ਨਿੱਠ ਕੇ ਵਿਚਾਰ-ਚਰਚਾ ਕੀਤੀ ਗਈ।
ਵਿਚਾਰ ਚਰਚਾ ਵਿੱਚ ਇਸ ਕਹਾਣੀ ਨੂੰ ਸਾਥੀਆਂ ਵੱਲੋਂ ਆਪਣੇ ਅਪਣੇ ਦ੍ਰਿਸ਼ਟੀਕੋਣ ਤੋਂ ਵਿਚਾਰਿਆਂ ਅਤੇ ਉੱਚ ਕੋਟੀ ਦੀ ਰਚਨਾ ਕਿਹਾਾ। ਚਰਚਾ ’ਚ ਭਾਗ ਲੈਂਦਿਆਂ ਸੁਰਿੰਦਰ ਕੁਮਾਰ ਦਵੇਸ਼ਵਰ ਨੇ ਕਿਹਾ ਕਿ ਸੁਖਜੀਤ ਕੋਲ ਜੀਵਨ ਦਰਸ਼ਨ ਅਤੇ ਰੱਜ ਕੇ ਕੀਤੀ ਹੋਈ ਸਾਹਿਤ ਸਾਧਨਾ ਸੀ, ਜਿਸ ਕਰਕੇ ‘ਅੰਤਰਾ’ ਵਰਗੀਆਂ ਫ਼ਲਸਫੇ ਭਰਪੂਰ ਕਹਾਣੀਆਂ ਪਾਠਕਾਂ ਤੱਕ ਪਹੁੰਚੀਆਂ। ਜ਼ਿਆਦਾਤਰ ਲਿਟਰੇਚਰ ਨੂੰ ਬਾਹਰੋਂ ਫੜਿਆ ਜਾਂਦਾ ਹੈ, ਪਰ ਜਦੋਂ ਤੱਕ ਉਸ ਦੇ ਮੈਟਾਫਰ, ਰੂਪਕ ਅਲੰਕਾਰ ਨੂੰ ਨਹੀਂ ਫੜਿਆ ਜਾਂਦਾ, ਉਦੋਂ ਤੱਕ ਉਸ ਦੇ ਭਾਵ ਅਤੇ ਰਚਨਾਤਮਕ ਸੁਹਜ ਤੱਕ ਨਹੀਂ ਪਹੁੰਚਿਆ ਜਾ ਸਕਦਾ। ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਇਸ ਨੂੰ ‘ਦਿਸਦੀ ਮਾਇਆ ਤੇ ਅੰਦਰਲੀ ਮਾਇਆ ਦੇ ਟਕਰਾਅ ਦੀ ਕਹਾਣੀ’ ਬਿਆਨਿਆ।
ਐਡਵੋਕੇਟ ਨਰਿੰਦਰ ਸ਼ਰਮਾ ਨੇ ਇਸ ਨੂੰ ਭੂਤ, ਭਵਿੱਖ ਅਤੇ ਵਰਤਮਾਨ ਵਿੱਚ ਵਿਚਰਦੀ, ਮਨੁੱਖੀ ਕਾਮਨਾਵਾਂ ਦੀ ਪੂਰਤੀ ਅਪੂਰਤੀ ਨਾਲ ਬੱਝੀ ਕਾਲ ਅਤੇ ਅਕਾਲ ਮ੍ਰਿਤੂ ਦੇ ਦਵੰਦ ਦੀ ਕਹਾਣੀ ਦੱਸਿਆ। ਇਸ ਤੋਂ ਇਲਾਵਾ ਚਰਚਾ ਵਿੱਚ ਗੁਰਭਗਤ ਸਿੰਘ, ਕਹਾਣੀਕਾਰਾ ਯਤਿੰਦਰ ਮਾਹਲ, ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ, ਗੁਰਦੀਪ ਸੁਖਜੀਤ, ਅਮਨ ਸਮਰਾਲਾ, ਮੁਖਤਿਆਰ ਸਿੰਘ ਅਤੇ ਗੁਰਦੀਪ ਮਹੌਣ ਨੇ ਹਿੱਸਾ ਲਿਆ।
ਦੂਸਰੇ ਸੈਸ਼ਨ ਵਿੱਚ ਗੁਰਦੀਪ ਮਹੌਣ ਨੇ ਕਹਾਣੀ ‘ਹਵਾ’ ਅਤੇ ਮਨਦੀਪ ਸਿੰਘ ਡਡਿਆਣਾ ਨੇ ਕਹਾਣੀ ‘ਗਾਲੜ੍ਹ’ ਸੁਣਾਈ। ਦੋਹਾਂ ਕਹਾਣੀਆਂ ਦਾ ਵਿਸ਼ਾ ਪ੍ਰਵਾਸ ‘ਤੇ ਅਧਾਰਿਤ ਰਿਹਾ। ਇਹਨਾਂ ‘ਤੇ ਵਿਚਾਰ ਚਰਚਾ ਕਰਦਿਆਂ ਇੰਦਰਜੀਤ ਸਿੰਘ ਕੰਗ, ਗਗਨਦੀਪ ਸ਼ਰਮਾ, ਰੁਪਿੰਦਰ ਰੁਪਾਲ ਨੇ ਨਿੱਠ ਕੇ ਚਰਚਾ ਕੀਤੀ ਅਤੇ ਬਾਕੀ ਸਾਥੀਆਂ ਨੇ ਵੀ ਵਧੀਆ ਸੁਝਾਅ ਦਿੱਤੇ। ਇਤਿਹਾਸਕਾਰ ਸਿਮਰਜੀਤ ਸਿੰਘ ਕੰਗ ਵੱਲੋਂ ਲੇਖ ‘ਕੁਦਰਤੀ ਆਫ਼ਤਾਂ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ’ ਪੜ੍ਹਿਆ ਗਿਆ। ਇਸ ਲੇਖ ਵਿੱਚ ਕੁਦਰਤੀ ਆਫ਼ਤਾਂ ਮੌਕੇ ਮਨੁੱਖੀ ਪਰਉਪਕਾਰ ਦੇ ਫਲਸਫੇ ਦੇ ਚਲਦਿਆਂ ਸ੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਰਾਹਤ ਕਾਰਜਾਂ ਅਤੇ ਵਿੱਤੀ ਸਹਾਇਤਾ ਦੇ ਅੰਕੜਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ, ਇਹਨਾਂ ਸਮਿਆਂ ਵਿੱਚ ਮਨੁੱਖਾਂ ਦੇ ਆਪਸੀ ਸਹਿਯੋਗ ਦਾ ਉਸਾਰੂ ਵਰਨਣ ਕੀਤਾ ਗਿਆ।
ਇਸ ਇਕੱਤਰਤਾ ਵਿੱਚ ਦਰਸ਼ਨ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਊਧਮ ਸਿੰਘ, ਸੰਤੋਖ ਸਿੰਘ ਕੋਟਾਲਾ, ਨਰੇਸ਼ ਕੁਮਾਰ ਸ਼ਰਮਾ ਅਤੇ ਕੀਰਤ ਕੁਮਾਰ ਸ਼ਰਮਾ ਸ਼ਾਮਿਲ ਹਾਜ਼ਰ ਸਨ। ਅਖੀਰ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਇਕੱਤਰਤਾ ਅਤੇ ਵਿਚਾਰ ਚਰਚਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੁਰਿੰਦਰ ਕੁਮਾਰ ਦਵੇਸ਼ਵਰ ਅਤੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਯਤਿੰਦਰ ਕੌਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।
ਫੋਟੋ ਕੈਪਸ਼ਨ : ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਦੌਰਾਨ ਹਾਜ਼ਰ ਮੁੱਖ ਮਹਿਮਾਨ ਅਤੇ ਸਾਹਿਤਕਾਰ।

