ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 26 ਮਾਰਚ:


ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ ਵੱਲੋਂ ‘ਮਹਿਫਲ ਮਿੱਤਰਾਂ ਦੀ’ ਸਾਹਿਤਕ ਲੜੀ ਵਿੱਚ ਪਰੋ ਕੇ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। ਗੀਤ, ਕਵਿਤਾਵਾਂ ਤੇ ਗ਼ਜ਼ਲਾਂ ਦੇ ਸੁਮੇਲ ਵਿੱਚ ਰੰਗੀ ਇਸ ਮਹਿਫਲ ਵਿੱਚ ਵੀਹ ਦੇ ਕਰੀਬ ਨਵੇਂ ਅਤੇ ਹੰਢੇ ਵਰਤੇ ਨਾਮਵਰ ਸ਼ਾਇਰਾਂ ਵੱਲੋਂ ਵੰਨ- ਸੁਵੰਨੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਸਬੰਧੀ ਔਜਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਨੌਜਵਾਨਾਂ ਨੂੰ ਆਪਣੇ ਸਾਹਿਤਕ ਵਿਰਸੇ ਨਾਲ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਨਵੇਂ ਲੇਖਕਾਂ ਨੂੰ ਪੁਰਾਣੇ ਹੰਢੇ-ਵਰਤੇ ਸਾਹਿਤਕਾਰਾਂ ਨਾਲ ਮਿਲਣ ਦਾ ਮੌਕਾ ਵੀ ਮਿਲਦਾ ਹੈ ਅਤੇ ਉਹਨਾਂ ਤੋਂ ਸਿੱਖਿਆ ਵੀ ਮਿਲਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਉੱਘੇ ਗਾਇਕ ਅਮਰ ਵਿਰਦੀ ਵੱਲੋਂ ਧਾਰਮਿਕ ਰਚਨਾ; ਨਾਮ ਦਾ ਸਿਮਰਨ ਕਰ ਬੰਦਿਆਂ, ਗਾ ਕੇ ਕੀਤੀ। ਉਸ ਤੋਂ ਬਾਅਦ ਸਕੱਤਰੇਤ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਬਾਬੂ ਰਾਮ ਦੀਵਾਨਾ ਵੱਲੋਂ; ਯਾਰੋ ਜ਼ਮਾਨੇ ਨੂੰ ਕਿਆ ਹੋ ਰਿਹਾ ਹੈ, ਕਿਉਂ ਬੰਦੇ ਤੋਂ ਬੰਦਾ ਜੁਦਾ ਹੋ ਰਿਹਾ ਹੈ, ਕਵਿਤਾ ਪੇਸ਼ ਕੀਤੀ ਗਈ। ਸ਼ਾਇਰ ਸੁਰਜੀਤ ਸੁਮਨ ਵੱਲੋਂ ਮੈਨੂੰ ਰੰਗਾਂ ਦੀ ਸਮਝ ਨਹੀਂ ਲੋਕੀਂ ਪਲ ਵਿੱਚ ਰੰਗ ਵਟਾ ਲੈਂਦੇ ਅਤੇ ਦੋਗਾਣਾ ਰੰਗ ਵਿੱਚ; ਅੱਖਾਂ ਤੇਰੀਆਂ, ਨਾਲ ਭਰਵੀਂ ਹਾਜ਼ਰੀ ਲੁਆਈ। ਵਿਸ਼ਵ ਪੰਜਾਬੀ ਸਾਹਿਤਕ ਰਚਨਾ ਵਿਚਾਰ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਵੱਲੋਂ; ਜਿਸਦਾ ਕੋਈ ਇਲਾਜ ਨਾ ਹੋਵੇ ਐਸੀ ਵੀ ਕੋਈ ਮਰਜ ਨਹੀਂ, ਸੱਚੀ ਗੱਲ ਵਾਰਿਸ ਸ਼ਾਹ ਦੀ ਹੀਰ ਜਿਹੀ ਕੋਈ ਤਰਜ ਨਹੀਂ, ਗਜ਼ਲ ਪੇਸ਼ ਕੀਤੀ ਗਈ। ਪ੍ਰਤਾਪ ਪਾਰਸ ਗੁਰਦਾਸਪੁਰੀ ਨੇ: ਵਾਅਦੇ ਕਿਹੜੇ ਕੰਮ ਦੇ ਤੇ ਲਾਰੇ ਕਿਹੜੇ ਕੰਮ ਦੇ, ਪਾਰਸਾ ਇਹ ਮਿੱਤਰ ਪਿਆਰੇ ਕਿਹੜੇ ਕੰਮ ਦੇ, ਰਚਨਾ ਪੇਸ਼ ਕੀਤੀ। ਕਵੀ ਮੰਚ ਮੋਹਾਲੀ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਆਪਣੀ ਨਜ਼ਮ; ਸਤਲੁਜ ਬਿਆਸ ਰਾਵੀ ਦਰਿਆ ਵਿੱਚ, ਭਾਖੜਾ ਡੈਮ ਦਾ ਜਾਣਕਾਰੀ ਭਰਪੂਰ ਖਾਕਾ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਧਿਆਨ ਸਿੰਘ ਕਾਹਲੋਂ ਵੱਲੋਂ; ਪੂਜੋ ਉਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੇਸ਼ ਆਜ਼ਾਦ ਕਰਾਇਆ, ਗੀਤ ਪੇਸ਼ ਕੀਤਾ ਗਿਆ। ਪੁਆਧ ਇਲਾਕੇ ਦੇ ਨੌਜਵਾਨ ਗਾਇਕ ਸੁਖਵਿੰਦਰ ਦੁਰਾਲੀ ਨੇ; ਰੱਬ ਖੌਰੇ ਕਿੱਥੇ ਬਹਿਕੇ ਕਰਦਾ ਅਰਾਮ ਏ, ਚੋਰਾਂ ਨਾਲ ਪੂਰੀ ਗੱਲ ਚੌਂਕੀਦਾਰ ਦੀ ਅਤੇ ਆਪਣਾ ਰਿਕਾਰਡ ਹੋਇਆ ਗੀਤ; ਤੇਰੇ ਚੰਡੀਗੜ ਨੇ ਖਾ ਲਿਆ ਮੇਰਾ ਦੇਸ਼ ਪੁਆਧ ਕੁੜੇ, ਸੁਣਾ ਕੇ ਵਾਹਵਾ ਖੱਟੀ। ਪਿਆਰਾ ਸਿੰਘ ਰਾਹੀ ਵੱਲੋਂ; ਛੱਲਾਂ ਨੂੰ ਸਮਝਾਉਂਦੇ ਕੰਢੇ ਖੁਰ ਗਏ ਨੇ, ਸਭ ਤੋਂ ਵੱਡਾ ਪਰ ਦੁੱਖ ਕਹਿੰਦੇ ਭੁੱਖ ਦਾ ਏ, ਗੀਤ ਰਾਹੀਂ ਹਾਜ਼ਰੀ ਲੁਆਈ ਗਈ।
ਮਸ਼ਹੂਰ ਗੀਤਕਾਰ ਭੁਪਿੰਦਰ ਮਟੌਰੀਆ ਵੱਲੋਂ ਆਪਣੀ ਬੁਲੰਦ ਆਵਾਜ਼ ਵਿੱਚ ਲੋਕ ਤੱਥ; ਜਿੰਦਗੀ ਤਾਂ ਇੱਕ ਖੇਡ ਤਮਾਸ਼ਾ ਹੈ, ਪੇਸ਼ ਕੀਤੇ ਗਏ। ਬਲਜੀਤ ਫਿੱਡਿਆਂਵਾਲਾ ਵੱਲੋਂ; ਕੀਹਨੇ ਛੱਡ ਪੰਜਾਬ ਨੂੰ ਫੇਰ ਕੈਨੇਡਾ ਆਉਣਾ ਸੀ, ਸੁਣਾਇਆ ਗਿਆ। ਨੌਜਵਾਨ ਸ਼ਾਇਰ ਗਗਨ ਝੱਜ ਦੁਰਾਲੀ ਵੱਲੋਂ; ਅੱਜ ਰੁੱਖਾਂ ਨੂੰ ਸੁਣਾਦੇ ਕੋਈ ਨਗਮਾਂ ਜੋ ਛਾਂਵਾਂ ਦਿੰਦੇ ਧੁੱਪਾਂ ਚ ਖੜ੍ਹੇ, ਗਾਇਆ ਗਿਆ। ਇੰਦਰਜੀਤ ਪ੍ਰੇਮੀ ਵੱਲੋਂ; ਮੌਸਮ ਤੇਰੇ ਹੱਕ ਵਿੱਚ ਭੁਗਤੇ ਦੁਆ ਮੇਰੀ, ਨਾਲ ਹਾਜ਼ਰੀ ਲੁਆਈ। ਭੁਪਿੰਦਰ ਝੱਜ ਵੱਲੋਂ; ਮੇਰੀ ਸੁਰਤ ਭਲਾ ਦੀ ਤੇਰੇ ਨਾਂ ਦੇ ਅੱਖਰ ਨੇ, ਸੁਣਾਇਆ ਗਿਆ। ਦਰਸ਼ਨ ਤਿਉਣਾ ਵੱਲੋਂ; ਇਸ਼ਕਾ ਵੇ ਇਸ਼ਕਾ ਬੱਸ ਹੁਣ ਰਹਿਣ ਦੇ, ਰਚਨਾ ਪੇਸ਼ ਕੀਤੀ ਗਈ। ਗਾਇਕ ਗੁਰਿੰਦਰ ਗੁਰੀ ਵੱਲੋਂ; ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ, ਸੁਣਾ ਕੇ ਤਾੜੀਆਂ ਨਾਲ ਵਾਅਵਾ ਖੱਟੀ। ਮੰਦਰ ਸਿੰਘ ਗਿੱਲ ਸਾਹਿਬਚੰਦੀਆ ਵੱਲੋਂ; ਭਾਈ ਭਾਈ ਦਾ ਵੱਢਣ ਪ੍ਰਛਾਵਾਂ ਜ਼ਮਾਨਾਂ ਮਾੜਾ ਆਇਆ ਸੋਹਣਿਓ, ਗੀਤ ਸੁਣਾਇਆ ਗਿਆ। ਸਰਬਜੀਤ ਸਿੰਘ ਪੱਡਾ ਵੱਲੋਂ; ਕਈ ਅਧੂਰੀਆਂ ਖਾਹਸ਼ਾਂ ਦਾ ਸਿਲਸਿਲਾ ਹੈ ਇਹ ਜਿੰਦਗੀ ਅਤੇ ਸੂਰਜ ਦਾ ਨਗ ਜੜਿਆ ਰਚਨਾ ਪੇਸ਼ ਕੀਤੀ ਗਈ। ਰਾਜ ਕੁਮਾਰ ਸਾਹੋਵਾਲੀਆ ਨੇ ਜਿੱਥੇ ਵਧੀਆ ਮੰਚ ਸੰਚਾਲਨ ਕੀਤਾ, ਉੱਥੇ ਇਨਸਾਨ ਨੂੰ ਇਨਸਾਨ ਬਣਨ ਦੀ ਨਸੀਅਤ ਦਿੰਦੀ ਭਾਵਪੂਰਤ ਕਵਿਤਾ; ਬੰਦੇ ਨੂੰ, ਸੁਣਾ ਕਾਵਿਕ ਫਿਜ਼ਾ ਵਿੱਚ ਨਵੀਨੀ ਤੇ ਰੰਗੀਨੀ ਭਰੀ। ਮਲਕੀਅਤ ਔਜਲਾ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇੱਕ ਰਚਨਾ; ਦੁਨੀਆਂ ਦੇ ਕੋਨੇ ਕੋਨੇ ਵਿੱਚ ਇਹਨਾਂ ਜਾ ਕੇ ਮਾਣ ਉੱਚਾ ਕੀਤਾ ਤੇਰਾ ਨੀ ਪੰਜਾਬੀਏ, ਪੇਸ਼ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਜਿੱਥੇ ਅਮਰ ਵਿਰਦੀ ਨੇ ਗੁਰਿੰਦਰ ਗੁਰੀ ਅਤੇ ਭੁਪਿੰਦਰ ਮਟੌਰੀਏ ਨਾਲ ਮਿਲਕੇ; ਇਹ ਰੌਣਕ ਦੋ ਘੜੀਆਂ ਜਾਣਾ ਵਿੱਛੜ ਭਰਾਵੋ ਮੇਲਾ, ਸੁਣਾ ਕੇ ਬੱਲੇ ਬੱਲੇ ਕਰਵਾਈ ਉੱਥੇ ਭੁਪਿੰਦਰ ਝੱਜ ਨੇ ਮਲਕੀਅਤ ਔਜਲਾ ਅਤੇ ਭੁਪਿੰਦਰ ਮਟੌਰੀਏ ਨਾਲ ਮਿਲਕੇ; ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਕਵੀਸ਼ਰੀ ਸੁਣਾ ਕੇ ਮਹਿਫਲ ਲੁੱਟੀ।
ਕੈਪਸ਼ਨ: ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਅਤ ਔਜਲਾ, ਸਾਬਕਾ ਪ੍ਰਧਾਨ ਬਾਬੂ ਰਾਮ ਦੀਵਾਨਾ, ਰਾਜ ਕੁਮਾਰ ਸਾਹੋਵਾਲੀਆ, ਸੁਰਜੀਤ ਸੁਮਨ, ਭੁਪਿੰਦਰ ਝੱਜ, ਅਮਰ ਵਿਰਦੀ, ਭੁਪਿੰਦਰ ਮਟੌਰਵਾਲਾ, ਗੁਰਿੰਦਰ ਗੁਰੀ, ਬਲਜੀਤ ਫਿੱਡਿਆਂਵਾਲਾ, ਪਿਆਰਾ ਸਿੰਘ ਰਾਹੀ, ਦਰਸ਼ਨ ਤਿਉਣਾ, ਇੰਦਰਜੀਤ ਪ੍ਰੇਮੀ, ਸੁਖਵਿੰਦਰ ਦੁਰਾਲੀ, ਗਗਨ ਦੁਰਾਲੀ, ਧਿਆਨ ਸਿੰਘ ਕਾਹਲੋਂ, ਮੰਦਰ ਗਿੱਲ ਅਤੇ ਸਰਬਜੀਤ ਸਿੰਘ ਪੱਡਾ।

