www.sursaanjh.com > ਅੰਤਰਰਾਸ਼ਟਰੀ > ਮਾਂ ਬੋਲੀ ਪੰਜਾਬੀ ਦਾ ਝੰਡਾਬਰਦਾਰ – ਬਹਾਦਰ ਸਿੰਘ ਗੋਸਲ

ਮਾਂ ਬੋਲੀ ਪੰਜਾਬੀ ਦਾ ਝੰਡਾਬਰਦਾਰ – ਬਹਾਦਰ ਸਿੰਘ ਗੋਸਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਜਨਵਰੀ:

ਉਂਝ ਤਾਂ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਸਾਰੀਆਂ ਨਾਮੀ ਸ਼ਖਸ਼ੀਅਤਾਂ ਤਨੋਂ, ਮਨੋਂ ਅਤੇ ਧਨੋਂ ਆਪੋ ਆਪਣੇ ਢੰਗ ਨਾਲ ਯੋਗਦਾਨ ਪਾ ਰਹੀਆਂ ਹਨ ਪਰ ਕੁਝ ਕੁ ਸ਼ਖਸ਼ੀਅਤਾਂ ਤਾਂ ਅਜਿਹੀਆਂ ਹਨ ਜਿਹੜੀਆਂ ਪੰਜਾਬੀ ਬੋਲੀ ਦੇ ਉਥਾਨ ਲਈ ਦਿਨ ਰਾਤ ਇੱਕ ਕਰਕੇ ਨਿੱਤ ਨਵੇਂ ਦਿਸਹੱਦੇ ਸਿਰਜ ਰਹੀਆਂ ਹਨ। ਇਨ੍ਹਾਂ ਚੋਣਵੀਆਂ ਸ਼ਖਸ਼ੀਅਤਾਂ ਵਿਚੋਂ ਹੀ ਸਿਰਕੱਢ ਸ਼ਖਸ਼ੀਅਤ ਪ੍ਰਿੰ. ਬਹਾਦਰ ਸਿੰਘ ਗੋਸਲ ਹਨ, ਜਿਨ੍ਹਾਂ ਨੇ ਪੁਰਾਤਨ ਪੰਜਾਬੀ ਸਭਿਆਚਾਰ ਕਿਤਾਬੀ ਰੂਪ ਵਿੱਚ ਸੰਭਾਲ ਰੱਖਿਆ ਹੈ। ਪ੍ਰਿੰ. ਗੋਸਲ ਦਾ ਜਨਮ ਢਾਹਾ (ਜ਼ਿਲ੍ਹਾ  ਲੁਧਿਆਣਾ) ਦੀ ਧਰਤੀ ‘ਤੇ ਪੈਂਦੇ ਪਿੰਡ ਗੋਸਲਾਂ ਵਿੱਚ 8 ਅਪ੍ਰੈਲ ਉੱਨੀ ਸੌ ਉਨੰਜਾ ਵਿੱਚ ਪਿਤਾ ਸ੍ਰ. ਰਾਮ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ। ਬੜੀ ਲਗਨ ਨਾਲ ਪੜ੍ਹਾਈ ਕਰਦਿਆਂ ਪਹਿਲਾ ਬੀ.ਐਸ.ਸੀ., ਬੀ.ਐੱਡ ਤੇ ਨਾਲ ਹੀ ਐਮ.ਐਡ, ਐਮ.ਏ. ਇਤਿਹਾਸ ਤੇ ਪਬਲਿਕ ਐਡਮਿਨਿਸਟਰੇਸ਼ਨ ਦੀਆਂ ਡਿਗਰੀਆਂ ਹਾਸਲ ਕੀਤੀਆਂ। ਇੱਥੇ ਹੀ ਬੱਸ ਨਹੀਂ ਫਿਰ ਡਿਪਲੋਮਾ ਇੰਨ- ਪਾਪੂਲੇਸ਼ਨ ਐਜੂਕੇਸ਼ਨ ਤੇ ਡਿਪਲੋਮਾ ਇੰਨ ਸਿੱਖ ਸਟੱਡੀਜ਼ ਅਤੇ ਪੋਸਟ ਗਰੈਜੂਏਟ ਡਿਪਲੋਮਾ ਇਨ ਆਫਿਸ ਆਰਗੇਨਾਈਜੇਸ਼ਨ ਐਂਡ ਪਰੋਸੀਜ਼ਰ ਵੀ ਕਰ ਲਿਆ। ਪੇਸ਼ੇ ਵਜੋਂ ਉਹ ਇੱਕ ਯੋਗ ਅਧਿਆਪਕ ਹੋਣ ਦੇ ਨਾਲ ਨਾਲ ਯੂ.ਟੀ. ਟੀਚਰਜ਼ ਭਲਾਈ ਐਸੋਸੀਏਸ਼ਨ ਚੰਡੀਗੜ੍ਹ ਦੇ ਲਗਾਤਾਰ 15 ਸਾਲ ਪ੍ਰਧਾਨ ਅਤੇ ਐਜੂਕੇਸ਼ਨ ਐਡਵਾਈਜ਼ਰੀ ਕਮੇਟੀ ਚੰਡੀਗੜ੍ਹ ਦੇ ਮੈਂਬਰ ਰਹੇ ਹਨ। ਜਿੱਥੇ ਉਹ ਇੱਕ ਚੰਗੇ ਅਧਿਆਪਕ ਤੇ ਅਧਿਆਪਕ ਆਗੂ ਵੀ ਰਹੇ ਹਨ, ਉੱਥੇ ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਾਵਪੂਰਤ ਕਵਿਤਾਵਾਂ, ਕਹਾਣੀਆਂ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਵਧੀਆ ਲੇਖ ਵੀ ਲਿਖੇ ਜੋ ਅਕਸਰ ਹੀ ਵੱਖ-ਵੱਖ ਪ੍ਰਸਿੱਧ ਅਖਬਾਰਾਂ ਦੇ ਪੰਨਿਆਂ ਦਾ ਸ਼ਿੰਗਾਰ ਬਣਦੇ ਰਹੇ ਹਨ ਤੇ ਇਹ ਚਲਣ ਅੱਜ ਵੀ ਨਿਰੰਤਰ ਜਾਰੀ ਹੈ।

ਉਨ੍ਹਾਂ ਵਲੋਂ ਬਕਾਇਦਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ (ਰਜਿ:) ਚੰਡੀਗੜ੍ਹ ਦਾ ਦਫਤਰ ਖੋਲ੍ਹ ਕੇ ਹਰੇਕ ਪੰਜਾਬੀ ਲੇਖਕ ਨੂੰ ਖੁੱਲ੍ਹ ਕੇ ਲਿਖਣ ਲਈ ਪ੍ਰੇਰਨਾ ਵੀ ਦਿੱਤੀ ਹੈ। ਜਿੱਥੇ ਉਨ੍ਹਾਂ ਨੇ ਖੁਦ ਮੌਲਿਕ ਪੁਸਤਕਾਂ ਦੀ ਰਚਨਾ ਕੀਤੀ, ਉੱਥੇ ਵੱਖ-ਵੱਖ ਲਿਖਾਰੀਆਂ ਤੋਂ ਵੀ ਉਨ੍ਹਾਂ ਦੀ ਸਮਰੱਥਾ ਤੋਂ ਵੱਧ ਸਾਹਿਤ ਲਿਖਵਾ ਕੇ ਪੁਸਤਕਾਂ ਦੀ ਸੰਪਾਦਨਾ ਕਰਕੇ ਬਿਨਾਂ ਕਿਸੇ ਲਿਖਾਰੀ ਤੋਂ ਕੋਈ ਮਾਇਕ ਸਹਾਇਤਾ ਲਏ ਪ੍ਰਕਾਸ਼ਿਤ ਕਰਵਾਈਆਂ ਤੇ ਅੱਗੇ ਵੀ ਇਹ ਰੀਤ ਉਨ੍ਹਾਂ ਨੇ ਬਾਖੂਬੀ ਤੋਰੀ ਹੋਈ ਹੈ। ਇਸ ਵਕਤ ਤੱਕ ਉਨ੍ਹਾਂ ਦੀ ਮੌਲਿਕ ਤੇ ਸੰਪਾਦਿਤ ਕੀਤੀਆਂ ਵੱਖ-ਵੱਖ ਵਿਧਾਵਾਂ ਦੀਆਂ ਪੁਸਤਕਾਂ ਦੀ ਗਿਣਤੀ 115 ਤੋਂ ਵੀ ਪਾਰ ਜਾ ਚੁੱਕੀ ਹੈ। ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿੱਤ ਦਿਹਾੜੇ ਕੋਈ ਨਾ ਕੋਈ  ਸਾਹਿਤਕ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ ਤੇ ਪੰਜਾਬੀ ਬੋਲੀ ਲਈ ਕੰਮ ਕਰ ਰਹੇ ਬਹੁਤ ਸਾਰੇ ਲਿਖਾਰੀਆਂ ਨੂੰ ਮੈਡਲ, ਪੁਸਤਕਾਂ ਦੇ ਸੈੱਟ ਤੇ ਲੋਈਆਂ ਨਾਲ ਸਨਮਾਨਿਤ ਵੀ ਕਰਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਹੋਰ ਚੰਗੇਰਾ  ਲਿਖਣ ਲਈ ਪ੍ਰੇਰਿਤ ਕੀਤਾ ਜਾ ਸਕੇ। ਜੇਕਰ ਅੱਜ ਤੱਕ ਉਨ੍ਹਾਂ ਨੂੰ ਮਿਲੇ ਮਾਣ ਸਨਮਾਨ ਦੀ ਗੱਲ ਕਰੀਏ ਤਾਂ ਇਹ ਸੂਚੀ ਵੀ ਬਹੁਤ ਲੰਮੇਰੀ ਹੈ। ਉਨ੍ਹਾਂ ਨੂੰ ਸਟੇਟ ਅਵਾਰਡ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਤੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਕਵੀ ਮੰਚ (ਰਜਿ:) ਮੋਹਾਲੀ ਅਤੇ ‘ਸਾਹਿਤਕ ਸਿਤਾਰੇ ਮੰਚ ਤਰਨਤਾਰਨ’ ਵਲੋਂ ‘ਸ਼ਾਨ-ਏ-ਪੰਜਾਬ ਅਵਾਰਡ’ ਦਿੱਤਾ ਗਿਆ ਹੈ।  ਉਨ੍ਹਾਂ ਨੂੰ ਸਾਬੂ ਅਵਾਰਡ ਅਤੇ ਸ਼ਾਂਤੀ ਦੂਤ ਪੁਰਸਕਾਰ ਵੀ ਮਿਲ ਚੁੱਕੇ ਹਨ। ਗਵਰਨਰ ਪੰਜਾਬ ਵਲੋਂ ਵੀ ਵਿਸ਼ੇਸ਼ ਸਨਮਾਨ, ਰੋਟਰੀ ਕਲੱਬ ਚੰਡੀਗੜ੍ਹ, ਸੇਵਾ ਸੰਮਤੀ ਚੰਡੀਗੜ੍ਹ, ਲਾਇਨਜ਼ ਕਲੱਬ ਚੰਡੀਗੜ੍ਹ, ਪੁਆਧੀ ਸੱਥ ਮੋਹਾਲੀ ਅਤੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਦੀਆਂ 13 ਸਾਹਿਤਕ ਸਭਾਵਾਂ ਵਲੋਂ ਰਲ ਕੇ ਵੀ ਉਨ੍ਹਾਂ ਨੂੰ ਪੁਸਤਕਾਂ ਦਾ ਸੈਂਕੜਾ ਪਾਰ ਕਰਨ ਤੇ ਮਾਂ ਬੋਲੀ ਪੰਜਾਬੀ ਦਾ ਮਹਾਨ ਸਪੂਤ ਅਵਾਰਡ ਦਿੱਤਾ ਗਿਆ ਹੈ। ਬਹੁਤ ਸਾਰੀਆਂ ਸਮਾਜਿਕ ਤੇ ਵਿਦਿਅਕ ਸੰਸਥਾਵਾਂ ਨਾਲ ਉਨ੍ਹਾਂ ਦੀ ਨੇੜਤਾ ਰਹੀ ਹੈ ਜੇ ਥੋੜ੍ਹੇ ਸ਼ਬਦਾਂ ਵਿਚ ਕੁਝ ਕਹਿਣਾ ਹੋਵੇ ਤਾਂ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਇੱਕ ਸੰਸਥਾ ਜਿੰਨਾ ਕੰਮ ਇਕੱਲਿਆ ਹੀ ਕੀਤਾ ਗਿਆ ਹੈ ਤੇ ਅੱਜ ਵੀ ਉਹ ਮਾਂ-ਬੋਲੀ ਦੀ ਚੜ੍ਹਤ ਲਈ ਦਿਨ ਰਾਤ ਤਤਪਰ ਹਨ। ਉਹ ਸਹੀ ਅਰਥਾਂ ਵਿੱਚ ਤਨੋਂ, ਮਨੋਂ ਤੇ ਧਨੋਂ ਇਸ ਨੇਕ ਕਾਰਜ ਵਿੱਚ ਯਤਨਸ਼ੀਲ ਹਨ। ਇਸ ਸ਼ਖਸ਼ੀਅਤ ਵਲੋਂ ਕੀਤੇ ਕਾਰਜਾਂ ਤੇ ਪੰਜਾਬੀ ਜਿੰਨਾ ਵੀ ਮਾਣ ਕਰਨ, ਉਹ ਘੱਟ ਹੋਵੇਗਾ। ਮੈਂ ਵੀ ਇਸ ਸ਼ਖਸ਼ੀਅਤ ਬਾਰੇ ਚੰਦ ਕੁ ਲਫਜ਼ ਪਾਠਕਾਂ ਨਾਲ ਸਾਂਝੇ ਕਰਕੇ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ। ਅੱਜ ਮਾਂ-ਬੋਲੀ ਪੰਜਾਬੀ ਦੇ ਦੇਸ਼ ਦਿਸਾਂਤਰਾਂ ਵਿੱਚ ਧੜੱਲੇ ਨਾਲ ਪ੍ਰਚਾਰ ਤੇ ਪ੍ਰਸਾਰ ਲਈ ਇਹੋ ਜਿਹੇ ਸੁੱਚੇ ਸਪੂਤਾਂ ਦੀ ਅਤਿਅੰਤ ਲੋੜ ਹੈ। ਸੱਚ ਜਾਣਿਓ ਉਨ੍ਹਾਂ ਨੇ ਆਪਣੇ ਨਾਂ ਦੀ ਸਾਰਥਿਕਤਾ ਬਰਕਰਾਰ ਰੱਖਦੇ ਹੋਏ, ਵਾਕਿਆ ਹੀ ਪੰਜਾਬੀ ਬੋਲੀ ਲਈ ਬਹਾਦਰਾਂ ਵਾਲਾ ਕੰਮ ਕੀਤਾ ਹੈ।

ਰਾਜ ਕੁਮਾਰ ਸਾਹੋਵਾਲੀਆ – ਮੋ:ਨੰ: 89682-40914

Leave a Reply

Your email address will not be published. Required fields are marked *