ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਦਸੰਬਰ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਦੇ ਦਫਤਰ ਦੇ ਸਾਹਮਣੇ ਪਾਰਕ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ‘‘ਇਕ ਬੂਟਾ ਅੰਬੀ ਦਾ” ਪੰਜਾਬੀ ਦੇ ਨਾਂ ਲਗਾਉਣਾ ਅਤੇ ਕਵੀ ਦਰਬਾਰ ਦਾ ਅਨੰਦ ਮਾਨਣਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਨਵਰੀਤ ਕੌਰ (ਐਮ.ਡੀ.) ਸਰਕਾਰੀ ਡਿਸਪੈਂਸਰੀ ਸੈਕਟਰ-41 ਚੰਡੀਗੜ੍ਹ ਸਨ। ਸਮਾਗਮ ਦੀ ਪ੍ਰਧਾਨਗੀ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ ਅਤੇ ਪ੍ਰਧਾਨਗੀ ਮੰਡਲ ਵਿਚ ਸ੍ਰੀ ਰਾਜ ਕੁਮਾਰ ਸਾਹੋਵਾਲੀਆ, ਰਣਜੋਧ ਸਿੰਘ ਰਾਣਾ, ਰਾਜਵਿੰਦਰ ਸਿੰਘ ਗੱਡੂ ਅਤੇ ਪਿਆਰਾ ਸਿੰਘ ਸ਼ਾਮਲ ਸਨ। ਸਭ ਤੋਂ ਪਹਿਲਾ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਦੂਜੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਦੱਸਿਆ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਹਰ ਸਾਲ ਪੌਦਾ ਰੋਪਣ ਕੀਤਾ ਜਾਂਦਾ ਹੈ ਅਤੇ ਅੰਬ ਦੇ ਰੁੱਖ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੁਆਧ ਦੀ ਧਰਤੀ ਉੱਤੇ ਅੰਬਾਂ ਦੇ ਰੁੱਖ ਬੜੀ ਜਲਦੀ ਫਲ਼ਦੇ ਹਨ ਅਤੇ ਪੁਆਧ ਨੂੰ ਅੰਬਾਂ ਦੀ ਧਰਤੀ ਕਿਹਾ ਜਾਂਦਾ ਹੈ।


ਉਸ ਤੋਂ ਬਾਅਦ ਇੱਕ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪਿਆਰਾ ਸਿੰਘ ਰਾਹੀ ਵਲੋਂ ਇੱਕ ਸਮਾਜਿਕ ਗੀਤ ਰਾਹੀਂ ਕੀਤੀ ਗਈ। ਉਸ ਤੋਂ ਬਾਅਦ ਜਿਨ੍ਹਾਂ ਕਵੀਆਂ ਨੇ ਕਵੀ ਦਰਬਾਰ ਵਿਚ ਆਪਣੀਆਂ ਰਚਨਾਵਾਂ ਨਾਲ ਰੰਗ ਬੰਨ੍ਹਿਆ ਉਨ੍ਹਾਂ ਵਿੱਚ ਰਣਜੋਧ ਸਿੰਘ ਰਾਣਾ, ਕ੍ਰਿਸ਼ਨ ਰਾਹੀ (ਜੁਆਇੰਟ ਸਕੱਤਰ), ਰਾਜ ਕੁਮਾਰ ਸਾਹੋਵਾਲੀਆ, ਬਲਵਿੰਦਰ ਸਿੰਘ, ਬਹਾਦਰ ਸਿੰਘ ਗੋਸਲ, ਰਾਜਵਿੰਦਰ ਸਿੰਘ ਗੱਡੂ, ਦਲਬੀਰ ਸਿੰਘ ਸਰੋਆ, ਮੰਦਰ ਗਿੱਲ ਸਾਹਿਬਚੰਦੀਆ ਅਤੇ ਪਿਆਰਾ ਸਿੰਘ ਰਾਹੀ ਸ਼ਾਮਲ ਸਨ। ਉਸ ਤੋਂ ਬਾਅਦ ਸਮੂਹ ਮਹਿਮਾਨਾਂ ਅਤੇ ਕਵੀਆਂ ਦੀ ਹਾਜ਼ਰੀ ਵਿੱਚ ਇਕ ਅੰਬੀ ਦਾ ਬੂਟਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਖੁਲ੍ਹੇ ਪਾਰਕ ਵਿੱਚ ਲਗਾਇਆ ਗਿਆ। ਮੁੱਖ ਮਹਿਮਾਨ ਨੇ ਆਪਣੇ ਕਰ ਕਮਲਾਂ ਨਾਲ ਇਹ ਬੂਟਾ ਲਗਾ ਕੇ, ਸੰਸਥਾ ਦੇ ਇਸ ਵੱਡੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਕਾਰੀ ਡਿਸਪੈਂਸਰੀ (ਬਡਹੇੜੀ) ਦਾ ਸਮੂਹ ਸਟਾਫ, ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ ਅਤੇ ਹਾਜ਼ਰ ਕਵੀਆਂ ਨੇ ਖੂਬ ਤਾੜੀਆਂ ਲਗਾ ਕੇ ਵਾਤਾਵਰਣ ਦੀ ਸ਼ੁੱਧੀ ਲਈ ਨਵੇਂ ਰੁੱਖ ਦਾ ਆਗਮਨ ਕੀਤਾ। ਹਾਜ਼ਰ ਵਿਅਕਤੀਆਂ ਵਿੱਚ ਰਜਨੀ, ਕੁਲਦੀਪ ਕੌਰ, ਹਰਜੀਤ ਕੌਰ, ਰੂਚਿਕਾ, ਸੁਰੇਸ਼ ਕੁਮਾਰ, ਅਕਾਸ਼, ਬਲਵਿੰਦਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
ਕਵੀ ਦਰਬਾਰ ਵਿਚ ਸਟੇਜ ਸਕੱਤਰ ਦੀ ਸੇਵਾ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਬਾ-ਖੂਬੀ ਨਿਭਾਈ ਗਈ ਅਤੇ ਅੰਤ ਵਿੱਚ ਸ੍ਰ. ਪਿਆਰਾ ਸਿੰਘ ਰਾਹੀਂ ਵਲੋਂ ਸਭ ਹਾਜ਼ਰ ਪਤਵੰਤਿਆਂ ਅਤੇ ਸਰਕਾਰੀ ਡਿਸਪੈਂਸਰੀ ਸੈਕਟਰ 41 ਚੰਡੀਗੜ੍ਹ ਦੇ ਸਮੂਹ ਸਟਾਫ ਦੀ ਸ਼ਮੂਲੀਅਤ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਾਹਿਤ ਅਤੇ ਸਿਹਤ ਦਾ ਸੁਮੇਲ ਸਮਾਜਿਕ ਵਾਤਾਵਰਣ ਲਈ ਬਹੁਤ ਜ਼ਰੂਰੀ ਹੈ ਅਤੇ ਸਾਡੇ ਰੁੱਖ ਵੀ ਵਾਤਾਵਰਣ ਨੂੰ ਹੋਰ ਚੰਗੇਰਾ ਬਣਾਉਣ ਵਿੱਚ ਸਹਾਈ ਹੁੰਦੇ ਹਨ। ਸ੍ਰ. ਰਾਜਵਿੰਦਰ ਸਿੰਘ ਗੱਡੂ ਨੇ ਇਸ ਉਪਰਾਲੇ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਇਕ ਵਿਲੱਖਣ, ਪਰਉਪਕਾਰੀ ਅਤੇ ਸਮਾਜਿਕ ਸੇਧ ਵਾਲਾ ਦੱਸਿਆ ਅਤੇ ਸਮੂਹ ਮੈਂਬਰਾਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ।
ਫੋਟੋ ਕੈਪਸ਼ਨ – ਮੁੱਖ ਮਹਿਮਾਨ ਡਾ. ਨਵਰੀਤ ਕੌਰ ਐਮ.ਡੀ. ਅਤੇ ਸੰਸਥਾ ਦੇ ਅਹੁਦੇਦਾਰ ਪ੍ਰਧਾਨ ਬਹਾਦਰ ਸਿੰਘ ਗੋਸਲ, ਕ੍ਰਿਸ਼ਨ ਰਾਹੀ, ਰਾਜ ਕੁਮਾਰ ਸਾਹੋਵਾਲੀਆ, ਰਾਜਵਿੰਦਰ ਸਿੰਘ ਗੱਡੂ ਅਤੇ ਦਲਬੀਰ ਸਿੰਘ ਸਰੋਆ ਸਮੇਤ ਮਹਿਮਾਨ, ਪੰਜਾਬੀ ਦੇ ਨਾਮ ਤੇ ‘ਇੱਕ ਬੂਟਾ ਅੰਬੀ ਦਾ’ ਲਗਾਉਂਦੇ ਹੋਏ।

