www.sursaanjh.com > ਅੰਤਰਰਾਸ਼ਟਰੀ > ਮਾਜਰੀ ਤਹਿਸੀਲ ‘ਚ ਤਹਿਸੀਲਦਾਰ ਸੋਹੀ ਦਾ ਸਨਮਾਨ

ਮਾਜਰੀ ਤਹਿਸੀਲ ‘ਚ ਤਹਿਸੀਲਦਾਰ ਸੋਹੀ ਦਾ ਸਨਮਾਨ

ਚੰਡੀਗੜ੍ਹ 7 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿਛਲੇ ਦਿਨੀਂ ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਤਹਿਸੀਲਦਾਰਾਂ ਵੱਲੋਂ ਤਹਿਸੀਲਾਂ ਵਿੱਚ ਕੰਮ ਠੱਪ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਪੰਜਾਬ ਵੱਲੋਂ ਤਹਿਸੀਲਦਾਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸੇ ਦੇ ਚਲਦੇ ਸਬ ਤਹਿਸੀਲ ਮਾਜਰੀ ਵਿਖੇ ਵੀ ਇੱਥੇ ਤਾਇਨਾਤ ਸਬ ਤਹਿਸੀਲਦਾਰ ਦੇ ਤੌਰ ਤੇ ਕੰਮ ਕਰਦੇ ਰਾਕੇਸ਼ ਅਗਰਵਾਲ ਡਿਊਟੀ ਤੇ ਨਾ ਆਉਣ ਕਰਕੇ ਮੁਹਾਲੀ ਏਡੀਸੀ ਜਰਨਲ ਦੇ ਸਹਾਇਕ ਗੁਰਦੇਵ ਸਿੰਘ ਸੋਹੀ ਨੂੰ ਮਾਜਰੀ ਤਹਿਸੀਲ ਵਿਖੇ ਤਹਿਸੀਲਦਾਰ ਲਾਇਆ ਗਿਆ ਹੈ। ਬੇਸ਼ੱਕ ਮੁੱਖ ਮੰਤਰੀ ਦੇ ਇਸ ਦਬਕੇ ਦੀ ਲੋਕਾਂ ਦੁਆਰਾ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਉੱਚ ਅਧਿਕਾਰੀਆਂ ਦਾ ਭਰਿਸ਼ਟਾਚਾਰ ਦੇ  ਹੱਕ ਵਿਚ ਹਾਅ ਦਾ ਨਾਅਰਾ ਮਾਰਨਾ ਸਿਸਟਮ ਲਈ ਚੰਗੀ ਗੱਲ ਨਹੀਂ ਹੈ। ਗੁਰਦੇਵ ਸਿੰਘ ਸੋਹੀ ਪਹਿਲਾਂ ਵੀ ਮਾਜਰੀ ਵਿਖੇ ਰਜਿਸਟਰੀ ਕਲਰਕ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ।
ਇਹਨਾਂ ਦੀ ਇਮਾਨਦਾਰੀ ਅਤੇ ਕੰਮ ਪ੍ਰਤੀ ਲਗਨ ਨੂੰ ਦੇਖਦੇ ਹੋਏ ਜ਼ਿਲ੍ਹੇ ਵਿੱਚੋਂ ਇਹਨਾਂ ਨੂੰ ਮਾਜਰੀ ਵਿਖੇ ਤਹਿਸੀਲਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅੱਜ ਭਾਜਪਾ ਆਗੂ ਜੈਮਲ ਸਿੰਘ ਮਾਜਰੀ ਨੇ ਨਵੇਂ ਤਹਿਸੀਲਦਾਰ ਸੋਹੀ ਦਾ ਵਿਸ਼ੇਸ਼ ਸਨਮਾਨ ਕੀਤਾ ਹੈ। ਇਸ ਮੌਕੇ ਭਾਜਪਾ ਆਗੂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਤਕੜੇ ਹੋ ਕੇ ਲੜ ਰਹੀ ਹੈ ਪਰ ਇਸ ਕੰਮ ਵਿਚ ਸਿਆਸੀ ਲੋਕਾਂ ਦੀ ਦਖਲਅੰਦਾਜ਼ੀ ਰੋਕਣਾ ਵੀ ਸਰਕਾਰ ਦਾ ਫਰਜ਼ ਹੈ। ਇਸ ਮੌਕੇ ਸੀਨੀਅਰ ਐਡਵੋਕੇਟ ਬੇਅੰਤ ਸਿੰਘ, ਬਲਾਕ ਪ੍ਰਧਾਨ ਰਾਜਕੁਮਾਰ ਸਿਆਲਬਾ, ਨੰਬਰਦਾਰ ਅੰਗਰੇਜ਼ ਸਿੰਘ ਨਾਢਾ, ਰਜਿਸਟਰੀ ਕਲਰਕ ਅਮਨਦੀਪ ਸਿੰਘ ਅਤੇ ਤਹਿਸੀਲ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *