ਚੰਡੀਗੜ੍ਹ 12 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਸਖ਼ਤੀ ਦੌਰਾਨ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਤਹਿਤ 16,800 ਨਸ਼ੀਲੀ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ ਕੀਤੇ ਗਏ। ਸੀਨੀਅਰ ਪੁਲਿਸ ਕਪਤਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਕਪਤਾਨ ਪੁਲਿਸ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਐਸ ਪੀ ਮੁੱਲਾਂਪੁਰ ਧਰਮਵੀਰ ਸਿੰਘ ਦੀ ਨਿਗਰਾਨੀ ਹੇਠ ਥਾਣਾ ਮਾਜਰੀ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਸ਼ਫੀ ਮੁਹੰਮਦ ਪੁੱਤਰ ਰੁਲਦੂ ਖਾਨ ਵਾਸੀ ਪਿੰਡ ਪੁਰਖਾਲੀ ਜ਼ਿਲ੍ਹਾ ਰੋਪੜ ਅਤੇ ਦਰਸ਼ਨ ਸਿੰਘ ਪੁੱਤਰ ਪ੍ਰਕਾਸ਼ ਚੰਦ ਵਾਸੀ ਪਿੰਡ ਸਿਆਲਬਾ ਮੋਹਾਲੀ ਪਾਸੋਂ ਉਕਤ ਬਰਾਮਦਗੀ ਕੀਤੀ ਗਈ।
ਉਹਨਾਂ ਦੱਸਿਆ ਕਿ ਇੰਸਪੈਕਟਰ ਯੁਗੇਸ਼ ਕੁਮਾਰ ਮੁੱਖ ਥਾਣਾ ਅਫਸਰ ਮਾਜਰੀ ਦੀ ਨਿਗਰਾਨੀ ਹੇਠ ਥਾਣਾ ਮਾਜਰੀ ਦੀ ਪੁਲਿਸ ਪਾਰਟੀ 11 ਨਵੰਬਰ ਨੂੰ ਗਸ਼ਤ ਦੌਰਾਨ ਪਿੰਡ ਮਾਣਕਪੁਰ ਸ਼ਰੀਫ ਤੋਂ ਸਿਆਲਬਾ-ਮਾਜਰੀ ਰੋਡ ਵਿਖੇ ਮੌਜੂਦ ਸੀ ਤਾਂ ਦੋ ਵਿਅਕਤੀ ਪੈਦਲ ਮਾਜਰੀ ਵੱਲ ਨੂੰ ਜਾ ਰਹੇ ਦਿਖਾਈ ਦਿੱਤੇ, ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖਦੇ ਹੀ ਆਪਣੇ ਹੱਥ ਵਿੱਚ ਫੜੇ ਲਿਫਾਫੇ ਸੜਕ ਦੇ ਕਿਨਾਰੇ ਸੁੱਟ ਦਿੱਤੇ ਅਤੇ ਦੂਸਰੇ ਪਾਸੇ ਨੂੰ ਜਾਣ ਲੱਗੇ। ਪੁਲਿਸ ਵੱਲੋਂ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛੇ ਜਾਣ ਤੇ ਉਨਾਂ ਨੇ ਆਪਣਾ ਨਾਮ ਸ਼ਫੀ ਮੁਹੰਮਦ ਅਤੇ ਦਰਸ਼ਨ ਸਿੰਘ ਦੱਸਿਆ। ਲਿਫਾਫਿਆਂ ਦੀ ਤਲਾਸ਼ੀ ਦੌਰਾਨ ਲੋਮੋਟਿਲ ਦੇ 280 ਪੱਤੇ ਬਰਾਮਦ ਹੋਏ ਜਿਨ੍ਹਾਂ ਵਿੱਚੋਂ ਹਰ ਪੱਤੇ ਵਿੱਚ 60 ਗੋਲੀਆਂ ਸਨ। ਉਹਨਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਮੁਕਦਮਾ ਨੰਬਰ 113 ਮਿਤੀ 11 ਨਵੰਬਰ, ਅਧੀਨ ਧਾਰਾ 22-61-85 ਐਨ ਡੀ ਪੀ ਐਸ ਐਕਟ, ਥਾਣਾ ਮਾਜਰੀ ਵਿਖੇ ਦਰਜ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਨੂੰ ਇਲਾਕਾ ਮਜਿਸਟਰੇਟ ਖਰੜ ਦੀ ਅਦਾਲਤ ਵਿੱਚ ਅੱਜ ਪੇਸ਼ ਕਰਨ ਉਪਰੰਤ ਇੱਕ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਜਿਸ ਦੌਰਾਨ ਇਹਨਾਂ ਦੇ ਨਸ਼ਾ ਤਸਕਰਾਂ ਨਾਲ ਅਗਲੇਰੇ ਅਤੇ ਪਿਛਲੇਰੇ ਸਬੰਧਾਂ ਦੀ ਜਾਂਚ ਕੀਤੀ ਜਾਏਗੀ।

