ਅਸੀਂ ਆਪਣੇ ਸੁਰੱਖਿਆ ਦਸਤਿਆਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ; ਪਾਕਿਸਤਾਨ ਨੂੰ ਮਿਲੇਗਾ ਮੂੰਹ ਤੋੜ ਜਵਾਬ: ਭਗਵੰਤ ਸਿੰਘ ਮਾਨ


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਡਰੋਨ ਰਾਹੀਂ ਪਾਕਿਸਤਾਨ ਨਸ਼ਾ ਤੇ ਹਥਿਆਰ ਭੇਜ ਕੇ ਸਾਡੇ ਨੌਜਵਾਨਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਅਤੇ ਅਤਿਵਾਦ ਨੂੰ ਫੰਡਿੰਗ ਦਿੰਦਾ ਹੈ ਪਰ ਹੁਣ ਇਹ ਹਰਕਤਾਂ ਨਹੀਂ ਚੱਲਣਗੀਆਂ। ਪੰਜਾਬ ਸਰਕਾਰ ਇਸ ਸਾਜ਼ਿਸ਼ ਨੂੰ ਜੜ੍ਹੋਂ ਖ਼ਤਮ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਦੇਸ਼ ਦੀ ਅਖੰਡਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਆਪਣੀਆਂ ਸੁਰੱਖਿਆ ਏਜੰਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਪਾਕਿਸਤਾਨ ਨੂੰ ਹਰ ਮੋਰਚੇ ਉਤੇ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਇਹ ਫੈਸਲਾ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਸੂਬੇ ਦੀ ਕਾਫ਼ੀ ਲੰਮੀ ਕੌਮਾਂਤਰੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ ਅਤੇ ਸੂਬਾ, ਹੈਰੋਇਨ ਦੇ ਮੁੱਖ ਉਤਪਾਦਕ ਅਫ਼ਗਾਨਿਸਤਾਨ ਦੇ ਨੇੜੇ ਸਥਿਤ ਹੈ। ਇਹ ਖ਼ੇਤਰ ਲੰਮੇ ਸਮੇਂ ਤੋਂ ਪਾਕਿਸਤਾਨ ਸਮਰਥਿਤ ਨਾਰਕੋ ਅਤਿਵਾਦ ਦਾ ਸ਼ਿਕਾਰ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਹਾਲੀਆ ਸਾਲਾਂ ਵਿੱਚ ਡਰੋਨ ਅਤੇ ਯੂ.ਏ.ਵੀ. ਰਾਹੀਂ ਸਰਹੱਦਾਂ ਉਤੇ ਸੰਨ੍ਹ ਲਾਉਣ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਡਰੋਨਾਂ ਦੀ ਵਰਤੋਂ ਹਥਿਆਰਾਂ, ਨਸ਼ੇ ਤੇ ਹੋਰ ਧਮਾਕਾਖੇਜ਼ ਸਮੱਗਰੀ ਭਾਰਤ ਭੇਜਣ ਲਈ ਕੀਤੀ ਜਾ ਰਹੀ ਹੈ। ਹੁਣ ਇਹ ਅਤਿ ਆਧੁਨਿਕ ਐਂਟੀ ਡਰੋਨ ਸਿਸਟਮ ਇਨ੍ਹਾਂ ਖ਼ਤਰਿਆਂ ਨੂੰ ਸਮਾਂ ਰਹਿੰਦੇ ਪਛਾਣ ਕੇ ਇਨ੍ਹਾਂ ਨੂੰ ਬਰਬਾਦ ਕਰੇਗਾ। ਇਸ ਦੇ ਨਾਲ ਹੀ ਇਹ ਤਕਨੀਕ ਵੀ.ਆਈ.ਪੀ. ਮੂਵਮੈਂਟ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਸੁਰੱਖਿਆ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਕੈਬਨਿਟ ਦਾ ਇਹ ਫੈਸਲਾ ਸਰਹੱਦੀ ਜ਼ਿਲ੍ਹਿਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਠੋਸ ਤੇ ਰਣਨੀਤਕ ਕਦਮ ਹੈ।

