ਮਾਸਿਕ ਇਕੱਤਰਤਾ ਦੌਰਾਨ ਸਵ: ਸੁਖਜੀਤ ਦੀ ‘ਬਰਫ਼’ ਕਹਾਣੀ ’ਤੇ ਹੋਈ ਭਰਪੂਰ ਚਰਚਾ
ਸਭਾ ਦੇ ਮੁੱਢਲੇ ਮੈਂਬਰ ਦਰਸ਼ਨ ਸਿੰਘ ਕੰਗ ਵੱਲੋਂ ਸੁਪਤਨੀ ਰੁਪਿੰਦਰ ਕੌਰ ਕੰਗ ਦੀ ਯਾਦ ਵਿੱਚ ਸਭਾ ਨੂੰ 5100 ਰੁਪਏ ਦਿੱਤੇ
ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੂਨ:
ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਸਭ ਤੋਂ ਪਹਿਲਾਂ ਸਭਾ ਦੇ ਮੁੱਢਲੇ ਮੈਂਬਰ ਦਰਸ਼ਨ ਸਿੰਘ ਕੰਗ ਦੀ ਸੁਪਤਨੀ ਰੁਪਿੰਦਰ ਕੌਰ ਕੰਗ, ਸਾਹਿਤਕਾਰ ਗਜ਼ਲਗੋ ਗੁਲਜ਼ਾਰ ਪੰਧੇਰ ਦੇ ਵੱਡੇ ਭਰਾ ਅਤੇ ਨਾਮਵਰ ਸ਼ਾਇਰਾ ਰਵਨੀਤ ਦੇ ਸਦੀਵੀ ਵਿਛੋੜੇ ‘ਤੇ ਅਫਸੋਸ ਪ੍ਰਗਟ ਕਰਕੇ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ।


ਮੀਟਿੰਗ ਦੀ ਕਾਰਵਾਈ ਕਹਾਣੀਕਾਰਾ ਯਤਿੰਦਰ ਕੌਰ ਮਾਹਲ ਵੱਲੋਂ ਸ਼ੁਰੂ ਕਰਦੇ ਹੋਏ ਦਰਸ਼ਨ ਸਿੰਘ ਕੰਗ ਦੇ ਪਰਿਵਾਰ ਵੱਲੋਂ ਨਮਿਤ ਰੁਪਿੰਦਰ ਕੌਰ ਕੰਗ ਦੇ ਭੋਗ ਮੌਕੇ ਸਭਾ ਨੂੰ 5100 ਰੁਪਏ ਦਿੱਤੇ ਜਾਣ ਦਾ ਧੰਨਵਾਦ ਕੀਤਾ। ਇਸ ਉਪਰੰਤ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਸਭਾ ਦੇ ਸਾਬਕਾ ਚੇਅਰਮੈਨ ਕਹਾਣੀਕਾਰ ਸਵ: ਸੁਖਜੀਤ ਦੀਆਂ ਕਹਾਣੀਆਂ ਦੀ ਲੜੀ ਤਹਿਤ ਇਸ ਵਾਰ ‘ਬਰਫ਼’ ਕਹਾਣੀ ਦੇ ਸੰਦਰਭ ਵਿੱਚ ਕਹਾਣੀਕਾਰਾਂ ਵੱਲੋਂ ਭਰਵੀਂ ਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ।
ਕਹਾਣੀ ‘ਤੇ ਗੱਲ ਕਰਦਿਆਂ ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਸੰਦੀਪ ਸਮਰਾਲਾ, ਗੁਰਦੀਪ ਮਹੌਣ, ਅਮਨ ਸਮਰਾਲਾ ਅਤੇ ਲੇਖਿਕਾ ਦਿਆਲ ਕੌਰ ਵੱਲੋਂ ਅਲੱਗ ਅਲੱਗ ਨਜ਼ਰੀਏ ਤੋਂ ਕਹਾਣੀ ਨੂੰ ਵਿਚਾਰਿਆ ਗਿਆ ਅਤੇ ਸਮਾਜਿਕ ਕਦਰਾਂ ਕੀਮਤਾਂ, ਮਰਿਆਦਾਵਾਂ, ਔਰਤ-ਮਰਦ ਵਿੱਚਲੀ ਖਿੱਚ ਆਦਿ ਮੁੱਦਿਆ ‘ਤੇ ਭਰਵੀਂ ਵਿਚਾਰ ਚਰਚਾ ਕੀਤੀ। ਬਲਵੰਤ ਮਾਂਗਟ ਨੇ ਇਸਨੂੰ ਮਨੋਵਿਗਿਆਨ ਦੀ ਅਜਿਹੀ ਕਹਾਣੀ ਦੱਸਿਆ, ਜੋ ਨੈਤਿਕਤਾ ਵਿੱਚ ਰਹਿੰਦਿਆਂ ਬਹੁਤ ਸਾਰੀਆਂ ਅਨੈਤਿਕ ਚੀਜ਼ਾਂ ਪ੍ਰਤੀ ਸੁਚੇਤ ਕਰਦੀ ਹੈ। ਕਹਾਣੀਕਾਰਾ ਯਤਿੰਦਰ ਕੌਰ ਮਾਹਲ ਨੇ ਇਸ ਨੂੰ ਪ੍ਰਸਥਿਤੀਆਂ ਮੁਤਾਬਿਕ ਮਨੁੱਖੀ ਮਨ ਦੇ ਅੰਤਰੀਵ ’ਚ ਪੈਦਾ ਹੋਏ ਸਮਾਜ ਵਿਰੋਧੀ, ਵਿਵਰਜਿਤ ਖਿਆਲਾਂ ਵਾਲ਼ੀ ਸੂਖਮ ਵਿਸ਼ੇ ਦੀ ਕਹਾਣੀ ਦੱਸਿਆ, ਜੋ ਬਹੁਤ ਸਾਰੇ ਸਵਾਲ ਤਾਂ ਖੜ੍ਹੇ ਕਰਦੀ ਹੈ ਅਤੇ ਉਨ੍ਹਾਂ ਨੂੰ ਸੁਲਝਾਉਣ ਲਈ ਵਿਸ਼ੇ ਜਿੰਨੀ ਹੀ ਸੂਖਮਤਾ ਦੀ ਵੀ ਮੰਗ ਕਰਦੀ ਹੈ।
ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਫਿਲਾਸਫਿਕ ਕਹਾਣੀ ਦੱਸਦਿਆਂ ਕਿਹਾ ਕਿ ਇਹ ਨਿੱਜੀ ਅਜ਼ਾਦੀ ਤੇ ਸਮਾਜਿਕ ਤਾਣੇ-ਬਾਣੇ, ਆਨੰਦ ਤੇ ਡਰ ਵਿਚਲੀ ਕਸ਼ਮਕਸ਼ ਅਤੇ ਤੁਹਾਨੂੰ ਤੁਹਾਡੇ ਜਾਣੇ ਹੋਏ ਸੱਚ ਦੇ ਖਿਲਾਫ ਖੜ੍ਹਾ ਕਰਦੀ ਕਹਾਣੀ ਹੈ, ਜੋ ਆਪਣੇ ਸਵਾਲਾਂ ਨੂੰ ਸੁਲਝਾਏ ਬਗੈਰ ਪਾਠਕ ਦਾ ਪਿੱਛਾ ਨਹੀਂ ਛੱਡਦੀ। ਰਚਨਾਵਾਂ ਦੇ ਦੌਰ ਵਿੱਚ ਰਵਿੰਦਰ ਰੁਪਾਲ ਕੌਲਗੜ੍ਹ ਨੇ ਲੇਖ ‘ਲੋਡਡ ਏ. ਕੇ. ਸੰਤਾਲੀ’ ਸੁਣਾਇਆ, ਜਿਸ ‘ਤੇ ਸਾਥੀਆਂ ਵੱਲੋਂ ਸੁਝਾਅ ਦਿੱਤੇ ਗਏ। ਬਲਵੰਤ ਮਾਂਗਟ ਅਤੇ ਹਰਬੰਸ ਮਾਲਵਾ ਨੇ ਗੀਤ ਅਤੇ ਅਮਰਿੰਦਰ ਸੋਹਲ ਨੇ ਗਜ਼ਲ ਸਾਂਝੀ ਕੀਤੀ। ਅਖੀਰ ਬਲਵਿੰਦਰ ਸਿੰਘ ਗਰੇਵਾਲ ਨੇ ਮੀਟਿੰਗ ਵਿੱਚ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ : ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇੱਕਤਰਤਾ ਵਿੱਚ ਸ਼ਿਰਕਤ ਕਰਨ ਵਾਲੇ ਸਾਹਿਤਕਾਰ।

