ਰਾਜਸੀ ਪਾਰਟੀਆਂ “ਪੂਰਾ ਪੰਜਾਬ” ਲਹਿਰ ਦੇ ਮੰਚ ਤੇ ਪੰਜਾਬ ਦੇ ਹਿੱਤਾਂ ਸਬੰਧੀ ਆਪਣਾ ਏਜੰਡਾ ਪੇਸ਼ ਕਰਨ-:ਅਜੇਪਾਲ ਸਿੰਘ ਬਰਾੜ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 22 ਫਰਵਰੀ:


ਮਿਸਲ ਸਤਲੁਜ ਵੱਲੋਂ ਜਾਰੀ “ਪੂਰਾ ਪੰਜਾਬ” ਲਹਿਰ ਦੇ ਛੇਵੇਂ ਦਿਨ ਵੀ ਪੰਜਾਬ ਹਿਤੈਸ਼ੀ ਲੋਕਾਂ ਦਾ ਪੂਰਾ ਸਮਰਥਨ ਮਿਲਣਾ ਜਾਰੀ ਰਿਹਾ। ਵੱਡੀ ਗਿਣਤੀ ਵਿੱਚ ਪੰਜਾਬ ਹਿਤੈਸ਼ੀਆਂ ਨੇ ਜਨਤਕ ਦਸਤਖ਼ਤ ਪਟੀਸ਼ਨ ਉਪਰ ਦਸਤਖ਼ਤ ਕਰਕੇ ਇਸ ਮੁਹਿੰਮ ਨੂੰ ਹੋਰ ਹੁੰਗਾਰਾ ਦਿੱਤਾ। ਅੱਜ ਮੁੱਖ ਤੌਰ ਤੇ ਮੰਚ ਤੋ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਹਰਪ੍ਰੀਤ ਕੌਰ ਢੱਡਾ, ਬੀਬੀ ਰਜਿੰਦਰ ਕੌਰ ਰਡਿਆਲਾ, ਨਛੱਤਰ ਸਿੰਘ ਝੰਜੇੜੀ, ਬੀਬੀ ਜਸਮੀਤ ਕੌਰ ਛੀਨਾ, ਬੀਬਾ ਨਰਿੰਦਰਜੋਤ ਕੌਰ ਢਿੱਲਵਾਂ, ਹਰਮਨਜੀਤ ਸਿੰਘ ਫਿਰੋਜ਼ਪੁਰ ਅਤੇ ਸਰਦਾਰ ਹਰਦੀਪ ਸਿੰਘ ਬਾਠ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਇਹ ਮੁਹਿੰਮ ਦੇ ਅਗਲੇ ਪੜਾਅ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੂਰਾ ਪੰਜਾਬ ਲਹਿਰ ਦੇ ਮੰਚ ਤੋਂ ਮੰਗਲਵਾਰ ਦਾ ਦਿਨ (24 ਫਰਵਰੀ) ਸਮੁੱਚੀਆਂ ਸਿਆਸੀ ਜਮਾਤਾਂ, ਕਿਸਾਨ ਜੱਥੇਬੰਦੀਆਂ ਅਤੇ ਹੋਰ ਪੰਜਾਬ ਹਿਤੈਸ਼ੀ ਜਥੇਬੰਦੀਆਂ ਲਈ ਰਾਖਵਾਂ ਰੱਖਿਆ ਗਿਆ।
ਸਰਦਾਰ ਬਰਾੜ ਨੇ ਸਮੁੱਚੀਆਂ ਸਿਆਸੀ ਜਮਾਤਾਂ, ਕਿਸਾਨ ਜੱਥੇਬੰਦੀਆਂ ਅਤੇ ਹੋਰ ਪੰਜਾਬ ਹਿਤੈਸ਼ੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਓਹਨਾਂ ਦੇ ਆਗੂ ਨਿਰਧਾਰਿਤ ਦਿਨ ਪੂਰਾ ਪੰਜਾਬ ਲਹਿਰ ਦੇ ਮੰਚ ਤੇ ਪੰਜਾਬ ਪ੍ਰਤੀ ਆਪਣੇ ਏਜੰਡੇ ਨੂੰ ਸੰਗਤ ਦੇ ਸਾਹਮਣੇ ਜਰੂਰ ਪੇਸ਼ ਕਰਨ। ਸਰਦਾਰ ਬਰਾੜ ਨੇ ਕਿਹਾ ਕਿ, ਇਸ ਲਈ ਬਕਾਇਦਾ ਤੌਰ ਤੇ ਨਿੱਜੀ ਅਤੇ ਸੋਸ਼ਲ ਮੀਡੀਆ ਜ਼ਰੀਏ ਸੱਦਾ ਪੱਤਰ ਸਿਆਸੀ ਪਾਰਟੀਆਂ ਦੇ ਮੁੱਖ ਦਫਤਰਾਂ, ਕਿਸਾਨ ਆਗੂਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ ਭੇਜਿਆ ਗਿਆ। ਪੂਰਾ ਪੰਜਾਬ ਲਹਿਰ ਦੇ ਕੌਮੀ ਕਨਵੀਨਰ ਅਮਰਿੰਦਰ ਸਿੰਘ ਤੁੜ ਨੇ ਜਾਣਾਕਰੀ ਦਿੰਦਿਆਂ ਕਿਹਾ ਕਿ, ਪੰਜਾਬ ਬੀਜੇਪੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੁਨਰ ਸੁਰਜੀਤ ਅਕਾਲੀ ਦਲ, ਵਾਰਿਸ ਪੰਜਾਬ, ਆਮ ਆਦਮੀ ਪਾਰਟੀ, ਕਾਂਗਰਸ,ਪੰਜਾਬ ਬਸਪਾ ਅਤੇ ਸੀਪੀਐਮ, ਸੀਪੀਆਈ ਸਮੇਤ ਕਿਸਾਨ ਜੱਥੇਬੰਦੀਆਂ ਨੂੰ ਸੱਦਾ ਪੱਤਰ ਭੇਜਿਆ ਜਾ ਚੁੱਕਾ ਹੈ।

