|
ਕੈਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਕੈਨੇਡਾ ਡਾਇਰੀ
ਮਿੱਟੀ ‘ਵਾਜ਼ਾਂ ਮਾਰਦੀ/ ਭਗਵੰਤ ਰਸੂਲਪੁਰੀ
ਅਵਤਾਰ 2004 ‘ਚ ਵਿਆਹ ਕਰਵਾ ਕੇ ਏਧਰ ਕੈਨੇਡਾ ਦੇ ਸਰੀ ਵੱਲ ਆਇਆ ਸੀ। ਅਵਤਾਰ ਵਰਗੇ ਸੈਂਕੜੇ ਮੁੰਡੇ ਅਨੇਕਾਂ ਸੁਪਨੇ ਲੈ ਕੇ ਪਰਵਾਸ ਕਰਦੇ ਹਨ। ਨਿਸ਼ਚੇ ਹੀ ਉਹ ਕਾਮਯਾਬ ਵੀ ਹੁੰਦੇ ਹਨ। ਮੈਂ ਅਵਤਾਰ ਰਾਹੀਂ ਉਸ ਦੀ ਪੀੜ੍ਹੀ ਨੂੰ ਸਮਝਣ ਦਾ ਯਤਨ ਕਰ ਰਿਹਾ ਹਾਂ। ਹੁਣ ਅਵਤਾਰ ਕੋਲ 42 ਏਕੜ ਦਾ ਫਾਰਮ ਏ, ਜਿਸ ‘ਚ ਬੇਰੀ ਦੀ ਖੇਤੀ ਕੀਤੀ ਜਾਂਦੀ ਏ। ਫਾਰਮ ‘ਚ ਦੋ ਘਰ ਨੇ। ਰਹਿਣ-ਸਹਿਣ ਦੀ ਹਰ ਸਹੂਲਤ ਏ। ਉਹ ਗੱਲਾਂ-ਗੱਲਾਂ ‘ਚ ਵਾਰ-ਵਾਰ ਕਹਿੰਦਾ ਏ, ‘ਬਾਈ ਏਥੇ ਕੁਝ ਨ੍ਹੀਂ। ਮੈਂ ਤਾਂ ਪਿੰਡ ਵਗ ਜਾਣਾ। ਉੱਥੇ ਔਰਗੈਨਿਕ ਖੇਤੀ ਕਰੂੰ, ਉੱਥੇ ਆਪਣੇ 30 ਏਕੜ ਐ, ਏਥੇ 42 ਵੀ ਆਪਣੇ ਨ੍ਹੀਂ। ਕਰਜ਼ੇ ਚੁੱਕ ਕੇ ਫਾਰਮ ਲਿਆ, 25 ਸਾਲਾਂ ਬਾਅਦ ਆਪਣਾ ਹਊ। ਜਦ ਤਾਈਂ ਸਾਡਾ ਉਂ ਈ ਸਰ ਜਾਣਾ ਤੇ ਮੇਰਾ ਜੋ ਜੁਆਕ ਐ, ਓਨੇ ਖੇਤੀ ਕਰਨੀ ਨਹੀਂ, ਗਾਂਹ ਨੂੰ ਵੇਚ ਦਊ ਜਾਂ ਉਜਾੜ ਦਊ। ਫੇਰ ਕਿਹਦੇ ਲਈ ਟੁੱਟ-ਟੁੱਟ ਮਰਨਾ, ਖੇਤ ਤਾਂ ਸਾਡੀ ਮਾਂ ਹੁੰਦੀ ਏ। ਆਪਾਂ ਤਾਂ ਪੱਥਰ ‘ਤੇ ਲੀਕ ਵਾਹ ’ਤੀ, ਬੱਸ ਪਿੰਡ ਤੁਰ ਪੈਣਾ।’ ![]() ![]() ਅਵਤਾਰ ਦੀ ਗੱਲ ਸੁਣ ਕੇ ਮੈਂ ਉਹਨਾਂ ਵਿਦਿਆਰਥੀਆਂ ਬਾਰੇ ਸੋਚਣ ਲੱਗ ਪਿਆ, ਜੋ ਸੈਂਕੜਿਆਂ ਦੀ ਗਿਣਤੀ ‘ਚ ਕੈਨੇਡਾ ਪਰਵਾਸ ਕਰ ਰਿਹਾ ਏ। ਅਵਤਾਰ ਅੱਗੇ ਕਹਿੰਦਾ ਏ, ‘ਬਾਈ! ਮੈਂ ਬੇਰੀ ਤੋੜਨ ਵਾਲੀ ਮਸ਼ੀਨ ਚਲਾਉਂਦਾ ਹਾਂ। ਸਾਢੇ ਤਿੰਨ ਲੱਖ ਡਾਲਰ ਦੀ ਇਹ ਮਸ਼ੀਨ ਹਰ ਫਾਰਮਰ ਨਹੀਂ ਲੈ ਸਕਦਾ। ਪਿਛਲੇ 20-25 ਦਿਨਾਂ ਤੋਂ ਮਸ਼ੀਨ ‘ਤੇ ਹਾਂ। 10 ਤੋਂ 13 ਘੰਟੇ ਮਸ਼ੀਨ ਚੱਲਦੀ ਏ। ਸੌਣ ਨੂੰ ਮਸਾਂ 5-6 ਘੰਟੇ ਮਿਲਦੇ ਹਨ। ਬਾਈ ਜੇ ਇਹ ਮਸ਼ੀਨ ਨਾ ਆਉਂਦੀ ਤਾਂ ਬੇਰੀ ਵਾਲੇ ਸਾਰੇ ਫਾਰਮਰਾਂ ਨੇ ਬੇਰੀ ਪੁੱਟ ਦੇਣੀ ਸੀ। ਜਦੋਂ ਫਾਰਮ ਦਾ ਕੰਮ ਖਤਮ ਹੋ ਗਿਆ ਤੇ ਮੈਂ ਟਰੱਕ ਚਲਾਉਂਦਾ .. ਮੈਂ 36–36 ਤੇ 42-42 ਘੰਟੇ ਟਰੱਕ ਚਲਾਇਆ। ਬੜਾ ਔਖਾ ਪੈਂਡਾ ਬਾਈ। ਅਸੀਂ ਕਾਹਦੇ ਲਈ ਟੁੱਟ-ਟੁੱਟ ਮਰਦੇ ਐ?’
ਮੈਂ ਹੋਰ ਫਾਰਮਰਾਂ ਨਾਲ ਵੀ ਗੱਲਾਂ ਕੀਤੀਆਂ, ਜੋ ਪੰਜਾਬ ‘ਚ ਖੇਤੀ ਛੱਡ ਕੇ ਏਧਰ ਪਰਵਾਰਾਂ ਨਾਲ ਆ ਗਏ ਤੇ ਏਧਰ ਵੀ ਖੇਤੀ ਕਰਨ ਲੱਗ ਪਏ। ਪਹਿਲਾਂ-ਪਹਿਲ ਗੋਰਿਆਂ ਕੋਲ ਫਾਰਮ ਸਨ। ਉਹਨਾਂ ਦੀ ਅਗਲੀ ਪੀੜ੍ਹੀ ਨੇ ਖੇਤੀ ਕੀਤੀ ਨਹੀਂ। ਸੋ ਉਹਨਾ ਨੇ ਪੰਜਾਬ ਤੋਂ ਆਏ ਪਰਵਾਰਾਂ ਨੂੰ ਫਾਰਮ ਵੇਚਣੇ ਸ਼ੁਰੂ ਕਰ ਦਿੱਤੇ। ਫਾਰਮ ਲੈਣ ਲਈ ਬੈਂਕਾਂ ਤੋਂ ਕਰਜ਼ਾ ਲੈਣਾ ਮਜਬੂਰੀ ਸੀ। ਸੋ ਫਾਰਮਾਂ ਦੀ ਬੇਰੀ ਦਾ ਉਤਪਾਦਨ ਵਧਾਉਣ ਲਈ ਉਹਨਾਂ ਨਿਸ਼ਚੇ ਹੀ ਬਹੁਤ ਮਿਹਨਤ ਕੀਤੀ। ਉਤਪਾਦਨ ਵਧਾਉਣ ਲਈ ਖਾਦਾਂ, ਸਪਰੇਆਂ ਤੇ ਮਸ਼ੀਨਰੀ ਦੇ ਚੱਕਰਵਿਊ ‘ਚ ਫਸਣਾ ਜ਼ਰੂਰੀ ਸੀ। ਅਵਤਾਰ ਕਹਿੰਦਾ ਏ, ‘ਬਾਈ । ਦੂਜੇ ਬੰਦੇ ਨੂੰ ਐਂ ਲੱਗਦਾ ਕਿ ਅਸੀਂ ਵੱਡੇ-ਵੱਡੇ ਫਾਰਮ ਲੈ ਕੇ ਐਸ਼ ਕਰ ਰਹੇ ਆਂ। ਬੇਰੀ ‘ਚੋਂ ਬਚਦਾ ਕੁਝ ਨ੍ਹੀਂ। ਫਾਰਮ ਦੀਆਂ ਕਿਸ਼ਤਾਂ ਤੇ ਹੋਰ ਖਰਚੇ ਐਨੇ ਹੋ ਜਾਂਦੇ ਐ ਕਿ ਪੱਲੇ ਦਿਹਾੜੀ ਪੈਂਦੀ ਐ। ਹਾਂ, ਜਦੋਂ ਫਾਰਮ ਵੇਚਣਾ ਹੋਵੇ, ਉਹਦੇ ‘ਚੋਂ 2-4 ਲੱਖ ਡਾਲਰ ਬਚ ਜਾਂਦਾ। ਮੈਂ ਤਾਂ ਇਹ ਫਾਰਮ ਵੇਚ ਕੇ ਜੁਆਕਾਂ ਨੂੰ ਘਰ ਲੈ ਦੇਣਾ ਤੇ ਪੰਜਾਬ ਤੁਰ ਜਾਣਾ।”
ਪਤਾ ਨਹੀਂ ਕਿਉਂ ਅਵਤਾਰ ਦੇ ਮਨ ‘ਚ ਪੰਜਾਬ ਜਾਣ ਦੀ ਘੁੰਡੀ ਫਸੀ ਹੋਈ ਏ। ਸ਼ਾਇਦ ਉਹਦੇ ਮਨ ‘ਚ ਖੇਤਾਂ ਦੀ ਮਾਲਕੀ ਦੀ ਗੱਲ ਹੋਵੇ। ਪੰਜਾਬ ਦੇ ਕਿਸਾਨ ਭਾਵੇਂ ਖੇਤਾਂ ਦੇ ਮਾਲਕ ਹਨ, ਪਰ ਉਹ ਵੀ ਕਰਜ਼ੇ ਦੇ ਚੱਕਰਵਿਊ ‘ਚ ਫਸ ਕੇ ਖੁਦਕੁਸ਼ੀਆਂ ਕਰ ਰਹੇ ਹਨ। ਲਿਮਟਾਂ ਬਣਾ ਕੇ ਕਰਜ਼ੇ ਚੁੱਕ ਕੇ ਆਪਣੀ ਅਗਲੀ ਪੀੜ੍ਹੀ ਨੂੰ ਵਿਦੇਸ਼ ਤੋਰ ਰਹੇ ਹਨ। ਮੈਂ ਸੋਚਦਾ ਹਾਂ ਕੈਨੇਡਾ ਦਾ ਪੰਜਾਬੀ ਕਿਸਾਨ ਕਰਜ਼ੇ ਦੇ ਬਾਵਜੂਦ ਖੁਦਕੁਸ਼ੀਆਂ ਕਿਉਂ ਨਹੀਂ ਕਰ ਰਿਹਾ। ਭਾਵੇਂ ਕਿ ਉਹਨਾਂ ਨੂੰ ਫਸਲ ਦਾ ਓਨਾ ਮੁੱਲ ਨਹੀਂ ਮਿਲ ਰਿਹਾ, ਪਰ ਉਹ ਜਦੋਂ ਚਾਹੁਣ, ਫਾਰਮ ਵੇਚ ਕੇ ਮੁਨਾਫਾ ਕਮਾ ਸਕਦੇ ਹਨ। ਏਧਰ ਅਵਤਾਰ ਵਰਗਾ ਜੇਕਰ ਅੱਜ ‘ਫਾਰਮ ਸੇਲ’ ਦਾ ਫੱਟਾ ਲਾ ਦੇਵੇ ਤਾਂ ਪੰਜ-ਸੱਤ ਗਾਹਕ ਲੈਣ ਲਈ ਖੜ ਜਾਣਗੇ। ਮੁਕਾਬਲੇ ‘ਚ ਰੇਟ ਵਧਣਾ ਸੁਭਾਵਿਕ ਏ। ਪੰਜਾਬ ‘ਚ ਅਜਿਹਾ ਨਹੀਂ, ਕਿਉਂਕਿ ਸਿਟੀ ਦੀ ਸਰਕਾਰ ਫਾਰਮਾਂ ਵਾਲਿਆਂ ਨੂੰ ਸਹੂਲਤਾਂ ਵੀ ਦਿੰਦੀ ਏ। ਉਹਨਾਂ ਨੂੰ ਇੱਕ ਸਿਸਟਮ ‘ਚ ਬੰਨ੍ਹ ਦਿੰਦੀ ਏ। ਭਾਵੇਂ ਕਿਸੇ ਵੀ ਫਰੂਟ ਦੀ ਸਰਕਾਰੀ ਖਰੀਦ ਨਹੀਂ ਕੀਤੀ ਜਾਂਦੀ, ਪਰ ਫਿਰ ਵੀ ਕਿਸਾਨ ਨੂੰ ਚੰਗਾ ਜਿਊਣ ਲਈ ‘ਡਾਲਰ’ ਛੱਡ ਜਾਂਦੀ ਏ।
ਮੈਨੂੰ ਇਹ ਵੀ ਪਤਾ ਏ ਕਿ ਅਵਤਾਰ ਕਿਤੇ ਨਹੀਂ ਜਾਵੇਗਾ, ਇੱਥੇ ਬੈਠਾ ਹੀ ਤੜਫੀ ਜਾਵੇਗਾ। ਜੇ ਚਲੇ ਵੀ ਗਿਆ ਤਾਂ ਦੋ-ਚਾਰ ਸਾਲਾਂ ’ਚ ਉਹਦਾ ਮੋਹ ਭੰਗ ਹੋ ਜਾਵੇਗਾ। ਅਵਤਾਰ ਵਰਗੇ ਕਿਸਾਨਾਂ ਦੀ ਇੱਛਾ ਏ ਕਿ ਬੇਰੀ ਦਾ ਰੇਟ ਵੱਧ ਮਿਲੇ। ਬੇਰੀ ਤੇ ਹੋਰ ਫਰੂਟ ਨੂੰ ਸਟੋਰਾਂ ਅਤੇ ਨੇੜੇ ਦੇ ਗਵਾਂਢੀ ਦੇਸ਼ਾਂ ‘ਚ ਫਰੂਟ ਸਪਲਾਈ ਕਰਨ ਵਾਲੇ ਵਪਾਰੀ ਸਟੋਰਾਂ ‘ਚ ਕੁਆਲਟੀ ਦਾ ਫਰੂਟ ਹੀ ਭੇਜਦੇ ਹਨ ਤਾਂ ਕਿ ਉਹਨਾ ਦਾ ਮੁੱਲ ਸਥਿਰ ਰੱਖਿਆ ਜਾ ਸਕੇ।
ਅਵਤਾਰ ਨੂੰ ਭਾਵੇਂ ਮਿੱਟੀ ‘ਵਾਜ਼ਾਂ ਮਾਰਦੀ ਏ, ਪਰ ਉਹ ਏਥੇ ਬੈਠਾ ਹੀ ਤੜਫੀ ਜਾਵੇਗਾ। ਹੁਣ ਜੋ ਵਿਦਿਆਰਥੀ ਬਣ ਕੇ ਕੈਨੇਡਾ ਪਰਵਾਸ ਕਰ ਰਹੇ ਹਨ, ਆਪਣਾ ਭਵਿੱਖ ਕਿਸ ਤਰ੍ਹਾਂ ਤਹਿ ਕਰਨਗੇ, ਇਹ ਸਮਾਂ ਦੱਸੇਗਾ, ਕਿਉਂਕਿ ਉਹ ਜੋ ਵਿਆਹ ਕਰਵਾ ਕੇ ਜਾਂ ਪਰਵਾਰਾਂ ਨਾਲ ਕੈਨੇਡਾ ਨਹੀਂ ਪਹੁੰਚੇ। ਇਹ ਖੇਤੀ ‘ਚ ਬਿਲਕੁੱਲ ਨਹੀਂ ਪੈਣਗੇ।
|



