ਚੰਡੀਗੜ੍ਹ 9 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨਾਂ ਦੀ ਅਗਲੇ ਮਹੀਨੇ ਦਸੰਬਰ ਵਿੱਚ ਅਹਿਮਦਾਬਾਦ ਗੁਜਰਾਤ ਵਿਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਵਿਨੋਦ ਸ਼ਰਮਾ ਉਰਫ਼ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਮਾਲਵਾ ਕੁਸ਼ਤੀ ਅਖਾੜਾ ਭਗਤਾ ਭਾਈ ਕਾ, ਬਠਿੰਡਾ ਵਿਖੇ ਸੀਨੀਅਰ ਪੰਜਾਬ ਸਟੇਟ ਲੜਕੇ ਅਤੇ ਲੜਕੀਆਂ ਦੀ ਫ੍ਰੀਅ ਸਟਾਈਲ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ 57 ਕਿਲੋਗ੍ਰਾਮ ਤੋਂ ਲੈ ਕੇ 125 ਕਿਲੋਗ੍ਰਾਮ ਵਰਗ ਦੇ ਫ੍ਰੀ ਸਟਾਈਲ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨਾਂ ਨੇ ਵੀ ਭਾਗ ਲਿਆ। ਇਸ ਅਖਾੜੇ ਦੇ ਨਾਮੀ ਪਹਿਲਵਾਨ ਜਸਪੂਰਨ ਮੁੱਲਾਂਪੁਰ ਅਤੇ ਨੂਰ ਮੁੱਲਾਂਪੁਰ ਪਹਿਲਵਾਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਨ੍ਹਾਂ ਦੀ ਚੋਣ ਅਗਲੇ ਮਹੀਨੇ ਅਹਿਮਦਾਬਾਦ ਗੁਜਰਾਤ ਵਿਖੇ ਹੋਣ ਵਾਲੀ 2025 ਸੀਨੀਅਰ ਨੈਸ਼ਨਲ ਐਸੋਸੀਏਸ਼ਨ ਅਤੇ ਚੈਂਪੀਅਨਸ਼ਿਪ ਲਈ ਕੀਤੀ ਗਈ।
ਇਨ੍ਹਾਂ ਮੁਕਾਬਲਿਆਂ ਵਿੱਚ ਜਸਪੂਰਨ ਦੀ ਚੋਣ 125 ਕਿਲੋਗ੍ਰਾਮ ਅਤੇ ਨੂਰ ਮੁੱਲਾਂਪੁਰ ਦੀ 97 ਕਿਲੋਗ੍ਰਾਮ ਵਰਗ ਲਈ ਚੋਣ ਹੋਈ ਹੈ।ਉਨ੍ਹਾਂ ਦੱਸਿਆ ਕਿ ਇਹ ਰੈਸਲਿੰਗ ਮੁਕਾਬਲੇ ਮਿਤੀ 12 ਦਸੰਬਰ ਤੋਂ 14 ਦਸੰਬਰ ਤੱਕ ਅਹਿਮਦਾਬਾਦ ਗੁਜਰਾਤ ਵਿਖੇ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਖਾੜੇ ਦੇ ਪਹਿਲਵਾਨਾਂ ਵੱਲੋਂ ਇਸ ਦਾ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਅਖਾੜੇ ਦੇ ਪਹਿਲਵਾਨਾਂ ਦੀ ਨੈਸ਼ਨਲ ਰੈਸਲਿੰਗ ਮੁਕਾਬਲਿਆਂ ਵਿੱਚ ਚੋਣ ਹੋਣ ‘ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉੱਘੇ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਨੇ ਕਿਹਾ ਕਿ ਹੁਣ ਓਲੰਪਿਕ ਤਗਮੇ ਤੋਂ ਅਖਾੜੇ ਦੇ ਪਹਿਲਵਾਨ ਬਹੁਤੀ ਦੂਰ ਨਹੀਂ, ਜਲਦੀ ਹੀ ਸਾਡੇ ਪਰਿਵਾਰ ਦੇ ਇਸ ਸੁਪਨੇ ਨੂੰ ਅਖਾੜੇ ਦਾ ਕੋਈ ਨਾ ਕੋਈ ਪਹਿਲਵਾਨ ਜ਼ਰੂਰ ਪੂਰਾ ਕਰੇਗਾ। ਉਨ੍ਹਾਂ ਹੋਰਨਾਂ ਪਹਿਲਵਾਨਾਂ ਨੂੰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਸਿਤਾਰ ਮੁਹੰਮਦ, ਹੈਪੀ ਮਹਿਰੋਲੀ, ਕੁਲਤਾਰ ਪਹਿਲਵਾਨ, ਗੌਰਵ ਸ਼ਰਮਾ ਪੰਚ, ਲਾਲ ਸਿੰਘ ਪੰਚ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣਾਂ ਨੇ ਪਹਿਲਵਾਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

