ਚੰਡੀਗੜ੍ਹ 12 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਟ੍ਰੈਫਿਕ ਪੁਲਿਸ ਪੰਜਾਬ ਵੱਲੋਂ ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ ਮਿਤੀ 1 ਜਨਵਰੀ ਤੋਂ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ ਵਿੱਚ ਮੋਹਾਲੀ ਜ਼ਿਲੇ ਦੇ ਮਾਜਰਾ ਟੀ ਪੁਆਇੰਟ ਲਾਈਟਾਂ ‘ਤੇ ਜਗੀਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੀ ਅਗਵਾਈ ਹੇਠ ਵੱਖ ਵੱਖ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗੀਰ ਸਿੰਘ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਕ ਐਸ.ਪੀ ਟਰੈਫਿਕ ਐੱਚ ਐੱਸ ਮਾਨ, ਡੀ.ਐਸ. ਪੀ ਟ੍ਰੈਫਿਕ ਕਰਨੈਲ ਸਿੰਘ ਦੇ ਹੁਕਮਾਂ ਤਹਿਤ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੇ ਮੁਲਾਜ਼ਮਾਂ ਵੱਲੋਂ ਵੱਲੋਂ ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ ਮਿਤੀ 1 ਜਨਵਰੀ ਤੋਂ 31 ਜਨਵਰੀ ਦੇ ਸਬੰਧ ਵਿੱਚ ਬੱਚਿਆਂ ਦੀਆਂ ਬੱਸਾਂ, ਥ੍ਰੀ ਵ੍ਹੀਲਰ, ਗੱਡੀਆਂ, ਟ੍ਰੈਕਟਰ/ ਟਰਾਲੀਆਂ ਅਤੇ ਹੋਰ ਭਾਰੀ ਵਾਹਨਾਂ ‘ਤੇ ਰਿਫਲੈਕਟਰ ਲਗਾਏ ਗਏ।
ਉਨਾਂ ਦੱਸਿਆ ਕਿ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਨਸ਼ਾ ਕਰ ਕੇ ਵਾਹਨ ਨਾ ਚਲਾਉਣ ਬਾਰੇ ਅਤੇ ਟਰੈਫਿਕ ਨਿਯਮਾਂ ਬਾਰੇ, ਅੰਡਰਏਜ਼ ਡਰਾਇਵਿੰਗ ਨਾ ਕਰਨ ਬਾਰੇ, ਅਣਪਛਾਤੇ ਵਹੀਕਲ ਨਾਲ ਐਕਸੀਡੈਂਟ ਹੋਣ ‘ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ, ਲੇਨ ਡਰਾਇਵਿੰਗ ਬਾਰੇ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਵਾਤਾਵਰਣ ਦੀ ਸੁਰੱਖਿਅਤ ਬਾਰੇ ਵੀ ਵਾਹਨ ਚਾਲਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ‘ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ‘ਤੇ ਪਟਾਕੇ ਨਾ ਮਾਰਨ ਅਤੇ ਨਾਂ ਮੌਡੀਫਾਈ ਨਾ ਕਰਨ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਟਰੈਫਿਕ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ ਨਾਲ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤੋਂ ਮਦਦ ਲੈਣ ਅਤੇ ਦੇਣ ਲਈ ਹੈਲਪਲਾਈਨ ਨੰਬਰ 112 ਅਤੇ 181 ਤੇ ਕਾਲ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਲਈ 1930 ਤੇ ਕਾਲ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਏ ਐੱਸ ਆਈ ਕੁਲਦੀਪ ਸਿੰਘ ਅਤੇ ਏ ਐੱਸ ਆਈ ਗੁਰਵਿੰਦਰ ਸਿੰਘ ਵੀ ਮੌਜੂਦ ਸਨ।

