Breaking
www.sursaanjh.com > ਚੰਡੀਗੜ੍ਹ/ਹਰਿਆਣਾ > ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਸ਼ਹਿਰ ਦੇ ਗਾਰਬੇਜ ਡੰਪ ਦੇ ਠੋਸ ਪ੍ਰਬੰਧਾਂ ਦੀ ਮੰਗ ਕੀਤੀ

ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਸ਼ਹਿਰ ਦੇ ਗਾਰਬੇਜ ਡੰਪ ਦੇ ਠੋਸ ਪ੍ਰਬੰਧਾਂ ਦੀ ਮੰਗ ਕੀਤੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਾਰਚ:
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਵਿੱਚ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸਮਗੌਲੀ ਪਿੰਡ ਨੇੜੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਦੀ ਮੌਜੂਦਾ ਸਥਿਤੀ ਸਬੰਧੀ ਮੁੱਦਾ ਉਠਾਉਂਦਿਆਂ ਸੰਬੰਧਿਤ ਵਿਭਾਗ ਤੋਂ ਜਾਣਕਾਰੀ ਮੰਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਮਗੌਲੀ ਪਿੰਡ ਨੇੜੇ ਲਗਭਗ 50 ਏਕੜ ਜ਼ਮੀਨ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਹਾਸਲ ਕੀਤੀ ਗਈ ਸੀ। ਇਸ ਸਬੰਧੀ 2016 ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਅਤੇ 2017 ਵਿੱਚ ਐਵਾਰਡ ਜਾਰੀ ਕਰਕੇ ਲਗਭਗ 33 ਕਰੋੜ 61 ਲੱਖ ਰੁਪਏ ਦੀ ਰਕਮ ਅਦਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਵਿੱਚੋਂ ਕਰੀਬ 39 ਏਕੜ ਦਾ ਕਬਜ਼ਾ ਡੰਪਿੰਗ ਗਰਾਊਂਡ ਲਈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪ੍ਰੋਸੈਸਿੰਗ ਪਲਾਂਟ ਵਿੱਚ ਮੋਹਾਲੀ ਦੇ ਨਾਲ-ਨਾਲ ਡੇਰਾਬੱਸੀ, ਲਾਲੜੂ, ਜ਼ੀਰਕਪੁਰ, ਖਰੜ, ਕੁਰਾਲੀ ਅਤੇ ਮੋਰਿੰਡਾ ਆਦਿ ਸ਼ਹਿਰਾਂ ਦੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਯੋਜਨਾ ਸੀ। ਉਨ੍ਹਾਂ ਨੇ ਸੰਬੰਧਿਤ ਮੰਤਰੀ ਤੋਂ ਇਸ ਪਲਾਂਟ ਦੀ ਮੌਜੂਦਾ ਸਥਿਤੀ ਅਤੇ ਇਸ ਦੀ ਸਥਾਪਨਾ ਸਬੰਧੀ ਹੋ ਰਹੀ ਕਾਰਵਾਈ ਬਾਰੇ ਜਾਣਕਾਰੀ ਮੰਗੀ। ਇਸ ਮੌਕੇ ਕੈਬਿਨਟ ਮੰਤਰੀ ਸੰਜੀਵ ਅਰੋੜਾ ਨੇ ਜਵਾਬ ਦਿੰਦਿਆਂ ਕਿਹਾ ਕਿ ਸਮਗੌਲੀ ਨੇੜੇ ਪ੍ਰਸਤਾਵਿਤ ਠੋਸ ਰਹਿੰਦ-ਖੂੰਹਦ ਪ੍ਰੋਸੈਸਿੰਗ ਪਲਾਂਟ ਸਬੰਧੀ ਜ਼ਮੀਨ ਨਾਲ ਜੁੜਿਆ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਵਾਂ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ ਅਤੇ ਜਿੰਨੀ ਜਲਦੀ ਸੰਭਵ ਹੋਵੇਗਾ, ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਠੋਸ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਮੋਹਾਲੀ ਦੇ ਸਮੁੱਚੇ ਵਿਕਾਸ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
ਮੋਹਾਲੀ ਸ਼ਹਿਰ ਵਿੱਚ ਸਥਿਤ ਨਿੱਜੀ ਹਸਪਤਾਲਾਂ ਵੱਲੋਂ ਪਾਰਕਿੰਗ ਨਿਯਮਾਂ ਦੀ ਉਲੰਘਣਾ: ਇਕ ਹੋਰ ਵੱਡੇ ਮੁੱਦੇ ਉਪਰ ਧਿਆਨ ਦਿਵਾਉਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਮੋਹਾਲੀ ਸ਼ਹਿਰ ਵਿੱਚ ਸਥਿਤ ਕੁਝ ਨਿੱਜੀ ਹਸਪਤਾਲਾਂ ਵੱਲੋਂ ਪਾਰਕਿੰਗ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਹ ਪਹਿਲਾਂ ਵੀ ਸਾਲ 2024 ਦੇ ਬਜਟ ਸੈਸ਼ਨ ਦੌਰਾਨ ਉਠਾ ਚੁੱਕੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਕੁਝ ਵੱਡੇ ਹਸਪਤਾਲਾਂ, ਜਿਵੇਂ ਕਿ ਮੈਕਸ ਹਸਪਤਾਲ, ਗ੍ਰੇਸ਼ੀਅਨ ਹਸਪਤਾਲ ਅਤੇ ਮਾਇਓ ਹਸਪਤਾਲ ਵੱਲੋਂ ਪਾਰਕਿੰਗ ਲਈ ਰੱਖੀ ਗਈ ਜਗ੍ਹਾ ਦਾ ਇਸਤੇਮਾਲ ਹੋਰ ਕਮਰਸ਼ੀਅਲ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ, ਜੋ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਵਧ ਰਹੀ ਹੈ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਸਬੰਧਤ ਵਿਭਾਗ ਵੱਲੋਂ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਹੋਣ ਦੀ ਪੁਸ਼ਟੀ ਵੀ ਹੋਈ ਸੀ। ਇਸ ਦੇ ਬਾਵਜੂਦ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਹਸਪਤਾਲਾਂ ਵੱਲੋਂ ਗ੍ਰੀਨ ਏਰੀਆ ਵਿੱਚ ਵੀ ਪਾਰਕਿੰਗ ਕੀਤੀ ਜਾ ਰਹੀ ਹੈ, ਜੋ ਨਿਯਮਾਂ ਦੇ ਖ਼ਿਲਾਫ਼ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਵਿਭਾਗ ਨੂੰ ਕਈ ਪੱਤਰ ਵੀ ਲਿਖੇ ਗਏ ਹਨ ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਹੋਇਆ। ਇਸ ਮੌਕੇ ਜਵਾਬ ਦਿੰਦਿਆਂ ਸਬੰਧਤ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਸ ਮਾਮਲੇ ‘ਤੇ ਮੁੜ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵਿਧਾਨ ਸਭਾ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਦੋ ਤੋਂ ਤਿੰਨ ਮਹੀਨਿਆਂ ਵਿੱਚ ਇਸ ਸਮੱਸਿਆ ਦਾ ਢੁਕਵਾਂ ਹੱਲ ਕਰਵਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *