Breaking
www.sursaanjh.com > ਅੰਤਰਰਾਸ਼ਟਰੀ > ਯੁੱਗ ਪੁਰਸ਼ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ/ਜੇ. ਐੱਸ.ਮਹਿਰਾ

ਯੁੱਗ ਪੁਰਸ਼ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ/ਜੇ. ਐੱਸ.ਮਹਿਰਾ

ਯੁੱਗ ਪੁਰਸ਼ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਕਰ/ਜੇ. ਐੱਸ.ਮਹਿਰਾ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਕਤੂਬਰ:
ਅੱਜ ਤੱਕ ਅਸੀਂ ਧਾਰਮਿਕ ਸਥਾਨਾਂ ਗੁਰਦੁਆਰਿਆਂ ਅਤੇ ਮੰਦਰਾਂ ਨੂੰ ਦਾਨ ਦਿੰਦੇ ਆਏ ਹਾਂ। ਅਸੀਂ ਭਰਦੇ ਆਏ ਹਾਂ ਠੱਗਾਂ ਅਤੇ ਚੋਰਾਂ ਦੀਆਂ ਝੋਲੀਆਂ … ਪਰ ਕੀ ਅਸੀਂ ਕਦੇ ਕਿਸੇ ਸਕੂਲ ਨੂੰ ਜਾਂ ਕਿਸੇ ਹਸਪਤਾਲ ਨੂੰ ਕੋਈ ਦਾਨ ਦਿੱਤਾ ਹੈ? ਕਿਸੇ ਸਕੂਲ ਦੇ ਗਰੀਬ ਵਿਦਿਆਰਥੀ ਨੂੰ ਕਿਤਾਬਾਂ ਲੈਣ ਲਈ ਜਾਂ ਕਿਸੇ ਬਿਮਾਰ ਲੋੜਵੰਦ ਨੂੰ ਇਲਾਜ ਕਰਾਉਣ ਲਈ ਦਾਨ ਦਿੱਤਾ ਹੈ? ਕਿਸੇ ਬੇਰੁਜ਼ਗਾਰ ਨੂੰ ਕੰਮ ਧੰਦਾ ਖੋਲ੍ਹਣ ਲਈ ਤੇ ਕਿਸੇ ਲੋੜਵੰਦ ਲੇਖਕ ਦੀ ਕਿਤਾਬ ਛਪਾਉਣ ਲਈ ਕੋਈ ਦਾਨ ਦਿੱਤਾ ਹੈ? ਹਾਂ ਇੱਕ ਗੱਲ ਹੋਰ ਵੀ ਹੈ ਜੇ ਕਿਸੇ ਨੇ ਮਾੜਾ ਮੋਟਾ ਇਹ ਕੰਮ ਕੀਤਾ ਵੀ ਹੋਵੇਗਾ, ਤਾਂ ਉਹ ਵੀ ਸਿਰਫ ਫੋਕੀ ਚੌਧਰ ਲਈ, ਲੋਕ ਵਿਖਾਵੇ ਲਈ, ਫੋਟੋਆਂ ਖਿੱਚ ਕੇ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਕੇ ਸੁਰਖੀਆਂ ਵਿੱਚ ਆਉਣ ਲਈ ਜਾਂ ਫਿਰ ਸਮਾਜ ਸੇਵੀ ਅਖਵਾਉਣ ਲਈ?
ਪੜ੍ਹ ਲਿਖ ਕੇ ਵੀ ਸਾਡੀ ਸੋਚ ਉਸਰ ਨਹੀਂ ਰਹੀ, ਸਗੋਂ ਹੋਰ ਵੀ ਜ਼ਿਆਦਾ ਨਿੱਘਰਦੀ ਹੀ ਜਾ ਰਹੀ ਹੈ। ਪਰ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਅਜਿਹਾ ਅੰਧਕਾਰ ਛਾਇਆ ਤਾਂ ਕੁਦਰਤ ਨੇ ਲੋਕਾਂ ਨੂੰ ਰਾਸਤਾ ਦਿਖਾਉਣ ਲਈ ਕਿਸੇ ਨਾ ਕਿਸੇ ਮਹਾਨ ਸ਼ਖਸ਼ੀਅਤ ਨੂੰ ਧਰਤੀ ਤੇ ਭੇਜਿਆ। ਇਹੋ ਜਿਹੀ ਮਹਾਨ ਸ਼ਖਸ਼ੀਅਤ ਨੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੌਂਕਰ ਜੀ, ਜਿਨਾਂ ਨੇ ਆਪਣੇ ਜੀਵਨ ਦੇ ਮੁੱਢਲੇ ਵਰ੍ਹਿਆਂ ਵਿੱਚ ਅੱਤ ਦੀ ਗਰੀਬੀ ਵੀ ਕੱਟੀ ਹੈ। ਇਹੋ ਜਿਹੀ ਗਰੀਬੀ ਕਿ ਉਹਨਾਂ ਕੋਲ ਬੱਸ ਵਿੱਚ ਸਫਰ ਕਰਨ ਲਈ ਵੀ ਪੈਸੇ ਨਹੀਂ ਸਨ ਤੇ ਇੱਕ ਵਾਰ ਕੰਡਕਟਰ ਨੇ ਬੱਸ ਦਾ ਕਿਰਾਇਆ ਨਾ ਹੋਣ ਕਾਰਨ ਉਹਨਾਂ ਨੂੰ ਬੱਸ ਵਿੱਚੋਂ ਧੱਕਾ ਦੇ ਕੇ ਉਤਾਰ ਦਿੱਤਾ ਸੀ, ਜਿਸ ਤੋਂ ਨਿਰਾਸ਼ ਹੋ ਕੇ ਉਹਨਾਂ ਨੇ ਜੀਵਨ ਦਾ ਅੰਤ ਕਰਨ ਦੀ ਸੋਚ ਲਈ ਸੀ .. ਪਰ ਉਹ ਸੰਭਲ ਗਏ ਤੇ ਜੀਵਨ ਦੀ ਇਸ ਘਟਨਾ ਨੇ ਉਹਨਾਂ ਨੂੰ ਹੀਰੇ ਵਾਂਗ ਤਰਾਸ਼ ਕੇ ਰੱਖ ਦਿੱਤਾ।
ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਜੀ ਸਮਾਜ ਅੰਦਰ ਬੈਠੇ ਇਹੋ ਜਿਹੇ ਸਮਾਜ ਸੇਵੀਆਂ, ਦਾਨੀਆਂ ਅਤੇ ਲੋਕਾਂ ਨੂੰ ਭੰਡਦੇ ਹੋਏ ਤੇ ਸਿੱਧਾ ਰਾਹ ਦਿਖਾਉਂਦੇ ਹੋਏ ਲਿਖਦੇ ਹਨ “ਹਸਪਤਾਲ ਦੀ ਹਾਲਤ ਬਹੁਤ ਬੁਰੀ ਹੈ। ਚੱਜ ਦੀ ਇਮਾਰਤ ਨਹੀਂ। ਅੱਧੇ ਬੈੱਡ ਖਸਤਾਹਾਲ ਹਨ। ਗੱਦੇ ਫਟੇ ਹੋਏ ਹਨ। ਪੂਰੀਆਂ ਮਸ਼ੀਨਾਂ ਨਹੀਂ ਹਨ। ਦਵਾਈ ਅੰਦਰੋਂ ਨਹੀ ਮਿਲਦੀ। ਮਰੀਜ਼ਾਂ ਦੇ ਅਤੇ ਉਸ ਦੇ ਨਾਲ ਆਉਣ ਵਾਲਿਆਂ ਲਈ ਬੈਠਣ ਦੀ ਚੱਜਦੀ ਥਾਂ ਨਹੀਂ। ਡਾਕਟਰ ਪੂਰੇ ਨਹੀਂ। ਨਰਸਾਂ ਪੂਰੀਆਂ ਨਹੀ।ਚਾਰਦਿਵਾਰੀ ਟੁੱਟੀ ਹੋਈ ਹੈ, ਅੰਦਰ ਪਸ਼ੂ ਤੇ ਕੁੱਤੇ ਘੁੰਮਦੇ ਹਨ।
ਬੋਲੋ ਜਿੰਨਾ ਬੋਲ ਸਕਦੇ ਹੋ। ਪਰ ਬੋਲਣ ਦਾ ਹੱਕ ਕਿਸ ਦਾ ਹੁੰਦਾ, ਇਹ ਵੀ ਸੋਚ ਲਵੋ। ਤੁਸੀਂ ਕਹਿ ਸਕਦੇ ਹੋ ਜੇ ਅਜਿਹੇ ਕੰਮ ਅਸੀਂ ਹੀ ਕਰਨੇ ਹਨ ਤਾਂ ਸਰਕਾਰਾਂ ਤੋਂ ਕੀ ਕਰਾਉਣਾ? ਅਸੀਂ ਟੈਕਸ ਕਿਸ ਲਈ ਦੇਂਦੇ ਹਾਂ, ਅਜਿਹੀ ਸੋਚ ਤੁਹਾਨੂੰ ਮੁਬਾਰਕ। ਜੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਬਾਰੇ ਨਾ ਸੋਚਦੇ, ਕੁਝ ਸਹੀ ਸੋਚ ਵਾਲੇ ਧਾਰਮਿਕ ਰਹਿਨੁਮਾਈ ਕਰਨ ਵਾਲੇ ਲੋਕ ਚੈਰੀਟੇਬਲ ਹਸਪਤਾਲ ਨਾ ਖੋਲ੍ਹਦੇ, ਲਚਕਾਣੀ ਵਾਲੇ ਪਾਲ ਸਿੰਘ ਵਰਗੇ ਮੰਦਬੁੱਧੀ ਲੋਕਾਂ ਦਾ ਸਹਾਰਾ ਨਾ ਬਣਦੇ, ਕੁਝ ਧਾਰਮਿਕ ਲੋਕ ਪੁਲ ਅਤੇ ਸੜਕਾਂ ਬਣਾਉਣ ਦੀ ਹਿੰਮਤ ਨਾ ਕਰਦੇ, ਰੋਂਦੇ ਰਹਿੰਦੇ ਫਿਰ ਸਰਕਾਰਾਂ ਦੀ ਜਾਨ ਨੂੰ।
ਭਾਰਤ ਭੁੱਖਮਰੀ ਦੇ ਅੰਕੜਿਆਂ ਵਿੱਚ 110ਦਸਵੇਂ ਸਥਾਨ ਤੋਂ ਥੱਲੇ ਪਹੁੰਚ ਗਿਆ। ਸਰਕਾਰਾਂ ਤਾਂ ਇਹ ਕੰਮ ਕਰਦੀਆਂ ਹਨ (ਭਾਵੇਂ ਅੰਕੜੇ ਭਾਰਤ ਵਾਰੇ ਕੁਝ ਗਲਤ ਹੋ ਸਕਦੇ ਹਨ)। ਪਹਿਲਾਂ ਅਸੀਂ ਜਾਨਾਂ ਬਚਾਉਣ ਦਾ ਹੀਲਾ ਕਰੀਏ, ਸਰਕਾਰ ਤੋਂ ਹਿਸਾਬ ਬਾਅਦ ਵਿੱਚ ਲੈ ਲਵਾਂਗੇ। ਕਦੇ ਕਿਸੇ ਹਸਪਤਾਲ ਨੂੰ ਪੰਜ ਰੁਪਏ ਦਾਨ ਕੀਤੇ ਹਨ? ਹਰ ਫੰਕਸ਼ਨ ਤੋਂ ਬਾਅਦ ਕਿਸੇ ਧਾਰਮਿਕ ਸਥਾਨ ਨੂੰ ਦਾਨ ਕਰਦੇ ਹੋ, ਕਦੇ ਹਸਪਤਾਲ ਨੂੰ ਦਿੱਤਾ ਸੌ ਰੁਪਿਆ। ਧਾਰਮਿਕ ਸਥਾਨਾਂ ਦੇ ਪੱਖਿਆਂ ‘ਤੇ ਤੁਹਾਡੇ ਨਾਂ ਪੜ੍ਹੇ ਹਨ। ਕਿਸੇ ਹਸਪਤਾਲ ਦੇ ਪੱਖੇ ‘ਤੇ ਤੁਹਾਡਾ ਕਿਸੇ ਦਾ ਨਾਂ ਨਹੀਂ ਪੜ੍ਹਿਆ। ਧਾਰਮਿਕ ਸਥਾਨਾਂ ਵਿੱਚ ਇੱਟਾ, ਸਰੀਆ, ਸੀਮੈਂਟ ਦਾਨ ਕਰਕੇ ਅਪਣੇ ਪੱਥਰ ਲਗਵਾਉਂਦੇ ਹੋ, ਕਿਸੇ ਹਸਪਤਾਲ ਵਿੱਚ ਕਿਸੇ ਦੇ ਨਾ ਦਾ ਪੱਥਰ ਨਹੀਂ ਵੇਖਿਆ। ਤੁਹਾਡੇ ਨੇੜੇ ਦੇ ਕਿੰਨੇ ਕੁ ਧਾਰਮਿਕ ਸਥਾਨਾਂ ਵਿੱਚ ਸਿਹਤ ਸਹੁਲਤਾਂ ਉਪਲਭਧ ਹਨ ਜੋ ਸਾਡੀ ਸਭ ਤੋਂ ਪਹਿਲੀ ਲੋੜ ਹੈ। ਸੋਚੋ ਜ਼ਰਾ। ਆੳ ! ਅਪਣੇ ਦਾਨ ਦੀ ਦਿਸ਼ਾ ਬਦਲੋ। ਮੈਂ ਇਹ ਵੀ ਨਹੀਂ ਕਹਿੰਦਾ ਕਿ ਧਾਰਮਿਕ ਸਥਾਨਾਂ ਨੂੰ ਦਾਨ ਨਾ ਕਰੋ। ਬੱਸ ਉਸ ਦਾਨ ਦਾ ਅੱਧਾ ਹਿੱਸਾ ਸਮਾਜਕ ਕੰਮਾਂ ‘ਤੇ ਵਰਤੋ। ਜਿੱਥੇ ਤੁਸੀਂ ਇੱਕ ਪੈਸੇ ਦੀ ਸਹਾਇਤਾ ਨਹੀ ਕੀਤੀ, ਉੱਥੋਂ ਤੁਸੀਂ ਸਹੁਲਤ ਮੰਗਦੇ ਹੋ। ਸਰਕਾਰਾਂ ਉਨਾਂ ਹੀ ਕਰ ਸਕਦੀਆਂ, ਜਿੰਨਾ ਉਨ੍ਹਾਂ ਦਾ ਵਿੱਤ ਹੈ।
ਪ੍ਰਿੰਸੀਪਲ ਸਾਹਿਬ ਨੇ ਇਹ ਸਿਰਫ ਕਿਹਾ ਹੀ ਨਹੀਂ, ਲਿਖਿਆ ਹੀ ਨਹੀਂ, ਸਗੋਂ ਕਰਕੇ ਵੀ ਦਿਖਾਇਆ ਹੈ ਤੇ ਕਰ ਵੀ ਰਹੇ ਹਨ। ਉਨ੍ਹਾਂ ਨੇ ਸਾਹਿਤ ਤੇ ਸਾਹਿਤਕਾਰਾਂ ਨੂੰ ਪ੍ਰਮੋਟ ਕਰਕੇ, ਬਿਮਾਰ ਲੋਕਾਂ ਤੇ ਹਸਪਤਾਲਾਂ, ਵਿਦਿਆਰਥੀਆਂ ਅਤੇ ਵਿਦਿਅਕ ਅਦਾਰਿਆਂ ਨੂੰ ਦਾਨ ਦੇ ਕੇ ਤੇ ਬੇਰੁਜ਼ਗਾਰ ਲੋਕਾਂ ਨੂੰ ਕੰਮ ਲਈ ਮੁਢਲੀ ਸਹਾਇਤਾ ਦੇ ਕੇ  ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ। ਉਹਨਾਂ ਦੁਆਰਾ ਕੀਤਾ ਗਿਆ, ਇਹ ਦਾਨ ਹਮੇਸ਼ਾ ਹੀ ਗੁਪਤ ਦਾਨ ਰਿਹਾ। ਉਹਨਾਂ ਨੇ ਕਦੇ ਵੀ ਲੋਕ ਦਿਖਾਵਾ ਨਹੀਂ ਕੀਤਾ। ਜੇ ਸਮਾਜ ਵਿੱਚ ਖੁਦ ਨੂੰ ਦਾਨੀ ਅਖਵਾਉਣ ਵਾਲੇ ਲੋਕ ਉਨ੍ਹਾਂ ਦੇ ਦੱਸੇ ਇਸ ਰਾਹ ‘ਤੇ ਚੱਲੇ ਤਾਂ ਸਮਾਜ ਵਿੱਚੋਂ ਬਿਮਾਰੀਆਂ, ਅਨਪੜਤਾ, ਗਰੀਬੀ ਤੇ ਬੇਰੁਜ਼ਗਾਰੀ ਜਿਹੀਆਂ ਕਈ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਜੀਵਨ ਵਿੱਚ ਉਹਨਾਂ ਨੇ ਬਹੁਤ ਵੱਡਾ ਦੁਖਾਂਤ ਝੱਲਿਆ ਹੈ। ਇੱਕ ਸੜਕ ਹਾਦਸੇ ਵਿੱਚ ਆਪਣੀ ਲੱਤ ਗਵਾ ਲੈਣ ਤੋਂ ਬਾਅਦ ਅੱਜ ਵੀ ਉਹ ਇਹ ਮਹਾਨ ਕਾਰਜ ਕਰਨ ਵਿੱਚ ਰੁੱਝੇ ਹੋਏ ਹਨ। ਪ੍ਰਿੰਸੀਪਲ ਸਾਹਿਬ ਜਿਹੀ ਯੁੱਗ ਪੁਰਸ਼ ਸ਼ਖਸ਼ੀਅਤ ਨੂੰ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ।
ਜੇ.ਐੱਸ.ਮਹਿਰਾ, ਮੋਬਾਈਲ ਨੰਬਰ 9592430420

Leave a Reply

Your email address will not be published. Required fields are marked *