ਚੰਡੀਗੜ੍ਹ 7 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਵਿੱਚ ਅੱਵਲ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਕਦੇ ਸਕੂਲ ਮੁਖੀਆਂ ਨੂੰ ਸਿੰਘਾਪੁਰ ਤੇ ਕਦੇ ਫਿਨਲੈਂਡ ਆਧੁਨਿਕ ਟ੍ਰੇਨਿੰਗ ਲਈ ਭੇਜਿਆ ਗਿਆ, ਜਿਸ ਨਾਲ ਸਿੱਖਿਆ ਕ੍ਰਾਂਤੀ ਨੇ ਰਫ਼ਤਾਰ ਫੜੀ। ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ“ ਜਿਹੜਾ ਲਗਭਗ ਪਿਛਲੇ 160 ਦਿਨਾਂ ਤੋਂ ਚੱਲ ਰਿਹਾ ਹੈ ਅਤੇ ਸਾਰਥਕ ਨਤੀਜੇ ਵੀ ਆ ਰਹੇ ਹਨ, ਨੂੰ ਹੁਣ ਪੰਜਾਬ ਦੇ ਸਕੂਲਾਂ ਦੇ ਸਿਲੇਬਸ ਦਾ ਵੀ ਹਿੱਸਾ ਬਣਾਇਆ ਗਿਆ ਹੈ ਜੋ ਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਹੈ। ਇਸ ਦੇ ਲਈ ਹਰ ਸਕੂਲ ਦੇ ਅਧਿਆਪਕ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਕੂਲਾਂ ਵਿੱਚ ਚੱਲੇ ਇਸ ਵਿਸ਼ੇ ਨੂੰ ਜੇਕਰ ਅਧਿਆਪਕ ਸੁਚਾਰੂ ਢੰਗ ਨਾਲ ਵਿਦਿਆਰਥੀਆਂ ਸਾਹਮਣੇ ਰੱਖਣਗੇ ਤਾਂ ਇਸ ਦੇ ਨਤੀਜੇ ਸਾਰਥਕ ਹੋਣਗੇ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਲੈਕਚਰਾਰ ਅਤੇ ਅੰਤਰਰਾਸ਼ਟਰੀ ਵਾਤਾਵਰਣ ਪ੍ਰਚਾਰਕ ਰਾਜਨ ਸ਼ਰਮਾ ਸਟੇਟ ਅਵਾਰਡੀ, ਸਿੱਖਿਆ ਵਿਭਾਗ ਦੇ ਬੀ.ਆਰ ਸੀ. ਕਮਲਜੀਤ ਸਿੰਘ ਸਿੱਧੂ ਅਤੇ ਮਨਮੀਤ ਕੌਰ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਵਿਸ਼ੇ ਨੂੰ ਬੋਝ ਨਹੀਂ ਸਮਝਣਾ ਕਿਉਂਕਿ ਇਹ ਸਾਡੇ ਕਿੱਤੇ ਦੇ ਨਾਲ ਨਾਲ ਇਕ ਸੇਵਾ ਹੈ ਜੋ ਸਮੇਂ ਦੀ ਲੋੜ ਹੈ। ਵਿਦਿਆਰਥੀ ਵਰਗ ਨੂੰ ਆਉਣ ਵਾਲੇ ਸਮੇਂ ਦੇ ਅਨੁਕੂਲ ਬਣਾਉਣਾ ਸਰਕਾਰ ਦਾ ਉਦੇਸ਼ ਹੈ। ਇਨ੍ਹਾਂ ਰਾਸ਼ਟਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇਸ ਵਿਸ਼ੇ ਦੇ ਨਾਲ ਜਾਗਰੂਕ ਕਰਨਾ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ।

