ਚੰਡੀਗੜ੍ਹ 12 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


‘ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲਦਿਆ ਹੀ ਪੰਜਾਬ ਵਿਚ ਪਈਆ ਪੁਰਾਣੀਆਂ ਪਿਰਤਾਂ ਨੂੰ ਉਖਾੜਨ ਦਾ ਬੀੜਾ ਚੁੱਕਿਆ ਸੀ, ਜੋ ਅੱਜ ਵੀ ਜਾਰੀ ਹੈ ਤੇ ਯੁੱਧ ਨਸ਼ਿਆ ਵਿਰੁੱਧ ਪ੍ਰੋਗਰਾਮ ਪੰਜਾਬ ਦਾ ਬਹੁਤ ਸਲਾਘਾਯੋਗ ਉਪਰਾਲਾ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਯੂਥ ਆਗੂ ਤੇ ਵਿਧਾਨ ਸਭਾ ਹਲਕਾ ਖਰੜ ਦੇ ਪ੍ਰਧਾਨ ਗੁਰਿੰਦਰ ਸਿੰਘ ਖਿਜ਼ਰਾਬਾਦ ਨੇ ਕੀਤਾ ਹੈ। ਇਸ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਪ੍ਰਤੀ ਦਰਦ ਰੱਖਦੇ ਹਨ ਅਤੇ ਉਹ ਦਿਲੋਂ ਚਾਹੁੰਦੇ ਹਨ ਕਿ ਰੰਗਲਾ ਪੰਜਾਬ ਨਸ਼ਾ ਮੁਕਤ ਹੋਵੇ, ਜਿਸ ਦਾ ਨਤੀਜਾ ਇਹ ਹੈ ਕਿ ਤਸਕਰਾਂ ਦੁਆਰਾ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ‘ਤੇ ਬੁਲਡੋਜ਼ਰ ਫੇਰਿਆ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਕੀਤੀਆਂ ਤਫਤੀਸ਼ਾਂ ਵਿੱਚ ਸਮਗਲਰਾਂ ਤੋਂ ਵੱਡੀ ਗਿਣਤੀ ਵਿੱਚ ਫੜਿਆ ਨਸ਼ਾ ਸਾਰਿਆਂ ਦੇ ਸਾਹਮਣੇ ਹੈ। ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਕੁਝ ਵੀ ਆਖਣ ਪਰ ਸੱਚਾਈ ਸਾਰਿਆਂ ਦੇ ਸਾਹਮਣੇ ਹੈ ਕਿ ਇਹ ਸਰਕਾਰ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ।
ਗੁਰਿੰਦਰ ਖਿਜਰਾਬਾਦ ਨੇ ਦਾਅਵੇ ਨਾਲ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੋ ਸਾਡੇ ਪੰਜਾਬ ਵਿੱਚ ਨਹੀਂ ਹੋਇਆ, ਉਹ ਮੁੱਖ ਮੰਤਰੀ ਮਾਨ ਕਰ ਰਹੇ ਹਨ, ਕਿਉਂਕਿ ਨੌਜਵਾਨ ਪੀੜੀ ਨੂੰ ਬਚਾਉਣਾ ਸਭ ਤੋਂ ਵੱਡਾ ਉਪਰਾਲਾ ਹੈ। ਇਹਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪਿੰਡਾਂ ਵਿੱਚ ਲੋਕ ਨਸ਼ਾ ਵੇਚਦੇ ਹਨ, ਉਹਨਾਂ ਨੂੰ ਨੱਥ ਪਾਈ ਜਾਵੇ। ਕਿਉਂਕਿ ਇਹ ਕੋਹੜ ਲੰਮੇ ਸਮੇਂ ਤੋਂ ਪੰਜਾਬ ਨੂੰ ਚਿੰਬੜਿਆ ਹੋਇਆ ਹੈ ਜੋ ਐਨੀ ਛੇਤੀ ਉੱਤਰਨ ਵਾਲਾ ਨਹੀਂ ਹੈ। ਆਮ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਨਸ਼ਿਆਂ ਕਰਕੇ ਸਾਰੀ ਦੁਨੀਆ ਵਿੱਚ ਬਦਨਾਮ ਹੋ ਰਿਹਾ ਹੈ। ਪੰਜਾਬ ਨੂੰ ਨਸ਼ਿਆਂ ‘ਤੇ ਲਾਉਣ ਵਾਲਾ ਵੀ ਕੋਈ ਆਮ ਬੰਦਾ ਨਹੀਂ ਬਲਕਿ ਪਹਿਲਾ ਰਹੇ ਵੱਡੇ ਸਿਆਸੀ ਲੀਡਰਾਂ ਦੀ ਵੱਡੀ ਭੂਮਿਕਾ ਸਾਹਮਣੇ ਆਉਂਦੀ ਹੈ। ਇਸ ਆਗੂ ਨੇ ਕਿਹਾ ਕਿ ਜੇਕਰ ਸਾਰੇ ਲੋਕਾਂ ਦਾ ਸਰਕਾਰ ਨੂੰ ਸਾਥ ਮਿਲ ਜਾਂਦਾ ਹੈ ਤਾਂ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਨਸ਼ੇ ਦੇ ਸੌਦਾਗਰਾਂ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਲਲਕਾਰਿਆ ਨਹੀਂ ਸੀ। ਨਸ਼ਿਆਂ ਦਾ ਸਾਥ ਦੇਣ ਵਾਲੇ ਆਪਣੇ ਬੱਚਿਆਂ ਬਾਰੇ ਵੀ ਜ਼ਰੂਰ ਸੋਚ ਲੈਣ ਕਿਉਂ ਕਿ ਜੋ ਕਿਸੇ ਦੇ ਧੀ-ਪੁੱਤ ਨੂੰ ਬਰਬਾਦ ਕਰਦਾ ਹੈ, ਕੁਦਰਤ ਉਸ ਨਾਲ ਵੀ ਜ਼ਰੂਰ ਇਨਸਾਫ ਕਰਦੀ ਹੈ।

