ਚੰਡੀਗਿੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਨਵੰਬਰ:
ਪੰਜਾਬ, ਪੰਜਾਬੀ ਦੀ ਮਜ਼ਬੂਤੀ ਅਤੇ ਸੂਫ਼ੀਆਂ, ਗੁਰੂਆਂ ਤੇ ਭਗਤਾਂ ਵੱਲੋਂ ਬਖ਼ਸ਼ਿਸ਼ ਕੀਤੇ ਖੇਤਰੀ ਵਿਲੱਖਣਤਾ ਵਾਲ਼ੇ ਮਾਨਵਵਾਦੀ ਫ਼ਲਸਫ਼ੇ ਦੀ ਪ੍ਰੇਰਨਾ ਨੂੰ ਅਧਾਰ ਬਣਾ ਕੇ ਕਾਰਜ ਕਰਨ ਵਾਲ਼ੀ ਨਵ-ਗਠਿਤ ਸੰਸਥਾ ‘ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ’ ਦਾ ਪਲੇਠਾ ਸਮਾਗਮ 1 ਨਵੰਬਰ 2025 ਨੂੰ ਪੰਜਾਬ ਦਿਵਸ ਮੌਕੇ ਪੰਜਾਬੀ ਸੂਬੇ ਦੇ ਅਣਗੌਲੇ ਨਾਇਕ ਸੇਠ ਰਾਮ ਨਾਥ ਦੇ ਯੋਗਦਾਨ ਨੂੰ ਉਜਾਗਰ ਕਰਨ ਹਿੱਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ 1, ਸੈਕਟਰ 28 -ਚੰਡੀਗੜ੍ਹ (ਮੱਧਿਆ ਮਾਰਗ) ਵਿਖੇ ਹੋਇਆ। ਇਸ ਸਬੰਧ ਵਿੱਚ ਸੰਸਥਾ ਦੇ ਬਾਨੀ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨਾਲ਼ ਸੰਜੀਦਗੀ ਨਾਲ਼ ਜੁੜੇ ਹੋਏ ਪੰਜਾਬੀ ਦੇ ਨਾਮਵਰ ਲੇਖਕ ਤੇ ਚਿੰਤਕ ਸ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੰਤਵ ਸੂਫ਼ੀਆਂ, ਗੁਰੂਆਂ, ਭਗਤਾਂ ਤੇ ਲੋਕ ਨਾਇਕਾਂ ਵੱਲੋਂ ਪੈਦਾ ਕੀਤੀਆਂ ਨਿੱਗਰ ਅਤੇ ਉੱਚੀਆਂ-ਸੁੱਚੀਆਂ ਇਨਸਾਨੀ ਕਦਰਾਂ ਕੀਮਤਾਂ ਤੋਂ ਪ੍ਰੇਰਨਾ ਲੈ ਕੇ ਅਮਲਯੋਗ ਕਾਰਜ ਕਰਨਾ ਅਤੇ ਨਵੀਂ ਨਸਲ ਨੂੰ ਇਸ ਪੰਜਾਬੀ ਬੋਲੀ, ਅਦਬ ਅਤੇ ਵਿਰਸੇ ਨਾਲ਼ ਜੋੜਨਾ ਹੈ ਤਾਂ ਕਿ ਉਹ ਇਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਜਾਰੀ ਰੱਖ ਸਕਣ। ਇਸ ਸੰਦਰਭ ਵਿੱਚ ਹੀ ਸੰਸਥਾ ਦਾ ਪਹਿਲਾ ਪ੍ਰੋਗਰਾਮ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਸੱਚੇ ਪਰ ਅਣਗੌਲੇ ਸਪੂਤ ਸੇਠ ਰਾਮ ਨਾਥ, ਜਿਹਨਾਂ ਨੇ ਉਸ ਸਮੇਂ ਆਪਣੀ ਰਾਜਨੀਤਕ ਪਾਰਟੀ (ਕਾਂਗਰਸ) ਦੀ ਸੋਚ ਤੋਂ ਉਲਟ ਜਾ ਕੇ ਪੰਜਾਬੀ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬੇ ਦਾ ਗਠਨ ਕਰਨ ਦਾ ਸਮਰਥਨ ਕੀਤਾ, ਦੇ ਵੱਡਮੁੱਲੇ ਯੋਗਦਾਨ ਨੂੰ ਸਮਰਪਿਤ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਨੌਜੁਆਨ ਪੀੜ੍ਹੀ ਪੰਜਾਬ ਅਤੇ ਪੰਜਾਬੀ ਦੇ ਅਜਿਹੇ ਪ੍ਰਤੀਬੱਧ ਨਾਇਕਾਂ ਬਾਰੇ ਜਾਗਰੂਕ ਹੋ ਸਕੇ ਅਤੇ ਪ੍ਰੇਰਨਾ ਲੈ ਸਕੇ।


ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਨਾਮਵਰ ਲੇਖਕ, ਪੱਤਰਕਾਰ, ਬੁੱਧੀਜੀਵੀ, ਉੱਚ ਤਜ਼ਰਬੇਕਾਰ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਸਮਾਜ ਵਿਗਿਆਨੀਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਸ੍ਰੀ ਜੰਗ ਬਹਾਦਰ ਗੋਇਲ, ਡਾ. ਮਨਮੋਹਨ, ਸ੍ਰੀ ਹਰੀਸ਼ ਪੁਰੀ ਅਤੇ ਸ੍ਰ. ਲਖਮੀਰ ਸਿੰਘ ਸ਼ਾਮਲ ਹਨ। ਪ੍ਰੋਗਰਾਮ ਦੇ ਸ਼ੂਰੂ ਵਿੱਚ ਸੰਸਥਾ ਦੇ ਸੰਸਥਾਪਕ ਸ਼੍ਰੀ ਹਰਵਿੰਦਰ ਸਿੰਘ ਨੇ ਆਏ ਬੁਲਾਰਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੇ ਉਦੇਸ਼ਾਂ ਅਤੇ ਕਾਰਜਵਿਧੀ ਬਾਰੇ ਵਿਸਥਾਰਪੂਰਵਕ ਵੇਰਵੇ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੰਸਥਾ ਦਾ ਕਾਰਜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਅਮਲਯੋਗ ਵਿਧੀ ਨਾਲ ਕਾਰਜ ਕਰਨਾ ਹੈ। ਉਨ੍ਹਾਂ ਨੇ ਸੇਠ ਰਾਮ ਨਾਥ ਜੀ ਦੇ ਪੰਜਾਬ ਅਤੇ ਪੰਜਾਬੀ ਲਈ ਪਾਏ ਵੱਡਮੁਲੇ ਯੋਗਦਾਨ ਦੇ ਸਨਮੁੱਖ ਉਹਨਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦੀ ਤਜਵੀਜ਼ ਵੀ ਪੇਸ਼ ਕੀਤੀ। ਇਸ ਮੌਕੇ ਬੋਲਦਿਆਂ ਸ. ਜਸਪਾਲ ਸਿੰਘ, ਪ੍ਰਿਸੀਪਲ ਸਕੱਤਰ (ਰਿਟਾ), ਪੰਜਾਬ ਸਰਕਾਰ ਨੇ ਸੰਸਥਾ ਦੇ ਗਠਨ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪੰਜਾਬ ਦੇ ਇਤਿਹਾਸ ਤੇ ਮਿਥਿਹਾਸ ਦੇ ਸੰਦਰਭ ਵਿੱਚ ਪੰਜਾਬੀਆਂ ਦੇ ਸਾਂਝੇ ਸੱਭਿਆਚਾਰ ਦੇ ਹਵਾਲੇ ਨਾਲ ਪੰਜਾਬੀ ਜੀਵਨ ਜਾਚ ਦੀ ਅਮੀਰੀ ਬਾਰੇ ਨੁਕਤੇ ਪੇਸ਼ ਕੀਤੇ। ਸ਼੍ਰ. ਲਖਮੀਰ ਸਿੰਘ ਰਾਜਪੂਤ, ਪੀ.ਸੀ.ਐਸ (ਰਿਟਾ) ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੇਠ ਰਾਮ ਨਾਥ ਦੀ ਯਾਦ ਵਿੱਚ ਤਜਵੀਜ਼ ਸਪੱਸ਼ਟ ਅਤੇ ਪੂਰੇ ਪੁਖਤਾ ਦਸਤਾਵੇਜ਼ਾਂ ਸਮੇਤ ਸਰਕਾਰ ਨੂੰ ਭੇਜਣੀ ਚਾਹੀਦੀ ਹੈ।
ਸ੍ਰੀ ਜੰਗ ਬਹਾਦਰ ਗੋਇਲ ਨੇ ਦੱਸਿਆ ਕਿ ਸ੍ਰੀ ਰਾਮ ਨਾਥ ਜੀ ਉਨ੍ਹਾਂ ਦੇ ਚਾਚਾ ਜੀ ਸਨ ਜੋ ਉੱਚੇ ਸੁੱਚੇ ਇਖਲਾਕ ਵਾਲੇ ਬੇਬਾਕ ਸ਼ਖ਼ਸ਼ੀਅਤ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੰਜਾਬ ਅਤੇ ਪੰਜਾਬੀ ਲਈ ਪਾਏ ਯੋਗਦਾਨ ਦੇ ਸਨਮੁੱਖ ਉਨ੍ਹਾਂ ਦੀ ਯਾਦ ਵਿੱਚ ਢੁੱਕਵੀਂ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ। ਉੱਘੇ ਚਿੰਤਕ ਅਤੇ ਲੇਖਕ ਡਾ. ਮਨਮੋਹਨ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਪੰਜਾਬ ਇਸ ਸਮੇਂ ਕਈ ਕਿਸਮ ਦੀਆਂ ਅਲਾਮਤਾਂ ਦਾ ਸ਼ਿਕਾਰ ਹੈ। ਇਸ ਲਈ ਇਹਨਾਂ ਅਲਾਮਤਾਂ ਦੇ ਸਨਮੁਖ ਸਾਨੂੰ ਅਤੇ ਸਾਰੀਆਂ ਸੰਸਥਾਵਾਂ ਨੂੰ ਚਿੰਤਨ ਕਰਕੇ ਕੋਈ ਅਮਲਯੋਗ ਕਾਰਜ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਇਸ ਮੁੱਖ ਤੌਰ ‘ਤੇ ਵਿਚਾਰ ਅਤੇ ਵਿਹਾਰ ਵਿਚਲੇ ਪਾੜੇ ਦਾ ਸ਼ਿਕਾਰ ਹੈ।
ਨਾਮਵਰ ਸਮਾਜ ਵਿਗਿਆਨੀ ਸ੍ਰੀ ਹਰੀਸ਼ ਪੁਰੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕੁਝ ਚੁਣੌਤੀ ਭਰਪੂਰ ਗੱਲਾਂ ਵੱਲ ਧਿਆਨ ਦਿਵਾਇਆ ਅਤੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੂੰ ਕੁਝ ਖਾਸ ਅਲਾਮਤਾਂ ਘੇਰੀ ਬੈਠੀਆਂ ਹਨ, ਜਿਨ੍ਹਾਂ ਵਿੱਚ ਜਾਤ-ਪਾਤ, ਔਰਤ ਪ੍ਰਤੀ ਨਜ਼ਰੀਆ ਅਤੇ ਗੈਂਗਵਾਦ, ਹਥਿਆਰਾਂ ਦੀ ਦੁਰਵਰਤੋਂ, ਨਸ਼ਿਆਂ ਦੀ ਅਲਾਮਤ ਆਦਿ ਅਹਿਮ ਹਨ। ਇਸ ਲਈ ਇਹਨਾਂ ਚੀਜ਼ਾਂ ਤੋਂ ਨਿਜਾਤ ਪਾਉਣ ਲਈ ਅਤੇ ਸਮਾਜ ਨੂੰ ਨਰੋਆ ਬਣਾਉਣ ਲਈ ਸੋਚ ਵਿਚਾਰ ਦੀ ਲੋੜ ਹੈ ਅਤੇ ਇਹ ਅਮਲ ਸਾਡੇ ਘਰ ਤੋਂ, ਆਪਣੇ ਆਪ ਤੋਂ ਅਤੇ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਹੋਣੇ ਚਾਹੀਦੇ ਹਨ। ਸੇਠ ਰਾਮ ਨਾਥ ਜੀ ਦੇ ਪਰਿਵਾਰ ਵਿੱਚੋਂ ਉਚੇਚਾ ਪੁੱਜੇ ਕੁਝ ਮੈਂਬਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ, ਜਿਹਨਾ ਵਿੱਚ ਉਹਨਾਂ ਦੇ ਪੁੱਤਰ ਸ਼੍ਰੀ ਅਮਰਕਾਂਤ, ਪੋਤਰੇ ਕਰਨ ਸੇਠ, ਸੰਦੀਪ ਬਾਂਸਲ ਤੇ ਸੁਨੀਲ ਬਾਂਸਲ ਪੁੱਜੇ। ਅੰਤ ਵਿੱਚ ਸ਼੍ਰੀਮਤੀ ਅਮਰਜੀਤ ਕੌਰ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਪੰਜਾਬੀ ਦੇ ਨਾਮਵਰ ਲੇਖਕ ਜਗਦੀਪ ਸਿੱਧੂ ਨੇ ਬਾਖੂਬੀ ਕੀਤਾ।

