ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਕਤੂਬਰ:


ਯੂ.ਟੀ. ਚੰਡੀਗੜ੍ਹ ਦੇ ਸੇਵਾ ਮੁਕਤ ਅਧਿਆਪਕਾਂ ਦੀ ਜਥੇਬੰਦੀ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਅੱਜ ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਹੋਈ। ਸਮੂਹ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਜਥੇਬੰਦੀ ਦੇ ਭਖਦੇ ਮਸਲੇ ਅਜੇ ਜਿਉਂ ਦੇ ਤਿਉਂ ਬਣੇ ਹੋਏ ਹਨ ਅਤੇ “ਹਿੰਦ ਦੀ ਚਾਦਰ ਅਧਿਆਪਕ ਹੋਮ” ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਫੈਸਲਾ ਨਹੀਂ ਕੀਤਾ, ਜਿਸ ਦਾ ਸਮੂਹ ਜਥੇਬੰਦੀ ਨੂੰ ਬਹੁਤ ਅਫ਼ਸੋਸ ਹੈ। ਇਸ ਸਬੰਧ ਵਿਚ ਦੇਰੀ ਜਥੇਬੰਦੀ ਦੇ ਸਮੂਹ ਮੈਂਬਰਾਂ ਵਿਚ ਪ੍ਰਸ਼ਾਸਨ ਵਿਰੁੱਧ ਨਰਾਜ਼ਗੀ ਦਾ ਕਾਰਣ ਬਣਦੀ ਜਾ ਰਹੀ ਹੈ।ਮੀਟਿੰਗ ਵਿਚ ਸੇਵਾ ਮੁਕਤ ਅਧਿਆਪਕਾਂ ਦੀਆਂ ਸਭ ਭਖਦੀਆਂ ਮੰਗਾਂ ਉਪਰ ਜ਼ੋਰਦਾਰ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਵਿਚਾਰ ਵਟਾਂਦਰੇ ਵਿਚ ਭਾਗ ਲੈਣ ਵਾਲਿਆਂ ਵਿਚ ਸਾਬਕਾ ਪ੍ਰਿੰਸੀਪਲ ਵਿਕਰਮਜੀਤ ਕੌਰ, ਸ੍ਰ. ਜਸਵੰਤ ਸਿੰਘ, ਰੋਹਨੀ ਸ਼ਰਮਾ, ਮੈਡਮ ਨਿਰਮਲਾ ਸੈਣੀ, ਸ੍ਰੀਮਤੀ ਹਰਬੰਸ ਕੌਰ ਅਤੇ ਸ੍ਰ. ਗੁਰਪਾਲ ਸਿੰਘ ਦੇ ਨਾਂ ਸ਼ਾਮਲ ਹਨ। ਪ੍ਰਿੰ. ਜਸਵੰਤ ਸਿੰਘ ਨੇ ਸੇਵਾ ਮੁਕਤ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਮੈਡੀਕਲ ਬਿੱਲਾਂ ਦੇ ਨਿਪਟਾਰੇ ਵਿਚ ਦੇਰੀ ਦਾ ਜ਼ਿਕਰ ਕਰਦਿਆਂ, ਮੰਗ ਕੀਤੀ ਕਿ ਸਭ ਸੇਵਾ ਮੁਕਤ ਅਧਿਆਪਕਾਂ ਦੇ ਮੈਡੀਕਲ ਬਿੱਲ ਪਹਿਲ ਦੇ ਆਧਾਰ ਤੇ ਨਿਪਟਾਏ ਜਾਣ।
ਵਿਚਾਰ ਵਟਾਂਦਰੇ ਵਿਚ ਭਾਗ ਲੈਣ ਵਾਲੇ ਸਮੂਹ ਅਧਿਆਪਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਪਹਿਲਾਂ ਚੰਡੀਗੜ੍ਹ ਵਿਚ “ਹਿੰਦ ਦੀ ਚਾਦਰ ਅਧਿਆਪਕ ਹੋਮ” ਦੀ ਸਥਾਪਨਾ ਯਕੀਨੀ ਬਣਾਈ ਜਾਵੇ ਤਾਂ ਕਿ ਨੌਵੇਂ ਪਾਤਸ਼ਾਹ ਜੀ ਨੂੰ ਸੱਚੀ ਸ਼ਰਧਾਜ਼ਲੀ ਭੇਟ ਕੀਤੀ ਜਾਵੇ ਅਤੇ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ, ਜਿਸ ਦੇ ਸਬੰਧ ਵਿਚ ਚੰਡੀਗੜ੍ਹ ਦੀਆਂ ਕਈ ਜਥੇਬੰਦੀਆਂ ਚੰਡੀਗੜ੍ਹ, ਪ੍ਰਸ਼ਾਸਨ ਨੂੰ ਪਹਿਲਾਂ ਹੀ ਜ਼ੋਰ ਪਾ ਚੁੱਕੀਆਂ ਹਨ। ਮੀਟਿੰਗ ਦੇ ਅੰਤ ਵਿਚ ਫੈਸਲਾ ਕੀਤਾ ਗਿਆ ਕਿ ਮੀਟਿੰਗਾਂ ਵਿੱਚ ਲਗਾਤਾਰ ਹਾਜ਼ਰ ਹੋਣ ਵਾਲੇ ਸਾਬਕਾ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਅਧਿਆਪਕ ਇਨ੍ਹਾਂ ਮੀਟਿੰਗਾਂ ਵਿਚ ਭਾਗ ਲੈਣ। ਸ੍ਰੀਮਤੀ ਹਰਬੰਸ ਕੌਰ ਨੇ ਆਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ – ਯੂ.ਟੀ. ਚੰਡੀਗੜ੍ਹ ਸੇਵਾ ਮੁਕਤ ਅਧਿਆਪਕਾਂ ਦੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਯਾਦਗਾਰੀ ਤਸਵੀਰ।

