Breaking
www.sursaanjh.com > ਸਿੱਖਿਆ > ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਜਥੇਬੰਦੀ ਦੀ ਮਾਸਿਕ ਮੀਟਿੰਗ ਵਿੱਚ ਪੁਸਤਕਾਂ ਨਾਲ ਸਾਬਕਾ ਅਧਿਆਪਕ ਸਨਮਾਨਿਤ

ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ ਜਥੇਬੰਦੀ ਦੀ ਮਾਸਿਕ ਮੀਟਿੰਗ ਵਿੱਚ ਪੁਸਤਕਾਂ ਨਾਲ ਸਾਬਕਾ ਅਧਿਆਪਕ ਸਨਮਾਨਿਤ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਗਸਤ:

ਯੂ.ਟੀ. ਦੇ ਸਾਬਕਾ ਅਧਿਆਪਕਾਂ ਦੀ  ਜਥੇਬੰਦੀ ਦੀ ਮਾਸਿਕ ਮੀਟਿੰਗ ਸੈਕਟਰ-41 (ਬਡਹੇੜੀ) ਚੰਡੀਗੜ੍ਹ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫਤਰ ਵਿਖੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬਹੁਤ ਸਾਰੇ ਯੂ.ਟੀ. ਤੇ ਰਿਟਾਇਰ ਅਧਿਆਪਕ ਸ਼ਾਮਲ ਹੋਏ। ਮੀਟਿੰਗ ਵਿਚ ਸਭ ਤੋਂ ਪਹਿਲਾ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਹਾਜ਼ਰ ਅਧਿਆਪਕਾਂ ਨੂੰ ਜੀ ਆਇਆਂ ਨੂੰ ਆਖਦੇ ਹੋਏ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਅਧਿਆਪਕ ਵਰਦੇ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ ਮੀਟਿੰਗ ਵਿੱਚ ਹਾਜ਼ਰ ਹੋਏ। ਉਹਨਾਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਅਧਿਆਪਕਾਂ ਲਈ ‘‘ਟੀਚਰਜ਼ ਹੋਮ’’ ਨਾ ਹੋਣ ਕਾਰਣ ਹੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਦਫ਼ਤਰ ਵਿਖੇ ਰੱਖੀ ਗਈ ਸੀ। ਸਾਰੇ ਅਧਿਆਪਕਾਂ ਨੇ ਸਰਬ-ਸੰਮਤੀ ਨਾਲ ਫਿਰ ਇਹ ਮਤਾ ਪਾਸ ਕੀਤਾ ਕਿ ਚੰਡੀਗੜ੍ਹ ਪ੍ਰਸ਼ਾਸਨ ਬਿਨਾਂ ਦੇਰੀ ‘‘ਹਿੰਦ ਦੀ ਚਾਦਰ ਟੀਚਰਜ਼ ਹੋਮ’’ ਦੀ ਸਥਾਪਨਾ ਕਰੇ, ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਹੋਏ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।

ਮੀਟਿੰਗ ਵਿਚ ਬੋਲਦਿਆਂ ਮੈਡਮ ਵਿਕਰਮਜੀਤ ਕੌਰ ਨੇ ਕਿਹਾ ਕਿ ਅਧਿਆਪਕਾਂ ਲਈ  ਕੋਈ ‘‘ਟੀਚਰਜ਼ ਹੋਮ’’ ਨਾ ਹੋਣ ਦੇ ਕਾਰਣ ਹੀ ਅੱਜ ਸਾਬਕਾ ਅਧਿਆਪਕ ਭਾਰੀ ਮੀਂਹ ਵਿਚ ਖੱਜਲ-ਖੁਆਰ ਹੁੰਦੇ ਹੋਏ ਇਸ ਦਫਤਰ ਪਹੁੰਚੇ ਹਨ। ਉਹਨਾਂ ਕਿਹਾ ਕਿ ਵਾਰ-ਵਾਰ ਮੰਗ ਰੱਖਣ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ‘‘ਟੀਚਰਜ਼ ਹੋਮ’’ ਬਣਾਉਣ ਵਿਚ ਅਸਫਲ ਰਿਹਾ ਹੈ। ਮੀਟਿੰਗ ਵਿਚ ਸਾਬਕਾ ਅਧਿਆਪਕਾਂ ਦੀਆਂ ਦੂਜੀਆਂ ਮੰਗਾਂ ਬਾਰੇ ਵੀ  ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ  ਜਥੇਬੰਦੀ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਾਬਕਾ ਸੀਨੀਅਰ ਅਧਿਆਪਕਾਂ ਨੂੰ ਆਪਣੀਆਂ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ। ਸਨਮਾਨਿਤ ਸਾਬਕਾ ਅਧਿਆਪਕਾਂ ਵਿਚ ਡਾ. ਗੁਲਜ਼ਾਰ ਸਿੰਘ (ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਯੂ.ਟੀ.), ਮੈਡਮ ਵਿਕਰਮਜੀਤ ਕੌਰ, ਸ੍ਰੀਮਤੀ ਹਰਬੰਸ ਕੌਰ, ਸ੍ਰੀਮਤੀ ਪ੍ਰੇਮ ਲੱਤਾ, ਸ੍ਰੀਮਤੀ ਨਿਰਮਲ ਸੈਣੀ ਵੀ ਸ਼ਾਮਲ ਸਨ। ਇਹਨਾਂ ਸਨਮਾਨਿਤ ਅਧਿਆਪਕਾਂ ਵਲੋਂ ਪ੍ਰਿੰ. ਗੋਸਲ ਨੂੰ ਨਵੀਆਂ ਪੁਸਤਕਾਂ ਛਪ ਕੇ ਆਉਣ ਤੇ ਵਧਾਈ ਦਿਦੇ ਹੋਏ ਉਹਨਾਂ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫਤਰ ਵਿਖੇ ਸਨਮਾਨਿਤ ਕਰਨ ਲਈ  ਧੰਨਵਾਦ ਕੀਤਾ। ਇਹਨਾਂ ਅਧਿਆਪਕਾਂ ਤੋਂ ਬਿਨਾਂ ਜਿਹਨਾਂ ਅਧਿਆਪਕਾਂ ਨੇ ਮੀਂਹ ਕਾਰਣ ਸਮੇਂ ਤੇ ਨਾ ਪਹੁੰਚਣ ਕਾਰਨ ਆਨਲਾਈਨ ਹਾਜ਼ਰੀ ਲਗਵਾਈ, ਉਹਨਾਂ ਵਿੱਚ ਪ੍ਰਿੰ. ਜਸਵੰਤ ਸਿੰਘ, ਸ੍ਰੀ ਕ੍ਰਿਸ਼ਨ ਕੁਮਾਰ ਤੇਜਪਾਲ (ਸਾਬਕਾ ਗਾਈਡੈਂਸ ਐਂਡ ਕੌਂਸਲਰ ਅਫਸਰ), ਸ੍ਰੀਮਤੀ ਬਿਮਲਾ ਕਾਂਤਾ, ਸ੍ਰੀ  ਪਰਮਜੀਤ ਸਿੰਘ ਜ਼ੀਰਕਪੁਰ, ਸ੍ਰੀ ਭੁਪਿੰਦਰ ਭਾਗੋਮਾਜਰੀਆ ਅਤੇ ਹੋਰ ਸ਼ਾਮਲ ਸਨ। ਅੰਤ ਵਿੱਚ ਦਫ਼ਤਰ ਦੇ ਪ੍ਰਬੰਧਕੀ ਸਕੱਤਰ ਬਲਵਿੰਦਰ ਸਿੰਘ ਨੇ ਦਫ਼ਤਰ ਵਿਖੇ ਪਹੁੰਚਣ ਲਈ  ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ – ਯੂ.ਟੀ. ਦੇ ਸਾਬਕਾ ਸੀਨੀਅਰ ਅਧਿਆਪਕਾਂ ਨੂੰ ਪ੍ਰਿੰ. ਬਹਾਦਰ ਸਿੰਘ ਗੋਸਲ ਆਪਣੀਆਂ ਰਚਿਤ ਪੁਸਤਕਾਂ ਦੇ ਕੇ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *