ਚੰਡੀਗੜ੍ਹ 19 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਹਲਕਾ ਖਰੜ ਵਿਚ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਲੰਬੇ ਸਮੇਂ ਤੋਂ ਬਣੀ ਖਸਤਾ ਹਾਲਤ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵਿਰੁੱਧ ਕਸਬਾ ਖਿਜ਼ਰਾਬਾਦ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਵਿੱਚ ਇਲਾਕੇ ਦੇ ਸਰਪੰਚਾਂ, ਮੁਹਤਬਰ ਵਿਅਕਤੀਆਂ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਰਵਿੰਦਰ ਸਿੰਘ ਖੇੜਾ ਨੇ ਕਿਹਾ ਜੇਕਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਪਹਿਲਾਂ ਪਿੰਡਾ ਦੀਆਂ ਟੁੱਟੀਆਂ ਹੋਈਆਂ ਲਿੰਕ ਸੜਕਾਂ ਨਾ ਬਣਾਈਆ ਗਈਆ ਤਾਂ ਪਿੰਡਾਂ ਦੇ ਲੋਕ ਆਪ ਪਾਰਟੀ ਦੇ ਆਗੂਆਂ ਤੇ ਨੁਮਾਇੰਦਿਆਂ ਨੂੰ ਪਿੰਡਾਂ ‘ਚ ਵੜਨ ਨਹੀ ਦੇਣਗੇ।


ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਅਤੇ ਵਿਧਾਇਕ ਨੇ ਖਰੜ ਹਲਕੇ ਦੇ ਪਿੰਡਾਂ ਦੀਆਂ ਲਿੰਕ ਦੀਆ ਖ਼ਸਤਾ ਹਾਲ ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਸਥਿਤੀ ਵੱਲ ਕੋਈ ਧਿਆਨ ਨਹੀਂ ਦਿੱਤਾ। ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ 2022 ਵਿੱਚ ਵੱਡੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਅਨਮੋਲ ਗਗਨ ਮਾਨ ਤੋਂ ਕਾਫ਼ੀ ਉਮੀਦਾਂ ਸਨ ਕਿ ਹਲਕੇ ਦਾ ਬਹੁਪੱਖੀ ਵਿਕਾਸ ਹੋਵੇਗਾ। ਪਰ ਉਨ੍ਹਾਂ ਦੀਆਂ ਉਮੀਦਾਂ ਧਰੀਆਂ-ਧਰਾਈਆਂ ਰਹਿ ਗਈਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਤਰਲੇ ਕਰਨੇ ਪੈ ਰਹੇ ਹਨ। ਸ. ਖੇੜਾ ਨੇ ਜ਼ੋਰ ਦੇਕੇ ਕਿਹਾ ਕਿ ਉਨ੍ਹਾਂ ਦਾ ਇਹ ਰੋਸ ਸਿਆਸੀ ਨਹੀਂ, ਸਗੋਂ ਹਲਕੇ ਖਰੜ ਦੇ ਲੋਕਾਂ ਦੇ ਹੱਕਾਂ ਲਈ ਹੈ। ਉਨ੍ਹਾਂ ਵਲੋਂ’ਆਪ’ ਸਰਕਾਰ ‘ਤੇ ਖਰੜ ਹਲਕੇ ਵਿੱਚ ਭ੍ਰਿਸ਼ਟਾਚਾਰ ਨੂੰ ਕਈ ਗੁਣਾ ਵਧਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਮੌਕੇ ਵਰਕਰਾਂ ਤੇ ਹਾਜ਼ਰ ਲੋਕਾਂ ਨੇ ‘ਪੰਜਾਬ ਸਰਕਾਰ ਮੁਰਦਾਬਾਦ’ ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਖਿਜ਼ਰਾਬਾਦ ਅਤੇ ਖਰੜ ਇਲਾਕੇ ਦੀਆਂ ਲਿੰਕ ਸੜਕਾਂ, ਬਿਜਲੀ ਅਤੇ ਦਫ਼ਤਰਾਂ ਵਿੱਚ ਸੁਧਾਰ ਕੀਤਾ ਜਾਵੇ।
ਰਵਿੰਦਰ ਸਿੰਘ ਖੇੜਾ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਸੜਕਾਂ ਦੀ ਮੁਰੰਮਤ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਕਰਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਉਹ ਮੁੱਖ ਮੰਤਰੀ ਦੇ ਘਰ ਦਾ ਵੀ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਖੇੜਾ ਨੇ ਦਿੱਲੀ ਦੇ ਇਤਿਹਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਵੇਂ ਦਿੱਲੀ ਦੇ ਲੋਕਾਂ ਨੇ ‘ਆਪ’ ਪਾਰਟੀ ਨੂੰ ਭਜਾਇਆ ਸੀ। ਉਸੇ ਤਰ੍ਹਾਂ ਹੁਣ ਪੰਜਾਬ ਦੇ ਲੋਕ ਵੀ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ਇਸ ਮੌਕੇ ਸੀਨੀਅਰ ਆਗੂ ਦਿਲਬਾਗ ਸਿੰਘ ਜਿਲਾ ਪ੍ਰਧਾਨ ਐਸ ਸੀ ਵਿੰਗ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਜਸਪਾਲ ਸਿੰਘ ਲੱਕੀ ਮਾਵੀ, ਗੁਰਵਿੰਦਰ ਸਿੰਘ ਸਰਪੰਚ ਲੁਬਾਣਗੜ੍ਹ, ਪਰਮਜੀਤ ਸਿੰਘ ਸਰਪੰਚ, ਜਸਵੀਰ ਸਿੰਘ ਸਾਬਕਾ ਸਰਪੰਚ ਟੱਪਰੀਆਂ, ਖ਼ਜ਼ਾਨ ਸਿੰਘ ਪ੍ਰਧਾਨ, ਜਗਤਾਰ ਸਿੰਘ ਸਾਬਕਾ ਸਰਪੰਚ ਫਤਿਹਪੁਰ, ਸੰਤੋਖ ਸਿੰਘ ਲੁਬਾਣਗੜ੍ਹ, ਬਲਜਿੰਦਰ ਸਿੰਘ ਖਿਜ਼ਰਾਬਾਦ, ਜਸਵੀਰ ਸਿੰਘ ਨੰਬਰਦਾਰ ਸਲੇਮਪੁਰ, ਹਰਿੰਦਰ ਸਿੰਘ ਸਾਬਕਾ ਸਰਪੰਚ ਖਿਜ਼ਰਾਬਾਦ, ਸਰੂਪ ਸਿੰਘ ਝੰਡੇਮਾਜਰਾ, ਭੁਪਿੰਦਰ ਕੁਮਾਰ ਥਾਣਾ ਗੋਬਿੰਦਗੜ੍ਹ, ਗੁਰਦੀਪ ਸਿੰਘ ਮਹਿਰੌਲੀ, ਭੀਮ ਸਿੰਘ ਖੇੜਾ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ।

