ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਅਪ੍ਰੈਲ:
ਬੰਦਾ ਜਦੋਂ ਬੰਦਗੀ ਭੁੱਲ ਕੇ ਬੇਹੂਦਗੀ ਤੇ ਉਤਰ ਆਵੇ ਤਾਂ ਸੱਚ ਜਾਣਿਓ ਇਸਦੀ ਬਿਰਤੀ ਪਸ਼ੂਆਂ ਤੋਂ ਵੀ ਥੱਲੇ ਚਲੇ ਜਾਂਦੀ ਹੈ। ਭਾਵੇਂ ਬੰਦੇ ਨੂੰ ਕੁਦਰਤ ਦੀ ਸਭ ਤੋਂ ਸ੍ਰੇਸ਼ਟ ਰਚਨਾ ਮੰਨਿਆ ਗਿਆ ਹੈ, ਪਰ ਸੰਸਾਰ ਵਿੱਚ ਵਿਚਰਦੇ ਹੋਏ ਕਈ ਵਾਰ ਇਹ ਆਪਾ-ਧਾਪੀ ਦੇ ਖਲਜਗਣ ਵਿੱਚ ਫਸ ਕੇ ਪਰਿਵਾਰ ਤੱਕ ਸੀਮਤ ਹੋ ਜਾਂਦਾ ਹੈ ਤੇ ਕਦੇ ਕਦੇ ਤਾਂ ਇਹ ਪਰਿਵਾਰ ਨੂੰ ਵੀ ਤਿਲਾਂਜਲੀ ਦੇ ਕੇ ਆਪਣਾ ਢਿੱਡ ਭਰਨ ਤੱਕ ਦੀ ਪਸ਼ੂ ਬਿਰਤੀ ਨੂੰ ਹੀ ਅਪਣਾਅ ਲੈਂਦਾ ਹੈ। ਇਹ ਵੀ ਸੱਚ ਹੈ ਕਿ ਬੰਦੇ ਨੂੰ ਜਿੱਥੇ ਮੋਹ ਨੇ ਜਕੜਿਆ ਹੋਇਆ ਹੈ, ਉੱਥੇ ਲਾਲਚ ਨੇ ਵੀ ਇਸ ਦੀਆਂ ਲੱਤਾਂ ਨੂੰ ਨਾਗਵਲ ਪਾਇਆ ਹੋਇਆ ਹੈ। ਸਮਾਜ ਵਿੱਚ ਬੰਦੇ ਨੇ ਆਪਣੇ ਬਣਾਏ ਨਿਯਮਾਂ ਨਾਲ ਜਿੱਥੇ ਦੂਜੇ ਦੀ ਆਰਥਿਕ ਲੁੱਟ ਦਾ ਆਹਰ ਬਾਖੂਬੀ ਕੀਤਾ ਹੋਇਆ ਹੈ, ਉੱਥੇ ਕਈ ਵਾਰ ਆਪਣੀਆਂ ਕੋਝੀਆਂ ਚਾਲਾਂ ਵਿੱਚ ਫਸ ਕੇ, ਦੂਜੇ ਦੇ ਹੱਕ ‘ਤੇ ਡਾਕਾ


ਮਾਰਨ ਵਾਲੀ ਪ੍ਰਵਿਰਤੀ ਨੂੰ ਦਿਨੋਂ-ਦਿਨ ਪ੍ਰਬਲ ਕਰਨ ਹਿੱਤ ਵੱਡਾ ਯੋਗਦਾਨ ਪਾਇਆ ਹੈ। ਦਹੇਜ ਤੇ ਭਰੂਣ ਹੱਤਿਆ ਦੋ ਅਜਿਹੀਆਂ ਕੁਰੀਤੀਆਂ ਹਨ, ਜਿਹੜੀਆਂ ਦਿਨੋਂ-ਦਿਨ ਸਿੱਖਿਆ ਦਾ ਪ੍ਰਸਾਰ ਹੋਣ ਦੇ ਬਾਵਜੂਦ ਵੀ ਸਿਰ ਕੱਢ ਰਹੀਆਂ ਹਨ ਤੇ ਬੰਦਾ ਨਕਲ ਵਿੱਚ ਸੰਸਾਰ ਦੇ ਹੋਰ ਜੀਵਾਂ ਨੂੰ ਪਿੱਛੇ ਛੱਡ ਗਿਆ ਹੈ। ਰੋਜ਼ੀ ਰੋਟੀ ਦੇ ਆਹਰ ਵਿੱਚ ਵਿਦੇਸ਼ੀ ਡਾਲਰਾਂ ਪਿੱਛੇ ਰੁਲ ਰਹੀ ਜੁਆਨੀ ਜਦ ਵਿਆਹ ਕਰਵਾਉਣ ਹਿੱਤ ਆਪਣੇ ਦੇਸ਼ ਵੱਲ ਕੂਚ ਕਰਦੀ ਹੈ ਤਾਂ ਵਿਆਹਾਂ ‘ਤੇ ਬੇਹਿਸਾਬਾ ਖਰਚ ਕਰਕੇ ਜਿੱਥੇ ਸ਼ੋਰ-ਸ਼ਰਾਬਾ ਮੁੱਲ ਲੈਂਦੀ ਹੈ, ਉੱਥੇ ਦਿਓ ਕੱਦ ਇਮਾਰਤਾਂ ਵਿੱਚ ਰਜਵਾੜਾਸ਼ਾਹੀ ਵਿਆਹ ਤੇ ਵਿਤੋਂ ਬਾਹਰੇ ਇਕੱਠ ਨਾਲ ਆਮ ਆਦਮੀ ਦਾ ਕਚੂੰਮਰ ਵੀ ਕੱਢ ਦਿੰਦੀ ਹੈ।
ਪ੍ਰਵਾਸੀ ਭਰਾਵਾਂ ਲਈ ਇਹ ਭਾਵੇਂ ਇੱਕ ਸ਼ੁਗਲ ਹੋਵੇਗਾ, ਪਰ ਦੇਖਾ-ਦੇਖੀ ਹੋਰ ਲੋਕ ਵੀ ਸਮਾਜ ਵਿੱਚ ਆਪਣਾ ਨੱਕ ਉੱਚਾ ਕਰਨ ਲਈ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਪੰਗਾ ਸਹੇੜ ਬਹਿੰਦੇ ਹਨ। ਨਤੀਜਾ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਤੇ ਕਈ ਵਾਰ ਨੌਬਤ ਆਤਮ-ਹੱਤਿਆ ਤੱਕ ਵੀ ਅੱਪੜ ਜਾਂਦੀ ਹੈ ਤੇ ਪਰਿਵਾਰ ਰੁਲ ਜਾਂਦੇ ਹਨ। ਸਿਹਤ ਨਾਲ ਖਿਲਵਾੜ ਕਰਦੇ ਹੋਏ, ਵਿਆਹਾਂ ਵਿੱਚ ਵਰਤਾਏ ਜਾਂਦੇ ਭਾਂਤ-ਭਾਂਤ ਦੇ ਖਾਣੇ ਤੇ ਡੀਜੇ ਦੇ ਸ਼ੋਰ-ਸ਼ਰਾਬੇ ਵਿੱਚ ਕਿਸੇ ਦੀ ਕੋਈ ਗੱਲ ਵੀ ਸੁਣਾਈ ਨਹੀਂ ਦਿੰਦੀ, ਸਗੋਂ ਖੁੱਲ੍ਹੇਆਮ ਸ਼ਰਾਬ ਵਾਰਤਾਅ ਕੇ ਆਪਣੀ ਅਮੀਰੀ ਦਾ ਇਜ਼ਹਾਰ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੁੰਦੀ। ਵਿਆਹ ਵਿੱਚ ਸਜੇ ਮੇਜ਼ਾਂ ‘ਤੇ ਮਨ ਮੌਜੀ ਆ ਕੇ ਬਹਰਿਆ ਨੂੰ ਇੰਝ ਹੁਕਮ ਚਾੜਦੇ ਹਨ, ਜਿਵੇਂ ਉਹਨਾਂ ਨੇ ਆਪਣੀ ਵੱਖਰੀ ਹੀ ਸਲਤਨਤ ਕਾਇਮ ਕੀਤੀ ਹੋਵੇ। ਕਈ ਸੱਜਣ ਸ਼ਗਨ ਲਿਫ਼ਾਫ਼ਾ ਤਾਂ ਉਪਰਲੀ ਜੇਬ ਵਿੱਚ ਪਾ ਕੇ ਇੰਝ ਵਿਖਾਵਾ ਕਰਦੇ ਹਨ, ਜਿਵੇਂ ਉਹ ਵਿਆਹ ਵਾਲੇ ਘਰ ਦੇ ਜੀਆਂ ਦੇ ਬੜੇ ਹੀ ਸਕੇ ਸੋਧਰੇ ਹੁੰਦੇ ਹਨ। ਬਹੁਤੇ ਲੋਕ ਪਹਿਲਾਂ 101 ਰੁਪਏ ਸ਼ਗਨ ਪਾਇਆ ਕਰਦੇ ਸੀ, ਪਰ ਹੁਣ ਇਹ ਰਕਮ 501, 1100, 2100 ਜਾਂ ਇਸ ਤੋਂ ਵੀ ਥੋੜ੍ਹਾ ਉਪਰ ਭਾਵ ਹੈਸੀਅਤ ਮੁਤਾਬਿਕ ਲਿਫਾਫੇ ਵਿੱਚ ਪਾ ਕੇ ਬੜੀ ਸ਼ਾਨ ਨਾਲ ਘਰ ਵਾਲਿਆਂ ਨਾਲ ਫੋਟੋ ਖਿੱਚਵਾ ਕੇ ਵੱਖਰਾ ਮੇਜ਼ ਮੱਲ ਲਿਆ ਜਾਂਦਾ ਹੈ ਤੇ ਹਰ ਇੱਕ ਪਕਵਾਨ ਦਾ ਸਵਾਦ ਵੀ ਜ਼ਰੂਰ ਚੱਖਿਆ ਜਾਂਦਾ ਹੈ ਤੇ ਇਸ ਗੱਲ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ ਕਿ ਸਰੀਰ ਨੂੰ ਕਿਹੜੀ ਚੀਜ਼ ਮਾਫ਼ਿਕ ਹੈ ਤੇ ਕਿਹੜੀ ਨਹੀਂ, ਬੱਸ ਅੰਦਰ ਠੂਸਣ ਦੀ ਕੀਤੀ ਜਾਂਦੀ ਹੈ, ਜਿਵੇਂ ਹਿਸਾਬ-ਕਿਤਾਬ ਬਰਾਬਰ ਕਰ ਰਹੇ ਹੋਣ। ਅਜਿਹਾ ਕਰਦਿਆਂ ਭਾਵੇਂ ਉਹਨਾਂ ਨੂੰ ਬਿਮਾਰ ਹੋ ਕੇ ਡਾਕਟਰ ਨੂੰ ਦੁੱਗਣੇ-ਤਿੱਗੁਣੇ ਪੈਸੇ ਹੀ ਕਿਉਂ ਨਾ ਪੂਜਣੇ ਪੈਣ। ਕਈ ਤਾਂ ਬਹਿਰੇ ਦੀ ਮੁੱਠੀ ਗਰਮ ਕਰਕੇ (ਪਰਦੇ ਨਾਲ 50 ਜਾਂ 100 ਰੁਪਏ ਦੇ ਕੇ ) ਉਸਨੂੰ ਆਪਣੇ ਮੇਜ਼ ਦੁਆਲੇ ਹੀ ਮੁੜ ਮੁੜ ਕੇ ਗੇੜੇ ਕੱਢਣ ਲਾ ਲੈਂਦੇ ਹਨ ਤੇ ਹੋਰ ਕਿਸੇ ਦੀ ਵਾਰੀ ਘੱਟ ਹੀ ਆਉਣ ਦਿੰਦੇ ਹਨ। ਬਹਿਰੇ ਵੀ ਇਹੋ ਜਿਹੇ ਲੋਕਾਂ ਦੇ ਚੰਗੇ ਸਪੂਤ ਬਣ ਕੇ ਉਹਨਾਂ ਦੀ ਆਓ-ਭਗਤ ਵਿੱਚ ਇਵੇਂ ਜੁੜ ਜਾਂਦੇ ਹਨ, ਜਿਵੇਂ ਬਹਿਰਿਆਂ ਨੂੰ ਉਹਨਾਂ ਦੀ ਹੀ ਟਹਿਲ ਲਈ ਰੱਖਿਆ ਗਿਆ ਹੋਵੇ। ਉਹ ਥੋੜ੍ਹੇ ਜਿਹੇ ਲਾਲਚ ਬਦਲੇ ਆਪਣੀ ਜ਼ਿੰਮੇਵਾਰੀ ਭੁੱਲ ਕੇ ਸ਼ਰਾਬ, ਮੀਟ, ਪਨੀਰ ਟਿੱਕਾ ਤੇ ਹੋਰ ਲਟਰਮ-ਪਟਰਮ ਮੁੜ ਮੁੜ ਉਹਨਾਂ ਦੇ ਖੁਰਲੀਨੁਮਾ ਟੇਬਲ ‘ਤੇ ਹੀ ਸੁੱਟੀ ਜਾਂਦੇ ਹਨ ਤੇ ਅਜਿਹੇ ਲੋਕ ਥੋੜ੍ਹੇ ਸਮੇਂ ਵਿੱਚ ਹੀ ਦਿੱਤੀ ਗਈ ਸ਼ਗਨ ਦੀ ਰਾਸ਼ੀ ਦਾ ਪੰਜ ਛੇ ਗੁਣਾ ਖਾ ਕੇ, ਲਲਕਰੇ ਮਾਰਦੇ ਡੀਜੇ ਦੀ ਤਾਲ ‘ਤੇ ਬੇਗਾਨੀਆਂ ਤ੍ਰਿਮਤਾਂ ਨਾਲ ਨੱਚਣ ਜਾਂ ਇੰਝ ਕਹੋ ਨੱਚਣ ਬਹਾਨੇ ਉਹਨਾਂ ਦੇ ਪੈਰ ਮਿੱਧਣੇ ਆਰੰਭ ਕਰ ਦਿੰਦੇ ਹਨ।
ਇਹੋ ਜਿਹੇ ਸੋਹਦਿਆਂ ਨੂੰ ਨੱਚਣਾ ਆਵੇ ਜਾਂ ਨਾ ਬੱਸ ਟਿੰਡ ਵਿੱਚ ਕਾਨਾ ਪਾਉਣੋਂ ਇਹ ਕਦੇ ਬਾਜ਼ ਨਹੀਂ ਆਉਂਦੇ ਤੇ ਕਈ ਵਾਰ ਕਾਟੋ-ਕਲੇਸ਼ ਵੀ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਹੋ ਜਾਂਦਾ ਹੈ। ਇਸ ਤਰਾਂ ਰੰਗ ਵਿੱਚ ਭੰਗ ਵੀ ਪੈਂਦਾ ਹੈ ਤੇ ਖੁਸ਼ੀ ਨੂੰ ਗਮੀ ਵਿੱਚ ਬਦਲਦੇ ਬਹੁਤੀ ਦੇਰ ਨਹੀਂ ਲੱਗਦੀ। ਦੋ ਢਾਈ ਘੰਟੇ ਦੀ ਮੌਜ-ਮਸਤੀ ਉਪਰੰਤ ਸ਼ਰਾਬ ਨਾਲ ਡੱਕੇ ਘਰਾਂ ਨੂੰ ਆਪੋ ਆਪਣੇ ਵਾਹਨਾਂ ‘ਤੇ ਚੱਲ ਪੈਂਦੇ ਹਨ ਤੇ ਕਈ ਵਾਰ ਅਜਿਹੇ ਮਨਚਲਿਆਂ ਦੇ ਵਾਹਨਾਂ ਦੇ ਰਸਤੇ ਵਿੱਚ ਪੁਲਿਸ ਦੇ ਲੱਗੇ ਨਾਕਿਆਂ ‘ਤੇ ਘੇਰ ਕੇ ਮੋਟੇ ਚਲਾਨ ਵੀ ਹੁੰਦੇ ਵੇਖੇ ਜਾ ਸਕਦੇ ਹਨ। ਇਸ ਮੌਕੇ ‘ਤੇ ਇਹਨਾਂ ਲੋਕਾਂ ਦੀ ਹਾਲਤ ਚੋਰਾਂ ਨੂੰ ਪਏ ਮੋਰਾਂ ਵਰਗੀ ਹੋ ਜਾਂਦੀ ਹੈ। ਕਈ ਲੋਕ ਤਾਂ ਵਿਆਹ ਸਾਦੀਆਂ ਵਿੱਚ ਅਵਾ-ਤਵਾ ਤੇ ਲੋੜ ਤੋਂ ਵੱਧ ਖਾ ਕੇ ਕਈ ਕਈ ਦਿਨ ਡਾਕਟਰਾਂ ਦੇ ਚੱਕਰ ਲਾਉਂਦੇ ਵੀ ਵੇਖੇ ਜਾਂਦੇ ਹਨ ਤੇ ਡਾਕਟਰ ਦੇ ਪੁੱਛਣ ‘ਤੇ ਸ਼ਾਨ ਨਾਲ ਦੱਸਦੇ ਹਨ ਕਿ ਵਿਆਹ ਵਿੱਚ ਹੀ ਵਾਧ-ਘਾਟ ਹੋ ਗਈ ਹੈ। ਡਾਕਟਰ ਵੀ ਮੋਟੀ ਕਮਾਈ ਕਰਦੇ ਗੋਲੀਆਂ ਤੇ ਪੀਣ ਵਾਲੀ ਦਵਾਈ ਦੇ ਕੇ, ਮਰੀਜ਼ ਨੂੰ ਘਰ ਤੋਰ ਦਿੰਦੇ ਹਨ। ਸਿਹਤ ਖ਼ਰਾਬ ਤੇ ਧਨ ਦਾ ਕਵਾੜਾ ਹੁੰਦਾ ਹੈ। ਮਨੁੱਖ ਦੀ ਅਜੋਕੀ ਬਿਰਤੀ ਦੀ ਇਹ ਤਾਂ ਕੇਵਲ ਇੱਕ ਹੀ ਝਲਕ ਪੇਸ਼ ਕੀਤੀ ਗਈ ਹੈ, ਉਂਝ ਬੰਦੇ ਦੀਆਂ ਬੇਅਕਲੀਆਂ ਅਣਗਿਣਤ ਹਨ ਜੋ ਉਸਨੂੰ ਆਚਰਣ ਤੋਂ ਸਹਿਜੇ ਹੀ ਡੇਗ ਦਿੰਦੀਆਂ ਹਨ। ਮਹਿੰਗਾਈ ਦੇ ਦੌਰ ਵਿੱਚ ਅੱਜ ਲੋੜ ਹੈ, ਖਰਚੇ ਘਟਾਉਣ ਤੇ ਆਪਸੀ ਪਿਆਰ ਵਧਾਉਣ ਦੀ, ਨਾ ਕਿ ਭਾੜੇ ‘ਤੇ ਕੀਤੇ ਬੇਹਿਸਾਬੇ ਇਕੱਠ ਦੀ। ਕੀ ਕਦੇ ਬੰਦਾ ਸਹੀ ਅਰਥਾਂ ਵਿੱਚ ਬੰਦਾ ਬਣ ਕੇ, ਬੰਦਿਆਂ ਵਾਲੇ ਕੰਮ ਕਰਨ ਦੇ ਆਹਰ ਵਿੱਚ ਜੁਟੇਗਾ ਵੀ ਜਾਂ ਇਸੇ ਤਰ੍ਹਾਂ ਝੱਲ ਖਿਲਾਰਨ ਵਾਲੀ ਬਿਰਤੀ ਨੂੰ ਘੁਟ ਕੇ ਜੱਫਾ ਮਾਰ ਇਹੋ ਸਿੱਧ ਕਰੇਗਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ?
ਰਾਜ ਕੁਮਾਰ ਸਾਹੋਵਾਲੀਆ

