ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਗਸਤ:
ਰਸੀਲੇ ਬੋਲਾਂ ਦਾ ਗੀਤਕਾਰ ਧਿਆਨ ਸਿੰਘ ਕਾਹਲੋਂ – ਰਾਜ ਕੁਮਾਰ ਸਾਹੋਵਾਲ਼ੀਆ
ਲੰਮਾ ਕੱਦ, ਛਾਂਟਵਾਂ ਸਰੀਰ, ਦ੍ਰਿੜ੍ਹ ਇਰਾਦਾ ਤੇ ਕੁਝ ਕਰ ਗੁਜ਼ਰਨ ਦਾ ਮਾਦਾ ਰੱਖਣ ਵਾਲੀ ਇੱਕ ਮਿਕਨਾਤੀਸੀ ਸ਼ਖ਼ਸੀਅਤ ਦਾ ਨਾਂ ਹੈ, ਧਿਆਨ ਸਿੰਘ ਕਾਹਲੋਂ। ਸਾਹਿਤ ਦੇ ਖੇਤਰ ਵਿੱਚ ਵਿਚਰਦਿਆਂ ਉਸ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ। ਇਸ ਲਈ ਉਸ ਦੇ ਬੋਲਾਂ ਵਿੱਚ ਪਰਪੱਕਤਾ ਸਪੱਸ਼ਟ ਝਲਕਦੀ ਹੈ। ਉਹ ਸਾਹਿਤ ਦੀਆਂ ਬਾਰੀਕੀਆਂ ਨੂੰ ਸਮਝਣ ਵਾਲਾ ਸੁਭਾਅ ਰੱਖਦਾ ਹੈ ਤੇ ਜਿਹੜੀ ਵੀ ਰਚਨਾ ਲਿਖਦਾ ਹੈ, ਉਸ ਨੂੰ ਵਾਰ-ਵਾਰ ਪੜਚੋਲਦਾ ਹੈ ਤੇ ਇਸ ਉਪਰੰਤ ਹੀ ਕਾਗਜ਼ ਦੀ ਹਿੱਕ ‘ਤੇ ਉੱਕਰਦਾ ਹੈ। ਇਸ ਨੂੰ ਹੋਰ ਸ਼ਾਇਰਾਂ ਵਾਂਗ ਰਾਤੋ-ਰਾਤ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਕੋਈ ਚਾਅ ਨਹੀਂ ਹੈ। ਇਹ “ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ” ਦੀ ਬਿਰਤੀ ਦਾ ਧਾਰਨੀ ਹੈ। ਕਿਸੇ ਵੀ ਸਾਹਿਤਕ ਮਾਹੌਲ ਵਿੱਚ ਸ਼ਾਂਤ ਚਿੱਤ ਹੋ ਕੇ ਵਿਚਰਨਾ ਇਸ ਦੇ ਸੁਭਾਅ ਦਾ ਖ਼ਾਸਾ ਹੈ। ਜੀਵਨ ਦੇ ਸੱਤਵੇਂ ਦਹਾਕੇ ਵਿੱਚ ਪੁੱਜ ਕੇ ਹੁਣ ਤੱਕ ਜੋ ਸਮਾਜ ਤੋਂ ਹਾਸਲ ਕੀਤਾ ਹੈ, ਉਸ ਨੂੰ ਗੀਤਾਂ ਦੇ ਰੂਪ ਵਿੱਚ ਮੁੜ ਸਮਾਜ ਨੂੰ ਮੋੜਨ ਦਾ ਹੀਲਾ ਕੀਤਾ ਹੈ।


“ਬੋਲ ਰਸੀਲੇ” ਸਿਰਲੇਖ ਹੇਠ ਉਨ੍ਹਾਂ ਦੀ ਪਠੇਲੀ ਮੌਲਿਕ ਕਾਵਿ ਪੁਸਤਕ ਹੈ, ਜਿਸ ਵਿੱਚ ਤਕਰੀਬਨ ਜੀਵਨ ਦੇ ਹਰੇਕ ਰੰਗ ਨੂੰ ਗੀਤਾਂ ਵਿੱਚ ਪਰੋਇਆ ਹੈ। ਇਹ ਗੀਤ ਉਸ ਦੇ ਦਿਲ ਦੇ ਵਲਵਲੇ ਹਨ। ਇਨ੍ਹਾਂ ਗੀਤਾਂ ਦਾ ਵਿਸ਼ਾ-ਵਸਤੂ ਤੇ ਨਿਭਾਅ ਆਪਣੀ ਨਵੇਕਲੀ ਪਛਾਣ ਰੱਖਦਾ ਹੈ। ਗੀਤਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਗੀਤਾਂ ਦਾ ਰਚੇਤਾ ਆਪਣੇ ਦਿਲ ਵਿੱਚ ਕਿਸੇ ਡਾਹਢੀ ਪੀੜ ਨੂੰ ਸਮੋਈ ਬੈਠਾ ਹੈ ਜੋ ਗੀਤਾਂ ਦੇ ਰੂਪ ਵਿੱਚ ਉੱਸਲਵੱਟੇ ਲੈਂਦੇ ਆਪ ਮੁਹਾਰੇ ਵਹਿ ਤੁਰੀ ਹੈ। ਸ਼ਾਇਰ ਜਿੱਥੇ ਸ਼ਿੰਗਾਰ-ਰਸ ਭਰਪੂਰ ਗੀਤਾਂ ਕਰਕੇ ਵਧੇਰੇ ਪ੍ਰਸਿੱਧ ਹੈ ਉੱਥੇ ਉਸ ਨੇ ਸਮਾਜ ਦੀ ਦੁਖਦੀ ਰਗ ‘ਤੇ ਵੀ ਹੱਥ ਧਰਨ ਦਾ ਯਤਨ ਕੀਤਾ ਹੈ। ਬੇਬਾਕ ਸ਼ਾਇਰ ਗੀਤਾਂ ਰਾਹੀਂ ਆਪਣੀ ਗੱਲ/ਸੁਨੇਹਾ ਸਹੀ ਢੰਗ ਨਾਲ ਪਾਠਕਾਂ ਤੱਕ ਪਹੁੰਚਾਉਣ ਵਿੱਚ ਸਫਲ ਹੋਇਆ ਹੈ। ਕਿਸੇ ਵੀ ਗੀਤ ਦੀਆਂ ਅਰੰਭਲੀਆਂ ਸਤਰਾਂ ਪੜ੍ਹਨ ਉਪਰੰਤ ਲੱਗਦੈ ਕਿ ਕੋਈ ਸਾਧਾਰਨ ਜਿਹੀ ਗੱਲ ਹੋਵੇਗੀ ਪਰ ਜਦੋਂ ਆਪਣੀ ਗੱਲ ਨੂੰ ਮੋੜਾ ਦਿੰਦਾ ਹੈ ਤਾਂ ਸ਼ਾਇਰ ਦੀ ਠਾਹ ਸੋਟਾ ਮਾਰਨ ਵਾਲੀ ਬਿਰਤੀ ਵੀ ਸਹਿਜੇ ਹੀ ਉਜਾਗਰ ਹੋ ਜਾਂਦੀ ਹੈ ਤੇ ਲਿਹਾਜ਼ ਦੀ ਕੋਈ ਥਾਂ ਨਹੀਂ ਬਚਦੀ। ਦੂਸਰੇ ਸ਼ਬਦਾਂ ਵਿੱਚ ਜੇ ਕਹਿਣਾ ਹੋਵੇ ਤਾਂ ਇਸ ਗੀਤਕਾਰ ਦੀ ਕਲਮ ਅੱਗੇ ਢੁੱਕਵੇਂ ਸ਼ਬਦ ਇੰਝ ਨੱਚਦੇ ਹਨ, ਜਿਵੇਂ ਦਾਣੇ ਭੁੰਨਣ ਲੱਗਿਆਂ ਭੱਠੀ ਵਿੱਚੋਂ ਦਾਣੇ ਭੁੜਕ ਭੁੜਕ ਕੇ ਬਾਹਰ ਆ ਰਹੇ ਹੋਣ।
ਮੌਤ ਨੂੰ ਚੇਤੇ ਰੱਖ ਕੇ ਉੱਚੀਆਂ ਉਡਾਰੀਆਂ ਲਾਉਣ ਦੀ ਸਲਾਹ ਗੀਤਾਂ ਰਾਹੀਂ ਦੇਣ ਵਾਲਾ ਇਹ ਅਲਬੇਲਾ ਗੀਤਕਾਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਯਾਰਾਂ ਦਾ ਯਾਰ ਹੈ। ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ। ਆਪਣੀ ਧੁਨ ‘ਚ ਮਸਤ ਹੋ ਕੇ ਆਪਣਾ ਕਾਰਜ ਕਰਨਾ ਇਸ ਦੇ ਸੁਭਾਅ ਦਾ ਮੀਰੀ ਗੁਣ ਹੈ। ਮਜ਼ਾਹੀਆ ਰੰਗ ਤੇ ਔਰਤ ਦੇ ਸੁਹੱਪਣ ਦੀ ਗੱਲ ਕਰਦਾ ਆਪਣੇ ਗੀਤਾਂ ਵਿੱਚ ਕਮਾਲ ਦਾ ਰੰਗ ਬੰਨ੍ਹਦਾ ਦਿਖਾਈ ਦਿੱਤਾ ਹੈ। ਜਿੱਥੇ ਜਵਾਨੀ ਵਿੱਚ ਸੰਭਲ ਸੰਭਲ ਕੇ ਚੱਲਣ ਦੀ ਤਾਕੀਦ ਕਰਦਾ ਹੈ, ਉੱਥੇ ਦਾਜ ਦੇ ਲੋਭੀਆਂ ਨੂੰ ਫਿਟਕਾਰ ਵੀ ਲਗਾਉਂਦਾ ਹੈ। ਸਾਧਾਰਨ ਤੋਂ ਸਾਧਾਰਨ ਗੱਲ ‘ਤੇ ਵੀ ਪ੍ਰਭਾਵਸ਼ਾਲੀ ਗੀਤ ਸਿਰਜ ਦੇਣਾ ਇਸ ਦੀ ਕਲਾ ਨੂੰ ਬਾਖੂਬੀ ਗਟਾਉਂਦਾ ਹੈ।
ਜੀਵਨ ਵਿੱਚ ਹੰਢਾਏ ਪਲਾਂ ਨੂੰ ਹਿਲੋਰ ਕੇ ਢੁੱਕਵੀਂ ਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਰਾਹੀਂ ਰਚੇ ਸੁਹਜ ਭਰਪੂਰ ਗੀਤਾਂ ਦਾ ਇੱਕ ਭਰਵਾਂ ਪਰਾਗਾ “ਬੋਲ ਰਸੀਲੇ” ਸਿਰਲੇਖ ਹੇਠ ਲੈ ਕੇ ਪੰਜਾਬੀ ਸਾਹਿਤ ਜਗਤ ਦੇ ਵਿਹੜੇ ਦਸਤਕ ਦਿੱਤੀ ਹੈ। ਸਮੁੱਚੇ ਗੀਤ ਜਿੱਥੇ ਆਪਣਾ ਪ੍ਰਭਾਵ ਬਾਖ਼ੂਬੀ ਛੱਡਦੇ ਨਜ਼ਰੀਂ ਪੈਂਦੇ ਹਨ, ਉੱਥੇ ਸਮਾਜਿਕ ਤਾਣੇ-ਬਾਣੇ ਦੀ ਗੁੱਥੀ ਨੂੰ ਵੀ ਸੁਲਝਾਉਣ ਵਾਲੇ ਹੋ ਨਿੱਬੜੇ ਹਨ। ਗੀਤਾਂ ਦੇ ਇਸ ਬੇਨਜ਼ੀਰ ਤੋਹਫ਼ੇ ਦਾ ਮੈਂ ਪੰਜਾਬੀ ਸਾਹਿਤ ਜਗਤ ਦੇ ਵਿਹੜੇ ਆਉਣ ‘ਤੇ ਦਿਲ ਦੀਆਂ ਗਹਿਰਾਈਆਂ ਤੋਂ ਸੁਆਗਤ ਕਰਦਾ ਹੋਇਆ। ਗੀਤਕਾਰ ਤੇ ਉਸ ਦੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੰਦਾ, ਸ਼ਾਇਰ ਤੋਂ ਭਵਿੱਖ ਵਿੱਚ ਹੋਰ ਚੰਗੇਰੇ ਦੀ ਆਸ ਕਰਦਾ ਹਾਂ।
ਰਾਜ ਕੁਮਾਰ ਸਾਹੋਵਾਲ਼ੀਆ

