ਚੰਡੀਗੜ੍ਹ 1 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਦੇ ਪਿੰਡ ਮਾਣਕਪੁਰ ਸ਼ਰੀਫ਼ ਵਿਖੇ ਆਹਮੋ-ਸਾਹਮਣੇ ਘਰਾਂ ਵਿੱਚ ਵਸਦੇ ਇੱਕ ਨੌਜਵਾਨ ਤੇ ਮੁਟਿਆਰ ਵੱਲੋਂ ਆਪਸ ਵਿਚ ਵਿਆਹ ਕਰਵਾਉਣ ਨੂੰ ਲੈ ਪਿੰਡ ਵਿਚ ਅਜੀਬ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਹੈ। ਵਿਆਹ ਕਰਵਾਉਣ ਵਾਲੇ ਰਿਸ਼ਤੇ ਵਿਚ ਚਾਚਾ – ਭਤੀਜੀ ਲੱਗਦੇ ਹਨ। ਇਸ ਵਿਆਹ ਤੋਂ ਬਾਅਦ ਸਮੁੱਚੇ ਭਾਈਚਾਰੇ ਤੇ ਪਿੰਡ ਵਿੱਚ ਰੋਹ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਅੱਜ ਗ੍ਰਾਮ ਪੰਚਾਇਤ ਵੱਲੋਂ ਮੁੱਖ ਮਸਲਿਆਂ ਸਬੰਧੀ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿੱਚ ਗ੍ਰਾਮ ਸਭਾ ਰਾਹੀਂ ਮਾਪਿਆਂ ਦੀ ਸਹਿਮਤੀ ਬਿਨ੍ਹਾਂ ਵਿਆਹ ਕਰਵਾਉਣ ਵਾਲਿਆਂ ਖਿਲਾਫ਼ ਮਤਾ ਪਾਸ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਦਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਮਾਪਿਆਂ ਦੀ ਸਹਿਮਤੀ ਜਾਂ ਪਿੰਡ ਦੇ ਵਿਚ ਹੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਨੇੜਲੇ ਪਿੰਡ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਉਨ੍ਹਾਂ ਨੂੰ ਪਿੰਡ ਦੀਆਂ ਹਰ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਦੇ ਇਸ ਮਤੇ ਖਿਲਾਫ਼ ਉਨ੍ਹਾਂ ਦਾ ਕੋਈ ਪਰਿਵਾਰਿਕ ਮੈਂਬਰ ਜਾਂ ਪਿੰਡ ਵਾਸੀ ਉਲੰਘਣਾ ਕਰਨ ਵਾਲੇ ਜੋੜੇ ਦੀ ਮਦਦ ਕਰੇਗਾ ਤਾਂ ਉਸ ਖਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗ੍ਰਾਮ ਸਭਾ ਨੇ ਜਿਲਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਅਜਿਹੀ ਗਲਤੀ ਕਰਨ ਵਾਲਿਆਂ ਖਿਲਾਫ਼ ਖੁਦ ਕਾਰਵਾਈ ਕੀਤੀ ਜਾਵੇ। ਪੰਚਾਇਤ ਅਨੁਸਾਰ ਇਸ ਮਤੇ ਦਾ ਕਾਰਨ ਪਿੰਡ ਦੇ ਹੀ ਇੱਕ ਭਾਈਚਾਰੇ ਦੇ ਲੜਕੀ ਤੇ ਲੜਕੇ ਵੱਲੋਂ ਪਿੰਡ ‘ਚ ਹੀ ਵਿਆਹ ਕਰਵਾ ਲਿਆ ਗਿਆ। ਪੰਚਾਇਤ ਤੇ ਪਿੰਡ ਵਾਸੀਆਂ ਅਨੁਸਾਰ ਪਾਸ ਕੀਤੇ ਇਸ ਮਤੇ ਦਾ ਮਨੋਰਥ ਅੱਗੋਂ ਹੋਰ ਅਜਿਹੀਆਂ ਘਟਨਾਵਾਂ ਨੂੰ ਰੋਕ ਕੇ ਪਿੰਡ ਵਿੱਚ ਸ਼ਾਂਤੀ ਤੇ ਭਾਈਚਾਰਿਕ ਸਾਂਝ ਨੂੰ ਕਾਇਮ ਰੱਖਣਾ ਹੈ। ਇਸ ਮੌਕੇ ਸ. ਦਲਬੀਰ ਸਿੰਘ ਸਰਪੰਚ, ਸੰਦੀਪ ਸਿੰਘ ਸਨੀ ਪੰਚ, ਅਵਤਾਰ ਸਿੰਘ ਪੰਚ, ਲਖਮੀਰ ਸਿੰਘ ਪੰਚ, ਨਾਜਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਪਰਵਿੰਦਰ ਸਿੰਘ ਪੰਚ, ਅਰਨ ਕੁਮਾਰ ਪੰਚ, ਪ੍ਰਿਤਪਾਲ ਸਿੰਘ ਪੰਚ, ਸਾਬਕਾ ਪੰਚ ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਤੋਂ ਇਲਾਵਾ ਪਿੰਡ ਵਾਸੀ ਵੀ ਹਾਜ਼ਰ ਸਨ।

