ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਮਾਰਚ:
ਰੁੱਤ ਦਾਖਲਿਆਂ ਦੀ ਆਈ/ ਅਵਤਾਰ ਨਗਲ਼ੀਆ
ਸ਼ੇਰ ਨਦੀ ਵਿੱਚੋਂ ਪਾਣੀ ਪੀ ਰਿਹਾ ਸੀ। ਪਿਆਸ ਦਾ ਮਾਰਿਆ ਇੱਕ ਲੇਲਾ ਵੀ ਡਰਦਾ ਡਰਦਾ ਨਦੀ ਵੱਲ ਵਧਿਆ। ਲੇਲਾ ਹਜੇ ਦੂਰ ਹੀ ਸੀ ਕਿ ਸ਼ੇਰ ਨੇ ਇੱਕਦਮ ਮੂੰਹ ਉੱਪਰ ਚੁੱਕਿਆ। ਇਹ ਵੇਖ ਕੇ ਲੇਲੇ ਦਾ ਪਿਸ਼ਾਬ ਨਿਕਲ ਹੀ ਚੱਲਿਆ ਸੀ ਕਿ ਸ਼ੇਰ ਹਲੀਮੀ ਨਾਲ ਬੋਲਿਆ, “ਲੇਲੇ ਭਾ ਜੀ ਤੁਸੀਂ ਕਿਉਂ ਤਕਲੀਫ ਕਰਦੇ ਹੋ? ਤੁਸੀਂ ਬੈਂਚ ਤੇ ਬੈਠੋ। ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਨਾਂ।”


ਲੇਲੇ ਨੂੰ ਆਵਦੇ ਵਡੇਰਿਆਂ ਨਾਲ ਹੋਈ-ਬੀਤੀ ਯਾਦ ਸੀ। ਲੇਲਾ ਜਾ ਕੇ ਬੈਂਚ ‘ਤੇ ਬੈਠ ਗਿਆ। ਸ਼ੇਰ ਦੋ ਗਲਾਸ ਤੇ ਜੱਗ ਲੈ ਕੇ ਲੇਲੇ ਕੋਲ ਆਇਆ। “ਪਹਿਲਾਂ ਪਾਣੀ ਪੀ ਲਓ। ਪੈੱਗ ਫੇਰ ਲਾਵਾਂਗੇ” ਇੰਨਾ ਕਹਿੰਦਿਆਂ ਸ਼ੇਰ ਨੇ ਲੇਲੇ ਨੂੰ ਪਾਣੀ ਦਾ ਗਲਾਸ ਫੜਾਇਆ।
ਲੇਲਾ ਹੈਰਾਨ ਸੀ ਕਿ ਸਾਲੀ ਐਨੀ ਖਾਤਰਦਾਰੀ ਕਾਹਦੀ ਹੋਈ ਜਾਂਦੀ ਹੈ? ਜੱਕੋ-ਤੱਕੀ ਵਿੱਚ ਲੇਲਾ ਪਾਣੀ ਪੀ ਗਿਆ। ਹੁਣ ਸ਼ੇਰ ਨੇ ਦੋ ਪੈੱਗ ਪਾਏ। ਚੀਅਰਜ਼ ਕਹਿ ਕੇ ਦੋਵੇਂ ਜਣੇ ਸੜ੍ਹਾਕ ਗਏ। ਦੋ ਕੁ ਪੈੱਗ ਪੀ ਕੇ ਲੇਲਾ ਵੀ ਆਵਦੇ ਆਪ ਨੂੰ ਸ਼ੇਰ ਹੀ ਸਮਝਣ ਲੱਗ ਪਿਆ।
“ਨਾ ਸਾਲਿਆ ਐਨੀ ਸੇਵਾ ਕਿਉਂ ਕਰੀ ਜਾਨਾ ਅੱਜ?” ਲੇਲਾ ਟਹਿਕਰੇ ਵਿੱਚ ਸੀ।
“ਤੇਰੇ ਵੀਰ ਨੂੰ ਨੌਕਰੀ ਮਿਲ ਗਈ। ਮਾਸਟਰ ਭਰਤੀ ਹੋ ਗਿਆ ਮੈਂ, ਜੰਗਲ ਦੇ ਸਕੂਲ ‘ਚ” ਕਹਿੰਦਿਆਂ ਸ਼ੇਰ ਨੇ ਮੁੱਛ ਮਰੋੜੀ।
ਇੰਨਾ ਸੁਣ ਕੇ ਲੇਲਾ ਖੁੱਲ੍ਹ ਕੇ ਹੱਸਿਆ। “ਇਹਦਾ ਮਤਲਬ ਹੁਣ ਤੂੰ ਵੀ ਲੇਲਾ ਬਣ ਗਿਆ।” ਲੇਲਾ ਸ਼ੇਰ ਵਾਲੀਆਂ ਫੀਲਿੰਗਾਂ ਚੱਕੀ ਫਿਰਦਾ ਸੀ।
“ਨਹੀਂ ਵੀਰੇ, ਪਾਰਟੀ ਤਾਂ ਮੈ ਤੇਰੇ ਘਰ ਜਵਾਕ ਜੰਮਣ ਦੀ ਕਰ ਰਿਹਾਂ” ਸ਼ੇਰ ਹਲੀਮੀ ਨਾਲ ਬੋਲਿਆ।
“ਸਾਲਿਆ ਜਵਾਕ ਮੇਰੀ ਸਵੀਟ ਹਾਰਟ ਨੇ ਜੰਮਿਆ, ਖੁਸ਼ੀਆਂ ਤੈਨੂੰ ਚੜੀਆਂ? ਮਤਲਬ ਕੀ ਹੈ?” ਲੇਲੇ ਨੇ ਡੱਬ ਨੂੰ ਹੱਥ ਮਾਰ ਕੇ ਪਿਸਤੌਲ ਕੱਢਣ ਵਾਲੀ ਐਕਟਿੰਗ ਕੀਤੀ।
“ਹੋਰ ਦੋਹਾਂ ਮਹੀਨਿਆਂ ਨੂੰ ਅਸੀਂ ਦਾਖਲੇ ਵਧਾਉਣੇ ਐ। ਮੇਰਾ ਵੀਰ ਆਵਦੇ ਜਵਾਕ ਨੂੰ ਮੇਰੇ ਵਾਲੇ ਸਕੂਲ ‘ਚ ਹੀ ਦਾਖਲ ਕਰਵਾਈਂ। ਮੇਰੀ ਏ.ਸੀ.ਆਰ ਗੁੱਡ ਹੋ ਜਾਊ। ਲੈ ਚੱਕ ਪੈੱਗ” ਕਹਿੰਦਿਆਂ ਸ਼ੇਰ ਨੇ ਤੀਜਾ ਪੈੱਗ ਪਾਇਆ।

