www.sursaanjh.com > ਚੰਡੀਗੜ੍ਹ/ਹਰਿਆਣਾ > ਲਓ ਜੀ ! ਸਰਕਾਰੀ ਬਾਬੂਆਂ ਦਾ ਮਿਰਜਾਪੁਰ ਵਿੱਚ ਨਵਾਂ ਕਾਰਨਾਮਾ

ਲਓ ਜੀ ! ਸਰਕਾਰੀ ਬਾਬੂਆਂ ਦਾ ਮਿਰਜਾਪੁਰ ਵਿੱਚ ਨਵਾਂ ਕਾਰਨਾਮਾ

ਲਓ ਜੀ ! ਸਰਕਾਰੀ ਬਾਬੂਆਂ ਦਾ ਮਿਰਜਾਪੁਰ ਵਿੱਚ ਨਵਾਂ ਕਾਰਨਾਮਾ
ਚੰਡੀਗੜ੍ਹ 23 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਹਾੜੀ ਖੇਤਰ ਵਿੱਚ ਬਹੁਤ ਅਜਿਹੇ ਪਿੰਡ ਹਨ, ਜਿਥੇ ਅੱਜ ਵੀ ਸਹੂਲਤਾਂ ਦੀਆਂ ਘਾਟਾਂ ਮਹਿਸੂਸ ਹੋ ਰਹੀਆਂ ਹਨ। ਜਿਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੜਕਾਂ ਤੇ ਰਸਤਿਆਂ ਸਮੇਤ ਬੱਸਾਂ ਵਰਗੇ ਸਾਧਨਾਂ ਦੀ ਵੀ ਹੈ, ਕਿਉਂਕਿ ਸਮੇਂ ਸਮੇਂ ‘ਤੇ ਪਹਾੜੀ ਖੇਤਰ ਦਿੇ ਪਿੰਡਾਂ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਮੀਡੀਆ ਵਿੱਚ ਖਬਰਾਂ ਨਸ਼ਰ ਹੁੰਦੀਆਂ ਰਹੀਆਂ ਹਨ।
ਬੇਸ਼ੱਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਹੂਲਤਾਂ ਦੀ ਘਾਟ ਵਾਲੇ ਪਿੰਡਾਂ ਵਿੱਚ ਧਿਆਨ ਦੇਣਾ ਚਾਹੀਦਾ ਸੀ। ਪੰਜਾਬ ਦੇ ਅਖੀਰਲੇ ਪਿੰਡ ਮਿਰਜਾਪੁਰ ਵਿੱਚ ਪੰਚਾਇਤ ਵਿਭਾਗ ਨੇ ਬਜਾਏ ਸਹੂਲਤ ਦੇਣ ਦੇ ਹੋਰ ਮੁਸ਼ਕਲ ਖੜੀ ਕਰ ਦਿੱਤੀ ਹੈ। ਬਲਾਕ ਮਾਜਰੀ ਅਧੀਨ ਪੈਂਦਾ ਪਹਾੜੀ ਪਿੰਡ ਮਿਰਜਾਪੁਰ, ਜਿੱਥੇ ਹੋਰ ਸਹੂਲਤਾਂ ਨੂੰ ਤਰਸ ਰਿਹਾ ਹੈ ,ਉੱਥੇ ਹੀ ਸੀਵਰੇਜ ਸਿਸਟਮ ਪਾਉਣ ਨੂੰ ਲੈ ਕੇ ਪੰਚਾਇਤ ਵਿਭਾਗ ਸੁਰਖੀਆਂ ਵਿੱਚ ਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸੇ ਸਾਲ ਮਾਰਚ ਵਿੱਚ ਪੰਚਾਇਤ ਵਿਭਾਗ ਵੱਲੋਂ ਪਿੰਡ ਦੇ ਨਿਕਾਸੀ ਵਾਲੇ ਪਾਣੀ ਲਈ ਸੀਵਰੇਜ ਪਾਈਪ ਲਾਈਨ ਵਿਛਾਈ ਗਈ ਸੀ, ਪਰ ਇਹ ਪਾਈਪ ਲਾਈਨ ਜਲਦੀ ਜਲਦੀ ਵਿੱਚ ਪਾਉਣ ਕਰਕੇ ਅੱਧ ਵਿਚਾਲੇ ਲਮਕ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਪਾਈਪ ਲਾਈਨ  ਬਜਾਏ ਸੀਮਿੰਟ, ਰੇਤਾ ਜਾਂ ਮਿੱਟੀ ਵਿੱਚ ਦੱਬਣ ਦੀ ਬਜਾਏ ਹਵਾ ਵਿੱਚ ਹੀ ਲਮਕ ਰਹੀ ਹੈ।  ਇਸ ਦੇ ਪਾਈਪਾਂ ਨੂੰ ਸੁਬੜਿਆਂ ਨਾਲ ਬੰਨ੍ਹ ਕੇ ਦਰਖਤਾਂ ਨਾਲ ਬੰਨਿਆ ਗਿਆ ਹੈ।
ਮਿਰਜਾਪੁਰ ਦੇ ਯੂਥ ਆਗੂ ਕਰਨੈਲ ਸਿੰਘ ਸੋਢੀ ਨੇ ਦੱਸਿਆ ਕਿ ਇਸ ਸਬੰਧੀ ਪੰਚਾਇਤ ਵਿਭਾਗ ਦੇ ਸੈਕਟਰੀ ਨੂੰ ਵਾਰ ਵਾਰ ਇਸ ਸਬੰਧੀ ਬੇਨਤੀ ਕੀਤੀ ਗਈ ਕਿ ਸੀਵਰੇਜ ਵਾਲੀ ਪਾਈਪ  ਨੂੰ ਦਰੁਸਤ ਕੀਤਾ ਜਾਵੇ, ਪਰ ਸੈਕਟਰੀ ਵੱਲੋਂ ਹਰ ਵਾਰੀ ਗੱਲ ਨੂੰ ਅਣਗੋਲਿਆ ਕੀਤਾ ਜਾਂਦਾ ਹੈ। ਇਹਨਾਂ ਨੇ ਦੱਸਿਆ ਹੈ ਕਿ ਇਹ ਸੀਵਰੇਜ ਸਾਨੂੰ ਸਹੂਲਤ ਦੇਣ ਦੇ ਬਜਾਏ ਸਾਡੇ ਵਾਸਤੇ ਨੁਕਸਾਨਦੇਹ ਸਾਬਤ ਹੋ ਰਹੀ। ਇਸ ਸਬੰਧੀ ਵਿਭਾਗ ਦੇ ਸੈਕਟਰੀ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਸੀਵਰੇਜ ਵਾਲੀ ਪਾਈਪ ਲਾਈਨ ਨੂੰ ਠੀਕ ਕੀਤਾ ਜਾਵੇਗਾ, ਕਿਉਂਕਿ ਕੁਝ ਮਜ਼ਬੂਰੀ ਕਰਕੇ ਇਹ ਪਾਈਪ ਲਾਈਨ ਜਲਦੀ ਜਲਦੀ ਪਾ ਦਿੱਤੀ ਗਈ ਸੀ।

Leave a Reply

Your email address will not be published. Required fields are marked *