ਖਰੜ (ਸੁਰ ਸਾਝ ਡਾਟ ਕਾਮ ਬਿਊਰੋ), 10 ਜੁਲਾਈ:
ਤਾਹਿਰਾ ਸਰਾ ਦੀਆਂ ਤਿੰਨ ਰਚਨਾਵਾਂ
ਲਾਉਣੇ ਪੈਣੇ ਸੀ ਪਰਨਾਲ਼ੇ ਅੱਖਾਂ ਨੂੰ/ ਤਾਹਿਰਾ ਸਰਾ
ਲਾਉਣੇ ਪੈਣੇ ਸੀ ਪਰਨਾਲ਼ੇ ਅੱਖਾਂ ਨੂੰ।
ਚੜ੍ਹਦੇ ਸਾਵਣ ਲਾ ਲਏ ਤਾਲ਼ੇ ਅੱਖਾਂ ਨੂੰ।
ਕੰਨਾਂ ਤੀਕਰ ਲੱਗੇ ਜਾਲ਼ੇ ਅੱਖਾਂ ਨੂੰ,
ਕੀ ਆਖਣਗੇ ਅੱਖਾਂ ਵਾਲ਼ੇ ਅੱਖਾਂ ਨੂੰ।


ਸੁਫਨੇ ਵਿੱਚ ਵੀ ਉਹ ਜੇ ਨਜ਼ਰੀ ਆ ਜਾਵੇ,
ਜੇਠ, ਹਾੜ੍ਹ ਵਿੱਚ ਲੱਗਣ ਪਾਲ਼ੇ ਅੱਖਾਂ ਨੂੰ।
ਅੱਖਾਂ ਦੀ ਜੇ ਗੱਲ ਹੋ ਜਾਵੇ ਆਪਸ ਵਿੱਚ,
ਫਿਰ ਨਈਂ ਦਿਸਦੇ ਚਿੱਟੇ-ਕਾਲ਼ੇ ਅੱਖਾਂ ਨੂੰ।
ਹਰ ਮੰਜ਼ਰ ਨੂੰ ਅੱਖਾਂ ਲੱਗੀਆਂ ਹੋਈਆਂ ਨੇ,
ਵੇਖ ਰਹੇ ਨੇ ਆਲ਼-ਦਵਾਲ਼ੇ ਅੱਖਾਂ ਨੂੰ।
‘ਤਾਰਾ’ ਹਾਲੇ ਦਿਲ ਦੀ ਵਾਰੀ ਆਉਣੀ ਏਂ,
ਦਲ਼ ਸੱਟਿਆ ਸੂ ਪਹਿਲੇ ਗਾਲ਼ੇ ਅੱਖਾਂ ਨੂੰ।
2
ਇਹ ਤੇਰੀ ਬੇਦਿਲੀ ਤੇ ਬੇਰੁਖੀ ਤਕਲੀਫ ਦੇਂਦੀ ਏ
ਇਹ ਤੇਰੀ ਬੇਦਿਲੀ ਤੇ ਬੇਰੁਖੀ ਤਕਲੀਫ ਦੇਂਦੀ ਏ।
ਤੇਰੇ ਗਲ਼ ਲੱਗ ਕੇ ਰੋਵਣ ਦੀ ਕਮੀ ਤਕਲੀਫ ਦੇਂਦੀ ਏ।
ਚਕੋਰਾਂ ਵਰਗੀਆਂ ਅੱਖਾਂ ‘ਤੇ ਪਹਿਰੇ ਨੇ ਅਨਾਵਾਂ ਦੇ,
ਵੇ ਚੰਨਾ ! ਸਾਨੂੰ ਤੇਰੀ ਚਾਨਣੀ ਤਕਲੀਫ ਦੇਂਦੀ ਏ।
ਜ਼ਮਾਨੇ ਵਾਲ਼ਿਆਂ ਨੇ ਓਸ ਦਾ ਨਾਂ ਹਿਜਰ ਧਰ ਦਿੱਤਾ,
ਘੜੀ ਵਸਲਾਂ ਦੀ ਜਿਹੜੀ ਪੇਸ਼ਗੀ ਤਕਲੀਫ ਦੇਂਈ ਏ।
3
ਸ਼ੀਸ਼ੇ ਅੱਗੇ ਬੈਠੀ ਆਂ
ਸ਼ੀਸ਼ੇ ਅੱਗੇ ਬੈਠੀ ਆਂ।
ਆਪਣੇ ਅੱਗੇ ਬੈਠੀ ਆਂ।
ਅੰਦਰੋਂ ਕੁੰਡੀ ਵੱਜੀ ਏ,
ਬੂਹੇ ਅੱਗੇ ਬੈਠੀ ਆਂ।
ਖ਼ਲਕਤ ਵੇਖੀ ਜਾਂਦੀ ਏ,
ਤੇਰੇ ਅੱਗੇ ਬੈਠੀ ਆਂ।
ਰਾਂਝੇ ਚੂਰੀ ਮੰਗੀ ਏ,
ਬੇਬੇ ਅੱਗੇ ਬੈਠੀ ਆਂ।
(ਤਾਹਿਰਾ ਸਰਾ ਦੀ ਫੇਸਬੁੱਕ ਵਾਲ ਤੋਂ ਧੰਨਵਾਦ ਸਹਿਤ)।

