10 ਨਵੰਬਰ ਦੇ ਧਰਨੇ ਵਿਚ ਵੱਡੀ ਤਾਦਾਦ ਵਿਚ ਸ਼ਾਮਲ ਹੋਣਗੇ ਲੇਖਕ – – ਸੁਸ਼ੀਲ ਦੁਸਾਂਝ
ਚੰਡੀਗੜ੍ਹ (ਸੁਰ ਸਾਂਝ ਡਾਟਕਾਮ ਬਿਊਰੋ), 7 ਨਵੰਬਰ:


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ। ਸਭਾ ਨੇ ਯੂਨੀਵਰਸਿਟੀ ਬਚਾਓ ਮੋਰਚੇ ਅਤੇ ਵਿਦਿਆਰਥੀ ਸੰਘਰਸ਼ ਨੂੰ ਪੂਰੀ ਹਮਾਇਤ ਦਿੰਦਿਆਂ 10 ਨਵੰਬਰ ਨੂੰ ਹੋਣ ਵਾਲੇ ਧਰਨੇ ਅਤੇ ਬੰਦ ਵਿੱਚ ਵੱਡੇ ਪੱਧਰ ‘ਤੇ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨਾ ਗੰਭੀਰ ਅਤੇ ਚਿੰਤਾਜਨਕ ਕਦਮ ਹੈ। ਇਹ ਕੋਈ ਸਾਧਾਰਨ ਘਟਨਾ ਨਹੀਂ, ਬਲਕਿ ਸਿੱਖਿਆ ਨੂੰ ਭਗਵੇਂ ਰੰਗ ਵਿੱਚ ਰੰਗਣ ਵੱਲ ਸੇਧਿਤ ਵਰਤਾਰਾ ਹੈ, ਜੋ ਆਰਐੱਸਐੱਸ ਦੀ ਰਣਨੀਤੀ ਦਾ ਹਿੱਸਾ ਹੈ।
ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਪੂਰੀ ਤਰ੍ਹਾਂ ਹਮਾਇਤ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਨੂੰ ਪੰਜਾਬੀ ਭਾਈਚਾਰਾ ਚੁੱਪ ਚਾਪ ਬਰਦਾਸ਼ਤ ਨਹੀਂ ਕਰੇਗਾ ਅਤੇ ਹਰ ਪੱਧਰ ‘ਤੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ ਦਾ ਲੇਖਕ ਭਾਈਚਾਰਾ ਇਸ ਸੰਘਰਸ਼ ਵਿੱਚ ਭਰਵੀਂ ਸ਼ਮੂਲੀਅਤ ਕਰੇਗਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਸਬੰਧਿਤ ਸਾਰੀਆਂ ਸਾਹਿਤ ਸਭਾਵਾਂ ਤੇ ਲੇਖਕਾਂ ਨੂੰ ਵੱਡੀ ਗਿਣਤੀ ਵਿੱਚ 10 ਨਵੰਬਰ ਦੇ ਧਰਨੇ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਨਾ ਸਿਰਫ਼ ਪੰਜਾਬੀ ਵਿਦਿਆ ਨੂੰ ਬਚਾਉਣ ਲਈ ਜ਼ਰੂਰੀ ਹੈ, ਬਲਕਿ ਸੰਵਿਧਾਨਕ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਅਹਿਮ ਹੈ।
ਜਾਰੀ ਕਰਤਾ: ਸੁਸ਼ੀਲ ਦੁਸਾਂਝ, ਜਨਰਲ ਸੱਕਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੰਪਰਕ-98887-99870

