ਸੱਚ ਆਖਾਂ ਭਾਂਬੜ ਮੱਚਦਾ ਏ…ਬੁੱਲੇ ਸ਼ਾਹ
ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ‘ਮੈਂ ਤੇ ਮੇਰੇ’ ਦੇ ਸਮਾਗਮ ਦੇ ਬਾਰੇ ਕੁਝ – ਹਰਨਾਮ ਸਿੰਘ ਡੱਲਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਅਕਤੂਬਰ:
ਪੰਜਾਬੀ ਲੇਖਕ ਸਭਾ ਰਜਿ: ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ ਦਾ ਸੁਨੇਹਾ ਪੜ੍ਹਿਆ ਤਾਂ ਮਨ ਕੀਤਾ ਕਿ ਬੀਬੀ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ਉੱਤੇ ਰੱਖੇ ਗਏ ਇਸ ਸਮਾਗਮ ਵਿੱਚ ਜ਼ਰੂਰ ਹਾਜ਼ਰੀ ਭਰਨੀ ਹੈ। ਅੱਜ ਦੇ ਦਿਨ ਲੇਖਕ ਮੰਚ ਸਮਰਾਲਾ ਦੀ ਮੀਟਿੰਗ ਵਿੱਚ ਪਹੁੰਚਣ ਲਈ ਹਰਬੰਸ ਮਾਲਵਾ ਨੂੰ ਵੀ ਹਾਂ ਕਰ ਦਿੱਤੀ ਸੀ। ਪਰ ਜਦੋਂ ਬੀਬੀ ਸੁਰਜੀਤ ਕੌਰ ਬੈਂਸ ਦੀ ਸਵੈ ਜੀਵਨੀ ਉੱਤੇ ਰੱਖੇ ਸਮਾਗਮ ਦੀ ਖ਼ਬਰ ਪੜ੍ਹੀ ਤਾਂ ਕਲਾ ਭਵਨ ਚੰਡੀਗੜ੍ਹ ਜਾਣਾ ਹੀ ਜ਼ਰੂਰੀ ਸਮਝਿਆ। ਹਰਬੰਸ ਮਾਲਵਾ ਤੋਂ ਵਾਅਦਾ ਖਿਲਾਫੀ ਲਈ ਮਾਫ਼ੀ ਮੰਗਣੀ ਪਈ।


‘ਮੈਂ ਤੇ ਮੇਰੇ’ ਪੁਸਤਕ ਤਾਂ ਮੈਂ ਪੜ੍ਹੀ ਨਹੀਂ ਸੀ, ਪਰ ਲੇਖਕਾ ਦੇ ਵਿਅਕਤੀਤੱਵ ਦੇ, ਮੇਰੇ ਉੱਤੇ ਦੋ ਚਾਰ ਮਿਲਣੀਆਂ ਦੇ ਪ੍ਰਭਾਵ ਮੇਰੇ ਮਨ ਦੀ ਗਹੀ ਵਿੱਚ ਹਾਲੇ ਤੱਕ ਕਿਤੇ ਪਏ ਸਨ। ਪੱਚੀ ਅਠਾਈ ਸਾਲ ਪੁਰਾਣੀ ਗੱਲ ਹੈ। ਜਦੋਂ ਮੈਂ ਔਰੰਗਾਬਾਦ ਤੋਂ ਬਦਲ ਕੇ ਚੰਡੀਗੜ੍ਹ ਆਇਆ ਤਾਂ ਡਾਕਟਰ ਗੁਰਚਰਨ ਸਿੰਘ ਸਾਕੀ ਚੰਡੀਗੜ੍ਹ ਰਹਿੰਦੇ ਸਨ। ਉਹ ਸੂਲ ਸੁਰਾਹੀ ਸਾਹਿਤ ਕੇਂਦਰ ਚੰਡੀਗੜ੍ਹ ਚਲਾਉਂਦੇ ਸਨ। ਜਦੋਂ ਉਨ੍ਹਾਂ ਨੂੰ ਮੇਰੇ ਚੰਡੀਗੜ੍ਹ ਆਉਂਣ ਦਾ ਪਤਾ ਲੱਗਾ ਤਾਂ ਉਨ੍ਹਾਂ ਮੈਂਨੂੰ ਸੂਲ ਸੁਰਾਹੀ ਸਾਹਿਤ ਕੇਂਦਰ ਚਲਾਉਂਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਆਪ ਉਹ ਪ੍ਰਧਾਨ ਸਨ ਤੇ ਮੈਨੂੰ ਜਨਰਲ ਸਕੱਤਰ ਬਣਾ ਦਿੱਤਾ। ਕਲਾ ਭਵਨ ਤਾਂ ਨਹੀਂ ਅਸੀਂ ਰੋਜ਼ ਗਾਰਡਨ ਵਿੱਚ ਬਹਿ ਕੇ ਮੀਟਿੰਗਾਂ ਕੀਤੀਆਂ। ਮੈਡਮ ਸੁਦਰਸ਼ਨ ਵਾਲੀਆ ਵੀ ਸਾਡੇ ਨਾਲ ਜੁੜ ਗਏ। ਉਸ ਸਮੇਂ ਉਹ ਗ਼ਜ਼ਲ ਲਿਖਣਾ ਸਿੱਖ ਰਹੇ ਸਨ। ਕੁਝ ਹੋਰ ਖੂਬਸੂਰਤ ਸ਼ਖ਼ਸੀਅਤਾਂ ਤਾਰਨ ਗੁਜਰਾਲ ਤੇ ਸੁਰਜੀਤ ਕੌਰ ਬੈਂਸ ਵੀ ਗਾਹੇ-ਬਗਾਹੇ ਸਾਡੀਆਂ ਮੀਟਿੰਗਾਂ ਵਿੱਚ ਜੁੜ ਜਾਂਦੀਆਂ ਸਨ। ਇੱਕ ਘਟਨਾ ਨੇ ਬੀਬੀ ਸੁਰਜੀਤ ਕੌਰ ਬੈਂਸ ਦਾ ਮੇਰੇ ਮਨ ਉੱਤੇ ਡੂੰਘਾ ਪ੍ਰਭਾਵ ਪਾਇਆ ਸੀ, ਉਸੇ ਕਰਕੇ ਹੀ ਮੈਂ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਭਰੀ ਸੀ, ਉਹ ਗੱਲ ਹਾਲੇ ਤੱਕ ਮੇਰੇ ਚੇਤਿਆਂ ਵਿੱਚ ਤਾਜ਼ਾ ਹੈ। ਗੱਲ ਕੁਝ ਏਦਾਂ ਹੈ ਕਿ ਮੈਡਮ ਸੁਦਰਸ਼ਨ ਵਾਲੀਆ ਨੇ ਸੂਲ ਸੁਰਾਹੀ ਦੀ ਇੱਕ ਮੀਟਿੰਗ ਆਪਣੇ ਘਰ ਬੁਲਾ ਲਈ। ਸ਼ਾਇਦ ਸੈਕਟਰ 44 ਵਿੱਚ ਸੀ ਉਨ੍ਹਾਂ ਦਾ ਘਰ। ਮੈਡਮ ਵਾਲੀਆ ਨੇ ਹੋਰ ਕਵਿਤਰੀਆਂ ਨੂੰ ਵੀ ਆਪਣੇ ਘਰ ਬੁਲਾ ਲਿਆ। ਚੰਗਾ ਰਸ਼ ਹੋ ਗਿਆ। ਜਦੋਂ ਇਕੱਠ ਵਿੱਚ ਬੈਠ ਰਹੇ ਸਾਂ ਤਾਂ ਡਾਕਟਰ ਸਾਕੀ ਨੇ ਕਿਹਾ ‘ਆਪਾਂ ਇੱਕ ਦੂਜੇ ਵੱਲ ਨੂੰ ਮੂੰਹ ਕਰ ਕੇ ਬੈਠੀਏ ਤਾਂ ਇੱਕ ਦੂਜੇ ਨੂੰ ਦਿਸਦੇ ਰਹਾਂਗੇ’। ਪਰ ਹੋਰ ਸੱਜਣ (ਜਿਸ ਦਾ ਨਾਂ ਲਿਖਣਾ ਮੈਂ ਠੀਕ ਨਹੀਂ ਸਮਝਦਾ ਤੇ ਅੱਜ ਉਹ ਇਸ ਦੁਨੀਆਂ ਹੈ ਵੀ ਨਹੀਂ) ਨੇ ਕਿਹਾ ਕਿ ‘ਨਾਲੇ ਅੱਖ ਵਿੱਚ ਅੱਖ ਪਾ ਕੇ ਗੱਲ ਹੋਵੇਗੀ।’ ਉਸ ਇਹ ਗੱਲ ਕਹੀ ਸੀ ਕਿ ਬੀਬੀ ਸੁਰਜੀਤ ਕੌਰ ਬੈਂਸ ਨੇ ਗੁੱਸੇ ਵਿੱਚ ਲਾਲ ਹੁੰਦਿਆਂ ਉਸ ਵਿਅਕਤੀ ਨੂੰ “ਹੈਂ”….? ਕਿਹਾ ਹੀ ਸੀ ਪਰ ਉਸ ਨੇ ਦਰੁਸਤੀ ਪਾਉਂਦਿਆਂ ਕਿਹਾ ਕਿ ‘ਮੇਰਾ ਮਤਲਬ ਇੱਕ ਦੂਜੇ ਨੂੰ ਸੰਬੋਧਿਤ ਹੋਇਆ ਜਾ ਸਕੇਗਾ।’ ਬੀਬੀ ਸੁਰਜੀਤ ਕੌਰ ਬੈਂਸ ਨੇ ਉਦੋਂ ਹੀ ਕਿਹਾ This a right form. ਇਸ ਨਾਲ ਹੀ ਗੱਲ ਆਈ-ਗਈ ਹੋ ਗਈ ਤੇ ਮਹਿਫ਼ਲ ਵਿੱਚ ਘੁਸਰ-ਮੁਸਰ ਵੀ ਬੰਦ ਹੋ ਗਈ। ਰਚਨਾਵਾਂ ਦਾ ਦੌਰ ਚੱਲਿਆ। ਮੈਡਮ ਤਾਰਨ ਗੁਜਰਾਲ ਦਾ ਰਸ ਭਿੰਨਾ ਗੀਤ “ਤੇਰਾ ਨਾਮ ਨਸੀਬਾਂ ਵਿੱਚ ਸਾਂਭ ਰੱਖਿਆ, ਮੇਰੇ ਮੱਥੇ ਨਾ ਲੱਗ ਇਲਜ਼ਾਮ ਵਾਂਗੂੰ”…ਮਹਿਫਲ ਵਿੱਚ ਗੁੰਜਿਆ।
ਦੋਸਤੋ, ਬੀਬੀ ਸੁਰਜੀਤ ਕੌਰ ਬੈਂਸ ਨੇ ਉਸ ਵਿਆਕਤੀ ਦੇ ਕੋਹਝ ਨੂੰ ‘ਹੈਂ’…ਕਹਿ ਕੇ ਹੀ ਵੰਗਾਰ ਦਿੱਤਾ ਸੀ। ਇਸੇ ਗਰਜ ਨੇ ਮੇਰੇ ਮਨ ਵਿੱਚ ਬੀਬੀ ਬੈਂਸ ਦਾ ਸਤਿਕਾਰ ਵਧਾ ਦਿੱਤਾ ਸੀ। ਇਸੇ ਕਰਕੇ ਅੱਜ 13 ਅਕਤੂਬਰ 2024 ਦੇ ਦਿਨ ਮੈਂ ਹੋਰ ਮਹਿਫ਼ਲਾਂ ਛੱਡ ਕੇ ਬੀਬੀ ਦੀ ਸਵੈ-ਜੀਵਨੀ ਬਾਰੇ ਕੁਝ ਸੁਣਨ ਗਿਆ ਸਾਂ। ਵੀਰ ਭੁਪਿੰਦਰ ਮਲਿਕ ਬਹੁਤ ਸੋਹਣੀ ਸਟੇਜ ਕੰਡਕਟ ਕਰਦੇ ਹਨ। ਉਹਨਾਂ ਨੇ ਵਾਰੋ-ਵਾਰ ਇਕੱਤਰ ਹੋਏ ਸਾਹਿਤ ਪ੍ਰੇਮੀਆਂ ਨੂੰ ਮੰਚ ਉੱਤੇ ਗੱਲ ਕਰਨ ਲਈ ਸੱਦਾ ਦਿੱਤਾ। ਪਟਿਆਲਾ ਤੋਂ ਪਹੁੰਚੇ ਬਲਜੀਤ ਬੱਲੀ ਨੇ ਸਿਹਤ ਖਰਾਬ ਹੋਣ ਦੇ ਬਾਵਜੂਦ ਬੀਬੀ ਸੁਰਜੀਤ ਕੌਰ ਦੇ ਜੀਵਨ ਅਤੇ ਸਵੈ-ਜੀਵਨੀ ਬਾਰੇ ਸੰਜੀਦਾ ਗੱਲਾਂ ਕੀਤੀਆਂ। ਬਜ਼ੁਰਗ ਸ਼ਾਇਰ ਜਨਾਬ ਸ੍ਰੀ ਰਾਮ ਅਰਸ਼ ਨੇ ਪੁਸਤਕ ਵਿੱਚਲੇ ਪਾਤਰਾਂ ਅਤੇ ਸਵੈ-ਜੀਵਨੀ ਵਿਚਲੇ ਵਾਰਤਾਲਾਪ ਨੂੰ ਵਿਸਤ੍ਰਤ ਰੂਪ ਵਿੱਚ ਪੇਸ਼ ਕੀਤਾ। ਕਵਿਤਰੀ ਰਜਿੰਦਰ ਕੌਰ ਨੇ ਕਾਵਿਕ ਰੇਖਾ ਚਿੱਤਰ ਸੁਣਾਇਆ। ਚੰਗਾ ਲੱਗਿਆ। ਸੰਜੀਦਾ ਗੱਲਾਂ ਹੋਣੀਆਂ ਵੀ ਚਾਹੀਦੀਆਂ ਸਨ।
ਹੁਣ ਮੈਂ ਉਹ ਗੱਲ ਕਰਨ ਦੀ ਇਜਾਜ਼ਤ ਲੈ ਰਿਹਾ ਹਾਂ, ਜਿਸ ਨੂੰ ਸੁਣਨ ਲਈ ਮੈਂ ਹੋਰ ਰੁਝੇਵੇਂ ਛੱਡ ਕੇ ਕਲਾ ਭਵਨ ਚੰਡੀਗੜ੍ਹ ਪਹੁੰਚਿਆ ਸਾਂ। ਮੇਰੇ ਮਨ ਉੱਤੇ ਉਸ ‘ਹੈਂ’…? ਦੀ ਛਾਪ ਸੀ। ਕੌੜੀ ਅੱਖ ਲਈ ਸਤਿਕਾਰ ਸੀ। ਪਰ ਇਸ ਦੇ ਉਲਟ ਜਦੋਂ ਜੰਗ ਬਹਾਦਰ ਗੋਇਲ ਅਤੇ ਡਾਕਟਰ ਦੀਪਕ ਮਨਮੋਹਣ ਸਿੰਘ ਨੂੰ ਸੁਣਿਆਂ ਤਾਂ ਉਸ ‘ਹੈਂ’ ਦਾ ਝਾਉਲਾ ਜਿਹਾ ਪੈਣ ਲੱਗ ਪਿਆ ਕਿ ਬੀਬੀ ਇਹੋ ਜਿਹੇ ਵੀ ਹਨ,ਪਰ ਮੈਂ ਨਹੀਂ ਮੰਨ ਸਕਦਾ। ਜੇ ਹੋਣ ਵੀ ਤਾਂ ਉਨ੍ਹਾਂ ਦੇ ਨਿੱਜੀ ਜੀਵਨ ਤੋਂ ਹਟ ਕੇ ਪੁਸਤਕ ਦੀ ਰੂਹ ਵਿਚਲੀਆਂ ਗੱਲਾਂ ਤੱਕ ਹੀ ਸੀਮਤ ਰਹਿਣਾ ਚਾਹੀਦਾ ਸੀ। ਕੁਝ ਬੁਲਾਰਿਆਂ ਨੇ ਕਿਤਾਬ ਪੜ੍ਹ ਕੇ ਦੱਸਿਆ ਕਿ ਵੰਡ ਵੇਲੇ ਬੀਬੀ ਦਾ ਪਰਵਾਰ ਕਪੂਰਥਲਾ ਸਟੇਸ਼ਨ ਉੱਤੇ ਬਿਨਾਂ ਉਸ ਦੇ ਬਾਪ ਤੋਂ ਪਹੁੰਚਿਆ ਸੀ। ਮਾਂ ਤੇ ਧੀਆਂ ਅਲੱਗ ਸਨ ਤੇ ਬਾਪ ਵਿਛੜ ਚੁੱਕਾ ਸੀ। ਮਾਵਾਂ ਧੀਆਂ ਦਰਬਾਰ ਸਾਹਿਬ ਵਿਖੇ ਇਕੱਲੀਆਂ ਪਹੁੰਚੀਆਂ ਸਨ। ਇੱਕ ਉਸ ਗੱਡੀ ਦੀ ਵੀ ਗੱਲ ਇਸ ਪੁਸਤਕ ਵਿੱਚ ਜ਼ਰੂਰ ਹੋਵੇਗੀ, ਜਿਸ ਦੇ ਬਹੁਤ ਸਾਰੇ ਮੁਸਾਫਿਰਾਂ ਨੂੰ ਧਾਰਮਿਕ ਜਨੂੰਨੀਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ਬੀਬੀ ਨੇ ਜਿਹੜਾ ਕਤਲੇਆਮ ਬਾਲ ਉਮਰੇ ਦੇਖਿਆ ਸੀ, ਉਸ ਦੀ ਗੱਲ ਇਸ ਪੁਸਤਕ ਵਿੱਚ ਗੰਭੀਰਤਾ ਨਾਲ ਜ਼ਰੂਰ ਅੰਕਿਤ ਹੋਵੇਗੀ। ਇਸ ਪੁਸਤਕ ਦੇ ਬਹੁਤ ਸਾਰੇ ਕਾਂਡ ਬੀਬੀ ਬੈਂਸ ਦੇ ਪਰਵਾਰ ਵਲੋਂ ਕੀਤੀ ਜਾਂਦੀ ਚੈਰਿਟੀ ਬਾਰੇ ਦੱਸਦੇ ਹਨ। ਕਿਤਾਬ ਖਰੀਦ ਕੇ ਪੜ੍ਹਾਂਗਾ ਜ਼ਰੂਰ। ਮੈਂ ਜਿੰਨਾ ਕੁ ਸੁਣ ਸਕਿਆ ਹਾਂ, ਉਸ ਅਨੁਸਾਰ ਇਹ ਪੁਸਤਕ ਪੜ੍ਹਨ ਵਾਲੀ ਹੈ। ਗੁਰਨਾਮ ਕੰਵਰ ਨੇ ਵੀ ਹਾਸੇ ਵਿੱਚ ਹੀ ਇਸ ਪੁਸਤਕ ਦੇ ਸਰਵਰਕ ਬਾਰੇ ਗੱਲਾਂ ਕੀਤੀਆਂ, ਉਂਜ ਉਹਨਾ ਦਾ ਕਹਿਣਾ ਸੀ ਕਿ ਮੈਂ ਕਿਤਾਬ ਪੂਰੀ ਪੜ੍ਹੀ ਹੈ। ਡਾਕਟਰ ਦੀਪਕ ਮਨਮੋਹਣ ਸਿੰਘ ਅਤੇ ਜੰਗ ਬਹਾਦਰ ਗੋਇਲ ਨੇ ਪੁਸਤਕ ਬਾਰੇ ਕੱਖ ਨਹੀਂ ਬੋਲਿਆ। ਸਿਰਫ ਤੇ ਸਿਰਫ ਬੀਬੀ ਸੁਰਜੀਤ ਕੌਰ ਬੈਂਸ ਦੇ ਵਿਦਿਆਰਥੀ ਜੀਵਨ ਅਤੇ ਜੁਆਨੀ ਦੀਆਂ ਸਿਫਤਾਂ ਕਰਕੇ ਇਸ ਪੁਸਤਕ ਵਿਚਲੀ ਮਿਹਨਤ ਅਤੇ ਸੁਨੇਹਿਆਂ ਦਾ ਮਖੌਲ ਹੀ ਉਡਾ ਦਿੱਤਾ। ਡਾਕਟਰ ਦੀਪਕ ਮਨਮੋਹਣ ਸਿੰਘ ਦਾ ਸੁਭਾਅ ਤਾਂ ਮਜ਼ਾਕੀਆ ਹੈ ਹੀ, ਪਰ ਸਾਹਿਤ ਸੰਜੀਵਨੀ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਸਾਹਿਤ ਪੜ੍ਹਨ ਦੀ ਤਾਕਤ ਦੇ ਜਲਬੇ ਦਿਖਾਉਂਣ ਵਾਲੇ ਜੰਗ ਬਹਾਦਰ ਗੋਇਲ ਨੇ ਲੇਖਿਕਾ ਬਾਰੇ ‘ਗਲਾਬੋ’ ਕਹਿਣ ਅਤੇ ਕਲਾਸ ਵਿੱਚ ਬੈਠੀ ਬੀਬੀ ਸੁਰਜੀਤ ਕੌਰ ਬੈਂਸ ਉੱਤੇ ਲੱਟੂ ਹੋ ਜਾਣ ਦਾ ਮਜ਼ਾਕ ਹੋਰਾਂ ਨੂੰ ਭਾਵੇਂ ਚੰਗਾ ਲੱਗਿਆ ਹੋਵੇ, ਪਰ ਸਧਾਰਨ ਸਰੋਤੇ ਦੇ ਤੌਰ ‘ਤੇ ਮੈਂ ਕਹਾਂਗਾ, ਉਨ੍ਹਾਂ ਨੂੰ ਕਿਤਾਬ ਵਿੱਚਲੇ ਵਾਰਤਾਲਾਪ ਦੀ ਸੰਜੀਦਗੀ ਨਾਲ ਮੇਲ ਕੇ ਹੀ ਲੇਖਕਾ ਦੇ ਨਿੱਜੀ ਜੀਵਨ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨ। ਜਦੋਂ ਕਿ ਬੀਬੀ ਬੈਂਸ ਨੇ ਇਸ ਕਿਤਾਬ ਵਿੱਚ ਦੇਸ਼ ਵੰਡ ਦੇ ਕਤਲੇਆਮ ਦਾ ਵੀ ਜ਼ਿਕਰ ਕਰਕੇ ਸੰਜੀਦਾ ਗੱਲਾਂ ਕੀਤੀਆਂ ਹਨ। ਚੌਰਾਸੀ ਦੇ ਦੰਗਿਆਂ ਦਾ ਸੰਤਾਪ ਵੀ ਭੋਗਿਆ ਹੈ। ਪੰਜਾਬ ਦੇ ਕਾਲ਼ੇ ਦੌਰ ਦੌਰਾਨ ਅਖ਼ਬਾਰਾਂ ਦੀਆਂ ਸੁਰਖੀਆਂ ਉੱਤੇ ਵੀ ਅੱਗ ਦੇ ਹੰਝੂ ਵਹਾਏ ਹੋਣਗੇ। ਜਦੋਂ ਪੁਸਤਕ ਦੀ ਲੇਖਿਕਾ ਅਤੇ ਨਾਇਕਾ ਗੰਭੀਰ ਵਿਸ਼ਾ ਲੈ ਕੇ ਸਾਹਿਤ ਜਗਤ ਵਿੱਚ ਫ਼ਿਕਰ ਬੀਜਣ ਆਈ ਲੱਗਦੀ ਹੈ ਤਾਂ ਪੁਸਤਕ ਬਾਰੇ ਗੱਲ ਕਰਨ ਵਾਲੇ ਬੁਲਾਰਿਆਂ ਨੇ ਮਜ਼ਾਕ ਦੇ ਛਰਾਟਿਆਂ ਨਾਲ ਇਸ ਵਿੱਚਲੇ ਵਿਚਾਰਾਂ ਨੂੰ ਕਰੰਡਣ ਦੀ ਕਿਉਂ ਕੋਸ਼ਿਸ਼ ਨਹੀਂ ਕੀਤੀ? ਮੇਰਾ ਸਮਾਗਮ ਵਿੱਚ ਹਾਜ਼ਰ ਸਰੋਤਿਆਂ ਲਈ ਰੁੱਖਾ ਜਿਹਾ ਸਵਾਲ ਹੈ। ਕਵਿਤਾਵਾਂ ਦਾ ਪੱਧਰ ਵੀ ਨੀਵੇਂ ਪੱਧਰ ਦਾ ਸੀ। ਗੀਤ ਵੀ ਸਾਹਿਤਕ ਮਹਿਫ਼ਿਲਾਂ ਵਿੱਚ ਗਾਉਂਣ ਵਾਲੇ ਨਹੀਂ ਸਨ। ‘ਅੰਬਰ ਸਰੀਆ ਸਰੀਆ ਮੁੰਡਿਆ’ ਗੀਤ ਤਾਂ ਸਾਹਿਤਕ ਹਲਕਿਆਂ ਦਾ ਗੀਤ ਹੈ ਨਹੀਂ। ਪ੍ਰਬੰਧਕਾਂ ਨੂੰ ਲੇਖਕ ਮੱਸ ਰੱਖਣੀ ਚਾਹੀਦੀ ਹੈ। ਕਲਾ ਭਵਨ ਕਲਾ ਦਾ ਮੰਦਰ ਹੈ। ਇੱਥੇ ਆਏ ਸਰੋਤੇ ਕੁਝ ਸਿੱਖ ਕੇ ਜਾਣ ਤਾਂ ਹੀ ਅਸੀਂ ਇਸ ਮੰਦਰ ਦੀ ਮਾਣ ਮਰਿਆਦਾ ਰੱਖਣ ਵਿੱਚ ਸਫਲ ਹੋਵਾਂਗੇ। ਮੰਨਣਾਂ, ਨਾ ਮੰਨਣਾ ਤੁਹਾਡੀ ਮਰਜ਼ੀ।
(ਕਲਾ ਭਵਨ ਚੰਡੀਗੜ ਦੇ ਝਰੋਖੇ ‘ਚੋਂ)।

