‘ਧੀਆਂ ਧਿਆਣੀਆਂ’ ਨੇ ਲਾਈਆਂ ਰੌਣਕਾਂ
‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’
ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਅਗਸਤ:


‘ਵਾਟਰ ਲਿਲੀ’ ਰੋਪੜ੍ਹ ਵਿਖੇ ਮਨਾਈਆਂ ਗਈਆਂ ‘ਤੀਆਂ’। ਇਸ ਖ਼ੂਬਸੂਰਤ ਮੌਕੇ ‘ਤੇ ਕੁੜੀਆਂ ਚਿੜੀਆਂ ਤੇ ਨਾਲ਼-ਨਾਲ਼ ਉਹਨਾਂ ਦੀਆਂ ਸੱਸਾਂ ਤੇ ਮਾਵਾਂ ਨੇ ਨੱਚ-ਟੱਪ ਕੇ ਖ਼ੂਬ ਆਨੰਦ ਮਾਣਿਆਂ। ਇਸ ਖ਼ੂਬਸੂਰਤ ਦਿਨ ਲਈ ਮੈਡਮ ਸੰਦੀਪ ਕੌਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਬਹੁਤ ਮਿਹਨਤ ਅਤੇ ਚਾਵਾਂ ਨਾਲ ਇਹ ਦਿਨ ਉਲੀਕਿਆ ਅਤੇ ਸਾਰੀਆਂ ਭੈਣਾਂ ਨੂੰ ਇਕੱਠਾ ਕੀਤਾ। ਭੈਣਾਂ ਨੇ ਇਸ ਦਿਨ ਗਿੱਧੇ, ਬੋਲੀਆਂ, ਸਿੱਠਣੀਆਂ, ਘੋੜੀਆਂ, ਟੱਪੇ ਆਦਿ ਗਾ ਕੇ ਆਪਣੇ ਵਿਰਸੇ ਦੇ ਵੱਖੋ- ਵੱਖਰੇ ਰੰਗਾਂ ਨਾਲ਼ ਇਸ ਦਿਹਾੜੇ ਨੂੰ ਚਾਰ ਚੰਦ ਲਾ ਦਿੱਤੇ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਵਿੱਚ ‘ਮਿਸ ਤੀਜ’ ਦਾ ਖ਼ਿਤਾਬ ਸੁਖਵਿੰਦਰ ਕੌਰ ਕੁਰਾਲੀ ਨੇ ਜਿੱਤਿਆ। ‘ਬੈਸਟ ਡਾਂਸਰ’ ਸਿਮਰ ਚੁਣੀ ਗਈ। ਰੋਪੜ ਦੀ ਕੋਇਲ ਦਾ ਖ਼ਿਤਾਬ ਸੰਦੀਪ ਕੌਰ ਹੋਸਟ ਨੂੰ ਗਿਆ ਅਤੇ ‘ਲੱਕੀ ਗਰਲ’ ਜਸਪ੍ਰੀਤ ਕੌਰ ਬਣੀ।
ਇਹਨਾਂ ਮੁਕਾਬਲਿਆਂ ਵਿੱਚ ਮਨਦੀਪ ਰਿੰਪੀ, ਦਲਜੀਤ ਕੌਰ ਅਤੇ ਮੈਡਮ ਮੋਨੀਕਾ ਵੱਲੋਂ ਜੱਜ ਦੀ ਭੂਮੀਕਾ ਨਿਭਾਈ ਗਈ। ਇਸ ਤੋਂ ਇਲਾਵਾ ਹੋਰ ਸੱਸਾਂ ਦੇ ਮੁਕਾਬਲਿਆਂ ਵਿੱਚ ਪਵਨਦੀਪ ਕੌਰ ਦੀ ਸੱਸ ਬੀਬੀ ਸੁਰਿੰਦਰ ਕੌਰ ਨੇ ਬੱਤੀਆਂ ਵੱਟਣ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਮਾਵਾਂ ਤੇ ਧੀਆਂ ਮੁਕਾਬਲੇ ਵਿੱਚ ਮਨਦੀਪ ਰਿੰਪੀ ਬਾਜ਼ੀ ਮਾਰ ਗਈ। ਇਸ ਮੌਕੇ ਇੱਥੇ ਇਕੱਠੀਆਂ ਹੋਈਆਂ ਧੀਆਂ ਧਿਆਂਣੀਆ ਨੇ ਸਮਾਜਿਕ ਗਰੁੱਪ ‘ਧੀਆਂ ਧਿਆਂਣੀਆਂ’ ਦਾ ਗਠਨ ਕੀਤਾ ਅਤੇ ਇਸ ਗਰੁੱਪ ਦੀ ਪ੍ਰਧਾਨ ਸੰਦੀਪ ਕੌਰ ਨੂੰ ਬਣਾਇਆ ਗਿਆ। ਇਸ ਮੌਕੇ ਵਾਟਰ ਲਿਲੀ ਦੇ ਮਾਲਿਕ ਦਰਸ਼ਨ ਸਿੰਘ ਜੀ ਨੂੰ ਉਹਨਾਂ ਵੱਲੋਂ ਦਿੱਤੇ ਸਹਿਯੋਗ ਲਈ ਸਿਰੋਪਾ ਅਤੇ ਮਨਦੀਪ ਰਿੰਪੀ ਦਾ ਨਾਵਲ ‘ਜ਼ਿੰਦਗੀ ਪਰਤ ਆਈ’ ਦੇ ਕੇ ਸਨਮਾਨਿਤ ਕੀ ਕੀਤਾ ਗਿਆ। ਇਸ ਸਾਰੇ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਦਲਜੀਤ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ, ਸ਼ੁਸ਼ਮਾ, ਪ੍ਰਭਜੋਤ ਅਤੇ ਮਨਦੀਪ ਰਿੰਪੀ ਦਾ ਵਡਮੁੱਲਾ ਸਹਿਯੋਗ ਰਿਹਾ।

