www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਮਹਾਰਾਸ਼ਟਰ ਸਰਕਾਰ ਦੇ ਸਿੱਖ ਸ਼ਹਾਦਤਾਂ ਦੇ ਇਤਿਹਾਸ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਭਰਵੀਂ ਸ਼ਲਾਘਾ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਮਹਾਰਾਸ਼ਟਰ ਸਰਕਾਰ ਦੇ ਸਿੱਖ ਸ਼ਹਾਦਤਾਂ ਦੇ ਇਤਿਹਾਸ ਨੂੰ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਭਰਵੀਂ ਸ਼ਲਾਘਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਗਸਤ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਯੂਨੀਵਰਸਿਟੀ ਦੀ ਸਿੱਖ ਸ਼ਹਾਦਤ ਦੇ ਇਤਿਹਾਸ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਗਈ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਮੀਤ ਪ੍ਰਧਾਨ ਭਿੰਦਰ ਭਾਗੋਮਾਜਰੀਆ, ਪ੍ਰੈਸ ਸਕੱਤਰ ਅਮਰਜੀਤ ਸਿੰਘ ਬਠਲਾਣਾ ਅਤੇ ਸਲਾਹਕਾਰ ਬਲਵਿੰਦਰ ਸਿੰਘ ਨੇ ਇਸ ਫੈਸਲੇ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਹ ਇੱਕ ਉੱਦਮੀ ਫੈਸਲਾ ਹੈ, ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਅਜਬ ਪੰਨਿਆਂ ਬਾਰੇ ਪੜ੍ਹਨ ਨੂੰ ਮਿਲੇਗਾ। ਸਿੰਘਾਂ ਦੀਆਂ ਸ਼ਹਾਦਤਾਂ ਦਾ ਬੱਚਿਆਂ ਅਤੇ ਨੌਜਵਾਨਾਂ ਨੂੰ ਗਿਆਨ ਦੇਣਾ ਲਾਜ਼ਮੀ ਹੈ, ਪਰ ਉਹਨਾਂ ਨੇ ਮੰਗ ਕੀਤੀ ਕਿ ਸ਼ਹਾਦਤਾਂ ਦੇ ਇਸ ਦਾਇਰੇ ਨੂੰ 1500 ਈ: ਤੋਂ 1765 ਈ: ਤੱਕ ਸੀਮਤ ਕਰਨ ਦੀ ਥਾਂ ਘਟੋ ਘੱਟ 1500 ਈ: ਤੋਂ 1925 ਈ: ਤੱਕ ਕੀਤਾ ਜਾਵੇ ਤਾਂ ਕਿ ਸਿੱਖਾਂ ਦੀਆਂ ਕੁਰਬਾਨੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ।

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਜੋਕਿ ਖੁਦ ਇੱਕ ਉੱਘੇ ਇਤਿਹਾਸਕਾਰ ਅਤੇ ਲੇਖਕ ਹਨ, ਨੇ ਕਿਹਾ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨੂੰ ਕਾਲੀਨਾ ਕੈਂਪਸ ਵਿੱਚ ਪੰਜਾਬੀ ਵਿਭਾਗ ਸਥਾਪਤ ਕਰਨ ਦੇ ਐਲਾਨ ਦੀ ਅਤਿਅੰਤ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕਿ ਮਹਾਰਾਸ਼ਟਰਾ ਵਿੱਚ ਪੰਜਾਬੀ ਨੂੰ ਉਤਸ਼ਾਹਿਤ ਕਰਨਾ ਇੱਕ ਵਧੀਆ ਅਤੇ ਜ਼ਰੂਰੀ ਕਾਰਜ ਬਣਦਾ ਹੈ। ਇਹ ਖਬਰ ਸਿੱਖ ਜਗਤ ਅਤੇ ਪੰਜਾਬੀ ਪ੍ਰੇਮੀਆਂ ਲਈ ਇੱਕ ਚੰਗੀ ਪਿਰਤ ਸਾਬਤ ਹੋਵੇਗੀ। ਪ੍ਰਿੰ. ਗੋਸਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ  ਦੇ 350ਵੀਂ ਸ਼ਹੀਦੀ ਸ਼ਤਾਬਦੀ ਤੇ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ| ਉਹਨਾਂ ਮੰਗ ਕੀਤੀ ਕਿ ਬਾਕੀ ਸਰਕਾਰਾਂ ਅਤੇ ਖਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਵੀ  ‘‘ਹਿੰਦ ਦੀ ਚਾਦਰ’’ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਨੂੰ ਯਾਦਗਾਰੀ ਬਣਾਉਣ ਲਈ ਜਲਦੀ ਫੈਸਲੇ ਲੈਣ ਤਾਂ ਕਿ ਸਭ ਪ੍ਰਾਜੈਕਟ ਸਮੇਂ ਸਿਰ ਨੇਪਰੇ ਚਾੜ੍ਹੇ ਜਾ ਸਕਣ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਭ ਅਹੁਦੇਦਾਰਾਂ ਵਲੋਂ ਮਹਾਰਾਸ਼ਟਰ ਸਰਕਾਰ ਅਤੇ ਮੁੰਬਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਗਿਆ।

ਫੋਟੋ ਕੈਪਸ਼ਨ – ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਅਹੁਦੇਦਾਰਾਂ ਦੀ ਇੱਕ ਯਾਦਗਾਰੀ ਤਸਵੀਰ।

Leave a Reply

Your email address will not be published. Required fields are marked *