ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਜੂਨ:


ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਵਿਸ਼ਵ ਵਿੱਚ ਥਾਂ-ਥਾਂ ਜੰਗ ਕਰਨ ਵਾਲੇ ਜੰਗਬਾਜ਼ਾਂ ਨੂੰ ਜੰਗ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ, ਜੋ ਵਿਸ਼ਵ ਵਿਚ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉਸ ਲਈ ਜੰਗਬਾਜ਼ ਜ਼ਿੰਮੇਵਾਰ ਹਨ। ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਜੋ ਸ਼ਾਂਤੀ ਦੂਤ ਪੁਰਸਕਾਰ ਜੇਤੂ, ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਹਨ ਨੇ ਕਿਹਾ ਕਿ ਮਨੁੱਖਾਂ ਵਲੋਂ ਮਨੁੱਖਾਂ ਦਾ ਮਾਰੇ ਜਾਣਾ ਬੜੀ ਅਨੌਖੀ ਗੱਲ ਜਾਪਦੀ ਹੈ। ਥਾਂ-ਥਾਂ ਉੱਤੇ ਬੰਬਾਂ ਦੀ ਬਰਸਾਤ ਕਰਕੇ ਜੋ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ, ਇਨਸਾਨੀਅਤ ਇਸ ਗੱਲ ਦੀ ਕਦੇ ਇਜਾਜ਼ਤ ਨਹੀਂ ਦੇਂਦੀ। ਮਨੁੱਖਾਂ ਵਿੱਚ ਤਾਂ ਭਾਈਚਾਰਾ, ਆਪਸੀ ਪ੍ਰੇਮ ਅਤੇ ਪਿਆਰ ਹੋਣਾ ਚਾਹੀਦਾ ਹੈ। ਯੁੱਧ ਦੀਆਂ ਗੱਲਾਂ ਕਰਨ ਵਾਲੇ ਬਹਾਦਰ ਨਹੀਂ ਪਾਪੀ ਅਤੇ ਮਨੁੱਖਤਾ ਦੇ ਦੋਖੀ ਹੁੰਦੇ ਹਨ। ਸਮਾਂ ਉਹਨਾਂ ਨੂੰ ਕਦੇ ਬਖਸ਼ੇਗਾ ਨਹੀਂ।
ਸੰਸਥਾ ਦੇ ਅਹੁਦੇਦਾਰ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਉਪ ਪ੍ਰਧਾਨ ਭੁਪਿੰਦਰ ਭਾਗੋਮਾਜਰੀਆ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਨੇ ਮੰਗ ਕੀਤੀ ਕਿ ਵਿਸ਼ਵ ਵਿੱਚ ਹੋ ਰਹੇ ਜੰਗ ਤੁਰੰਤ ਬੰਦ ਕੀਤੇ ਜਾਣ ਅਤੇ ਜੰਗੀ ਖੇਤਰਾਂ ਨੂੰ ਸ਼ਾਂਤੀ ਖੇਤਰ ਐਲਾਨਿਆ ਜਾਵੇ। ਉਹਨਾਂ ਨੇ ਯੂ.ਐਨ.ਓ., ਯੂਨੈਸਕੋ ਅਤੇ ਵਿਸ਼ਵ ਪੱਧਰੀ ਸ਼ਾਂਤੀ ਦਾ ਪ੍ਰਸਾਰ ਕਰਨ ਵਾਲੀਆਂ ਸੰਸਥਾਵਾਂ ਦੀ ਚੁੱਪੀ ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸਮੇਂ-ਸਿਰ ਜਾਗਣ ਦੀ ਅਪੀਲ ਕੀਤੀ। ਸੰਸਥਾ ਦੇ ਸਮੂਹ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਜੰਗਬਾਜ਼ਾਂ ਨੂੰ ਮਨੁੱਖਾਂ ਦੀ ਸੂਚੀ ਵਿਚੋਂ ਕੱਢਿਆ ਜਾਵੇ ਅਤੇ ਪੂਰੇ ਸੰਸਾਰ ਨੂੰ ਪ੍ਰਮਾਣੂ ਰਹਿਤ ਧਰਤ ਐਲਾਨਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੰਗ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਸਗੋਂ ਹਰ ਸਮੱਸਿਆ ਦਾ ਹੱਲ ਸ਼ਾਂਤੀ ਤਰੀਕਿਆਂ ਨਾਲ ਹੀ ਹੁੰਦਾ ਹੈ। ਸੰਸਾਰ ਪ੍ਰਸਿਧ ਕੁਝ ਨੇਤਾ ਬਿਨਾਂ ਵਜ੍ਹਾ ਜੰਗਾਂ ਨੂੰ ਭੜਕਾ ਰਹੇ ਹਨ ਅਤੇ ਮਨੁੱਖਤਾ ਦੇ ਸ਼ਾਂਤ ਵਾਤਾਵਰਣ ਨੂੰ ਦੁੱਖ ਤਕਲੀਫਾਂ, ਮੁਸੀਬਤਾਂ, ਗਰੀਬੀ ਅਤੇ ਭੁੱਖਮਰੀ ਵੱਲ ਧਕੇਲ ਰਹੇ ਹਨ। ਅੰਤ ਵਿੱਚ ਮਨੁੱਖਤਾ ਦੇ ਕਲਿਆਣ ਲਈ ਉਹਨਾਂ ਨੇ ਸ਼ਾਂਤੀ ਸਥਾਪਤ ਕਰਨ ਦੀ ਅਪੀਲ ਕੀਤੀ।
ਫੋਟੋ ਕੈਪਸ਼ਨ – ਸ਼ਾਂਤੀ ਦੂਤ ਪੁਰਸਕਾਰ ਜੇਤੂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਤਸਵੀਰ।

