ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਗਸਤ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਕਟਰ-40ਬੀ, ਚੰਡੀਗੜ੍ਹ ਦੇ ਮਕਾਨ ਨੰਬਰ 1642 ਚੰਡੀਗੜ੍ਹ ਵਿਖੇ ਇੱਕ ਵਿਲੱਖਣ ਅਤੇ ਵਿਰਸੇ ਨੂੰ ਨਵੀਂ ਰੀਤ ਦੇਣ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਣਾ ਅਤੇ ਪੰਜਾਬੀ ਵਿਰਸੇ ਨੂੰ ਨਵਾਂ ਰੰਗ ਦੇਣਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਸਮਾਗਮ ਦੇ ਸ਼ੁਰੂ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਅਤੇ ਆਏ ਦੂਜੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਅੱਜ ਦੇ ਵਿਸ਼ੇਸ਼ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਕਿਹਾ ਕਿ ਧੀਆਂ-ਭੈਣਾਂ ਨੂੰ ਸੰਧਾਰਾ ਦੇਣਾ ਪੰਜਾਬੀ ਸੱਭਿਆਚਾਰ ਦਾ ਸਦੀਆਂ ਤੋਂ ਹੀ ਵਿਲੱਖਣ ਰੀਤੀ ਰਿਵਾਜ ਰਿਹਾ ਹੈ ਪਰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਇਸ ਪੁਰਾਤਨ ਵਿਰਸੇ ਨੂੰ ਅਜੋਕੇ ਸਮੇਂ ਦੀ ਲੋੜ ਨਾਲ ਜੋੜਨ ਲਈ ‘‘ਕਿਤਾਬਾਂ ਦਾ ਸੰਧਾਰਾ’’ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਸਾਡੀਆਂ ਧੀਆਂ-ਭੈਣਾਂ ਕਿਤਾਬਾਂ ਪੜ੍ਹਨ ਵਿੱਚ ਆਪਣੀ ਰੁਚੀ ਪੈਦਾ ਕਰਨ ਅਤੇ ਸਮਾਜ ਨੂੰ ਨਵੀਂ ਸੇਧ ਦੇਣ ਵਿੱਚ ਆਪਣਾ ਯੋਗਦਾਨ ਪਾ ਸਕਣ।


ਇਸ ਤੋਂ ਬਾਅਦ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਭੈਣ ਬੀਬੀ ਸ਼ਮਸ਼ੇਰ ਕੌਰ ਨੂੰ ਸੰਧਾਰੇ ਦੇ ਰੂਪ ਵਿੱਚ ਬਹੁਤ ਸਾਰੀਆਂ ਪੁਸਤਕਾਂ ਭੇਟ ਕੀਤੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਬੀ ਸ਼ਮਸ਼ੇਰ ਕੌਰ ਡੇਰਾਬਸੀ ਪੰਜਾਬ ਤੋਂ ਬਹੁਤ ਸਮਾਂ ਪਹਿਲਾ ਬੀ.ਈ.ਓ. ਦੇ ਅਹੁਦੇ ਤੋਂ ਸੇਵਾ ਮੁਕਤ ਅਧਿਆਪਕ ਹਨ ਅਤੇ ਉਹ ਪ੍ਰਿੰ. ਗੋਸਲ ਦੀਆਂ ਪੁਸਤਕਾਂ ਦੇ ਚੰਗੇ ਪਾਠਕਾਂ ਵਿਚੋਂ ਇਕ ਹਨ। ਅੱਜ ਸੰਧਾਰੇ ਦੇ ਰੂਪ ਵਿੱਚ ਬਹੁਤ ਸਾਰੀਆਂ ਪੁਸਤਕਾਂ ਲੈ ਕੇ ਉਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਅਤੇ ਕਿਹਾ ਕਿ ਇਹ ਉਹਨਾਂ ਦੇ ਜੀਵਨ ਵਿਚ ਅਦੁੱਤੀ ਭੇਟ ਹੈ। ਉਹਨਾਂ ਇਹਨਾਂ ਪੰਜਾਬੀ ਪੁਸਤਕਾਂ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਸਦੇ ਪ੍ਰਮੁੱਖ ਅਹੁਦੇਦਾਰਾਂ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਵੱਡਾ ਮਾਣ ਬਖਸ਼ਿਆ ਹੈ ਅਤੇ ਪੰਜਾਬੀ ਵਿਰਸੇ ਨੂੰ ਨਵਾਂ ਰੂਪ ਦਿੱਤਾ ਹੈ। ਇਸ ਮੌਕੇ ਤੇ ਬੋਲਦਿਆਂ ਮਹਿਮਾਨ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਦੀ ਵਿਲੱਖਣ ਸੋਚ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਜਿੱਥੇ ਵਿਰਸਾ ਸੰਭਾਲ ਅਤੇ ਪੰਜਾਬੀ ਦੇ ਪ੍ਰਚਾਰ ਲਈ ਨਵੀਆਂ ਪੈੜਾਂ ਪਾਉਂਦਾ ਹੈ ਉੱਥੇ ਸਮਾਜ ਵਿੱਚ ਪੁਸਤਕਾਂ ਪੜ੍ਹਨ ਦੀ ਨਵੀਂ ਲਹਿਰ ਨੂੰ ਪੈਦਾ ਕਰੇਗਾ। ਇਸ ਨਾਲ ਖਾਸ ਕਰਕੇ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਔਰਤਾਂ ਨੂੰ ਇਕ ਨਵੀਂ ਸੇਧ ਦਾ ਸੁਨੇਹਾ ਜਾਂਦਾ ਹੈ। ਸਮਾਗਮ ਦੇ ਦੂਜੇ ਗੇੜ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜਿਹਨਾਂ ਕਵੀਆਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਹਾਜ਼ਰੀਆਂ ਲਗਵਾਈਆਂ ਉਹਨਾਂ ਵਿੱਚ ਡਾ. ਪੰਨਾ ਲਾਲ ਮੁਸਤਫਾਬਾਦੀ, ਦਲਬੀਰ ਸਿੰਘ ਸਰੋਆ, ਜਗਤਾਰ ਸਿੰਘ ਜੋਗ, ਪ੍ਰਿੰ. ਬਹਾਦਰ ਸਿੰਘ ਗੋਸਲ, ਬੀਬੀ ਸ਼ਮਸ਼ੇਰ ਕੌਰ, ਬਲਵਿੰਦਰ ਸਿੰਘ, ਸੁਖਵਿੰਦਰ ਕੌਰ ਅਤੇ ਰਾਜ ਕੁਮਾਰ ਸਾਹੋਵਾਲੀਆ ਵੀ ਸ਼ਾਮਲ ਸਨ। ਇਸ ਮੌਕੇ ਤੇ ਹਾਜ਼ਰ ਪਤਵੰਤਿਆਂ ਵਿੱਚ ਕੁੰਵਰਪ੍ਰੀਤ ਸਿੰਘ, ਸਤਿੰਦਰ ਕੌਰ, ਸ੍ਰੀਮਤੀ ਬਲਦੇਵ ਕੌਰ, ਹਰਜੀਤ ਸਿੰਘ, ਏਕਮਜੀਤ ਸਿੰਘ, ਗੁਰਸਿਮਰਨ ਕੌਰ, ਗੁਰਨੂਰ ਕੌਰ ਵੀ ਸ਼ਾਮਲ ਸਨ ਅਤੇ ਅੰਤ ਵਿੱਚ ਬੀਬੀ ਸ਼ਮਸ਼ੇਰ ਕੌਰ ਦੇ ਸਪੁੱਤਰ ਸ੍ਰ. ਹਰਜੀਤ ਸਿੰਘ ਮੁੱਖ ਅਧਿਆਪਕ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਪ੍ਰੀਵਾਰ ਵਲੋਂ ਸੰਸਥਾ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
ਫੋਟੋ ਕੈਪਸ਼ਨ – ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਮੁੱਖ ਮਹਿਮਾਨ ਸ੍ਰੀ ਰਾਜ ਕੁਮਾਰ ਸਾਹੋਵਾਲੀਆ ਦੂਜੇ ਅਹੁਦੇਦਾਰਾਂ ਸਮੇਤ ਬੀਬੀ ਸ਼ਮਸ਼ੇਰ ਕੌਰ ਨੂੰ ‘ਕਿਤਾਬਾਂ ਦਾ ਸੰਧਾਰਾ’ ਭੇਟ ਕਰਦੇ ਹੋਏ।

