ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਫਰਵਰੀ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕੌਮਾਂਤਰੀ ਪੰਜਾਬੀ ਦਿਵਸ ਨੂੰ ਨਿਵੇਕਲੇ ਢੰਗ ਨਾਲ ਪਹਿਲਾ ਪਿੰਡ ਬਡਹੇੜੀ ਤੇ ਫਿਰ ਉੱਚਾ ਦਰ ਬਾਬੇ ਨਾਨਕ ਦਾ, ਅਸਥਾਨ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸਾਰੇ ਅਹੁਦੇਦਾਰ ਸੈਕਟਰ-41 ਸਥਿਤ ਸੰਸਥਾ ਦੇ ਦਫਤਰ ਵਿਖੇ ਇਕੱਠੇ ਹੋਏ ਅਤੇ ਇੱਕ ਦੂਜੇ ਨੂੰ ਕੌਮਾਂਤਰੀ ਪੰਜਾਬੀ ਦਿਵਸ ਦੀਆਂ ਭਰਵੀਆਂ ਵਧਾਈਆਂ ਦਿੱਤੀਆਂ। ਸੰਸਥਾ ਦੇ ਇਨ੍ਹਾਂ ਅਹੁਦੇਦਾਰਾਂ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ, ਮੁੱਖ ਸਲਾਹਕਾਰ ਪਿਆਰਾ ਸਿੰਘ ਰਾਹੀ, ਬਲਵਿੰਦਰ ਸਿੰਘ, ਮੰਦਰ ਗਿੱਲ, ਕੁੰਵਰਪ੍ਰੀਤ ਸਿੰਘ, ਮੁੱਖ ਸਹਿਯੋਗੀ ਰਾਜ ਕੁਮਾਰ ਸਾਹੋਵਾਲੀਆ, ਗਗਨਪ੍ਰੀਤ ਸਿੰਘ ਅਤੇ ਸੁਰ ਸਾਂਝ ਚੈਨਲ ਤੋਂ ਸੁਰਜੀਤ ਸੁਮਨ, ਮੈਡਮ ਬਲਜਿੰਦਰ ਕੌਰ ਸ਼ੇਰਗਿੱਲ ਵੀ ਸ਼ਾਮਲ ਸਨ। ਇਸ ਇਕੱਠ ਵਿੱਚ ਮਾਂ ਬੋਲੀ ਦੇ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ ਅਤੇ ਉਸ ਤੋਂ ਬਾਅਦ ਇਸ ਦਿਵਸ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਉੱਚਾ ਦਰ ਬਾਬੇ ਨਾਨਕ ਦਾ ਜਾਣ ਲਈ ਰਵਾਨਗੀ ਪਾਈ ਗਈ।


ਸਾਰੇ ਅਹੁਦੇਦਾਰਾਂ ਵਲੋਂ ਉੱਚਾ ਦਰ ਬਾਬੇ ਨਾਨਕ ਦਾ ਅਦਾਰਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸਭ ਨੂੰ ਜੀ ਆਈਆਂ ਆਖਿਆ ਗਿਆ। ਇਸ ਉਪਰੰਤ ਸਮੂਹ ਮੈਂਬਰਾਂ ਵਲੋਂ ਉੱਚਾ ਦਰ ਬਾਬੇ ਨਾਨਕ ਦੀ ਸ਼ਾਨਦਾਰ ਇਮਾਰਤ ਦਾ ਗੇੜਾ ਲਗਾ ਕੇ ਭਰਪੂਰ ਜਾਣਕਾਰੀ ਹਾਸਲ ਕੀਤੀ ਗਈ। ਸਾਰੇ ਮੈਂਬਰਾਂ ਨੇ ਇਮਾਰਤ ਦੀ ਬਣਤਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨ ਫਿਲਾਸਫੀ ਦਾ ਭਰਪੂਰ ਆਨੰਦ ਮਾਣਿਆ। ਇਸ ਉਪਰੰਤ ਇੱਕ ਹਾਲ ਵਿੱਚ ਕੌਮਾਂਤਰੀ ਪੰਜਾਬੀ ਦਿਵਸ ਮਨਾਉਣ ਲਈ ਸਮਾਗਮ ਕੀਤਾ ਗਿਆ, ਜਿਸ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਮੂਹ ਮੈਂਬਰਾਂ ਨੂੰ ਇਸ ਦਿਵਸ ਦੀ ਵਧਾਈ ਦਿੰਦੇ ਹੋਏ ਸਾਰਿਆਂ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਨੋ ਅਤੇ ਮਨੋ ਜੁੱਟ ਜਾਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਰੱਜ ਕੇ ਪਿਆਰ ਕਰਨਾ ਚਾਹੀਦਾ ਹੈ ਅਤੇ ਛੋਟੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਵਿਲੱਖਣ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਜਿਨ੍ਹਾਂ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਉਨ੍ਹਾਂ ਵਿੱਚ ਰਾਜ ਕੁਮਾਰ ਸਾਹੋਵਾਲੀਆ, ਸਾਬਕਾ ਡਿਪਟੀ ਸੈਕਟਰੀ ਪੰਜਾਬ, ਪਿਆਰਾ ਸਿੰਘ ਰਾਹੀ, ਸੁਰਜੀਤ ਸੁਮਨ ਵੀ ਸ਼ਾਮਲ ਸਨ। ਇਸ ਮੌਕੇ ਸ੍ਰ. ਜਗਤਾਰ ਸਿੰਘ ਜੋਗ ਵਲੋਂ ਪੰਜਾਬੀ ਦੀ ਵਿਲੱਖਣ ਕਵਿਤਾ ਅਤੇ ਪ੍ਰਿੰ. ਗੋਸਲ ਰਚਿਤ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਨੂੰ ਸਮਰਪਿਤ ਕੀਤਾ।
ਸਮੂਹ ਮੈਂਬਰਾਂ ਨੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੰਜਾਬੀ ਲਿਖਤ ਤਖਤੀਆਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਪੰਜਾਬੀ ਨੂੰ ਸਮਰਪਿਤ ਹੋਣ ਦਾ ਪ੍ਰਣ ਕੀਤਾ। ਇਸ ਮੌਕੇ ਤੇ ਉੱਚਾ ਦਰ ਬਾਬਾ ਨਾਨਕ ਸੰਸਥਾ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁਲਿਤ ਕਰਨ ਲਈ ਅਤੇ ਸਮੂਹ ਮੈਂਬਰਾਂ ਦੀ ਜਾਣਕਾਰੀ ਲਈ ਇੱਕ ਫਿਲਮ ‘‘ਪੰਜਾਬ ਹੁਣ ਤੱਕ’ ਦਿਖਾਈ ਗਈ ਜਿਸ ਦਾ ਸਮੂਹ ਮੈਂਬਰਾਂ ਨੇ ਆਨੰਦ ਵੀ ਮਾਣਿਆ ਅਤੇ ਵਿਲੱਖਣ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਮੌਕੇ ਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਮੈਂਬਰਾਂ ਨੂੰ ਸੰਸਥਾ ਉੱਚਾ ਦਰ ਬਾਬੇ ਦਾ ਨਾਨਕ ਵਲੋਂ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਵੀ ਆਪਣੀਆਂ ਰਚਿਤ ਕੁਝ ਪੁਸਤਕਾਂ ਉੱਚਾ ਦਰ ਬਾਬੇ ਨਾਨਕ ਦੀ ਲਾਇ੍ਰਬੇਰੀ ਲਈ ਭੇਟ ਕੀਤੀਆਂ। ਇਸ ਉਪਰੰਤ ਸਮੂਹ ਮੈਂਬਰਾਂ ਨੇ ਜਿਨ੍ਹਾਂ ਵਿੱਚ ਦੋਹਾਂ ਸੰਸਥਾਵਾਂ ਦੇ ਮੈਂਬਰ ਸਨ, ਨੇ ਮਿਲ ਕੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਇੱਕ ਪੁਸਤਕ ‘ਮੇਰਾ ਮਨ ਉਡਣ ਨੂੰ ਕਰਦਾ’ ਲੋਕ ਅਰਪਣ ਕੀਤੀ ਗਈ ਅਤੇ ਇਸ ਦੀਆਂ ਕਈ ਕਾਪੀਆਂ ਉਸ ਸੰਸਥਾ ਦੀ ਲਾਇਬ੍ਰੇਰੀ ਲਈ ਦਿੱਤੀਆਂ ਗਈਆਂ। ਸਮਾਗਮ ਦੇ ਅੰਤ ਵਿੱਚ ਅਵਤਾਰ ਸਿੰਘ ਮਹਿਤਪੁਰੀ ਵਲੋਂ ਜਿੱਥੇ ਸ਼ਾਨਦਾਰ ਪ੍ਰੋਗਰਾਮ ਉਲਕੀਣ ਲਈ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਧੰਨਵਾਦ ਕੀਤਾ, ਉੱਥੇ ਹੀ ਵਧੀਆ ਸਹਿਯੋਗ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਇਸ ਤੋਂ ਪਹਿਲਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਮੂਹ ਮੈਂਬਰਾਂ ਨੇ ਪਿੰਡ ਬਠਲਾਣਾ ਵਿਖੇ ਬਣੇ ਰਾਜ ਪੱਧਰੀ ਨਵੇਂ ਕ੍ਰਿਕਟ ਸਟੇਡੀਅਮ ਵਿਖੇ ਫੇਰੀ ਪਾਈ ਅਤੇ ਸੰਸਥਾ ਦੇ ਪ੍ਰੈਸ ਸਕੱਤਰ ਸ੍ਰ. ਅਮਰਜੀਤ ਸਿੰਘ ਬਠਲਾਣਾ ਨੂੰ ਇਸ ਵੱਡੇ ਕਾਰਜ ਲਈ ਵਧਾਈ ਦਿੱਤੀ।
ਫੋਟੋ ਕੈਪਸ਼ਨ – ਪਿੰਡ ਬਡਹੇੜੀ ਯੂ.ਟੀ. ਚੰਡੀਗੜ੍ਹ ਵਿਖੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਮੂਹ ਅਹੁਦੇਦਾਰ ਕੌਮਾਂਤਰੀ ਪੰਜਾਬੀ ਦਿਵਸ ਤੇ ਇਕੱਠ ਕਰਦੇ ਹੋਏ ਅਤੇ ਉੱਚਾ ਦਰ ਬਾਬੇ ਨਾਨਕ ਲਈ ਰਵਾਨਗੀ ਪਾਉਂਦੇ ਹੋਏ।

