ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਉੱਘੇ ਗਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਜੀ ਨੂੰ ਬਾਵਾ ਬਲਵੰਤ ਯਾਦਗਾਰੀ ਐਵਾਰਡ 2024 ਦੇਣ ਦਾ ਫੈਸਲਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ-ਸੁਰਜੀਤ ਸੁਮਨ), 15 ਜਨਵਰੀ:


ਸਾਹਿਤਕ ਸੱਥ ਖਰੜ ਸਮੇਤ ਮੋਰਿੰਡਾ, ਮੋਹਾਲੀ, ਚੰਡੀਗੜ੍ਹ, ਰਾਜਪੁਰਾ ਅਤੇ ਕਨੇਡਾ ਦੀਆਂ ਕੁੱਲ 15 ਸੰਭਾਵਾਂ ਵੱਲੋਂ ਮਿਲ ਕੇ ਇੱਕ ਸਾਂਝੀ ਮੀਟਿੰਗ ਕਰਕੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸਰਬ ਸੰਮਤੀ ਨਾਲ ਜਸਪਾਲ ਸਿੰਘ ਦੇਸੂਵੀ ਨੂੰ ਚੇਅਰਮੈਨ ਨਾਲ ਚੁਣਿਆ ਗਿਆ। ਮੰਚ ਵੱਲੋਂ ਲਏ ਫੈਸਲੈ ਦੌਰਾਨ ਪੰਜਾਬੀ ਸਾਹਿਤ ਵਿੱਚ ਨਿਰਾਲਾ ਨਾਂ ਰੱਖਣ ਵਾਲੇ ਬਾਵਾ ਬਲਵੰਤ ਦੇ ਨਾਂ ’ਤੇ ‘ਬਾਵਾ ਬਲਵੰਤ ਯਾਦਗਾਰੀ ਐਵਾਰਡ’ ਦੀ ਸਥਾਪਨਾ ਵੀ ਕੀਤੀ ਗਈ।
ਇਸ ਅਵਾਰਡ ਵਿੱਚ ਸਨਮਾਨ ਚਿੰਨ੍ਹ ਦੇ ਨਾਲ-ਨਾਲ ਨਕਦ ਰਾਸ਼ੀ ਵੀ ਹੋਵੇਗੀ। ਇਹ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਉੱਘੇ ਸਾਹਿਤਕਾਰ ਨੂੰ ਦਿੱਤਾ ਜਾਵੇਗਾ। ਮੰਚ ਦਾ ਪਹਿਲਾ ਸਾਹਿਤਕ ਸਮਾਗਮ ਚਲਾਉਣ ਲਈ ਪ੍ਰਬੰਧਕ ਕਮੇਟੀ ਬਣਾਈ ਗਈ। ਪ੍ਰਬੰਧਕ ਕਮੇਟੀ ਦੇ ਚੀਫ ਕੋਆਰਡੀਨੇਟਰ ਡਾ. ਦੀਪ ਮਨਮੋਹਨ ਸਿੰਘ ਨੂੰ ਬਣਾਇਆ ਗਿਆ।
ਮੰਚ ਵੱਲੋਂ ਇਹ ਐਵਾਰਡ ਪਹਿਲੀ ਵਾਰ ਸ਼੍ਰੋਮਣੀ ਕਵੀ ਸ਼੍ਰੀ ਸਿਰੀ ਰਾਮ ਅਰਸ਼ ਜੀ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੋਂ 15 ਸਾਹਿਤ ਸੰਭਾਵਾਂ ਦੇ ਸਹਿਯੋਗ ਨਾਲ ਮਿਤੀ 20 ਜਨਵਰੀ 2024 (ਦਿਨ ਸ਼ਨੀਵਾਰ) ਨੂੰ ਚੰਡੀਗੜ੍ਹ ਮਿਊਜ਼ੀਅਮ ਐਂਡ ਆਰਟ ਗੈਲਰੀ, ਸੈਕਟਰ 10 ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 2 ਵਜੇ ਰੱਖੇ ਗਏ ਇੱਕ ਸਨਮਾਨ ਸਮਾਰੋਹ ਦੌਰਾਨ ਪਹਿਲਾ ਅਵਾਰਡ ਉੱਘੇ ਗਜ਼ਲਗੋ ਸ਼੍ਰੀ ਸਿਰੀ ਰਾਮ ਅਰਸ਼ ਜੀ ਨੂੰ ਦਿੱਤਾ ਜਾਵੇਗਾ।
ਇਸ ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਉੱਘੇ ਗਜ਼ਲਗੋ ਸ੍ਰੀ ਸੁਲੱਖਣ ਸਰਹੱਦੀ, ਗੁਰਦਿਆਲ ਰੋਸ਼ਨ, ਗੁਰਚਾਰਨ ਕੌਰ ਕੋਚਰ, ਗੁਰਦੀਪ ਸਿੰਘ ਭਾਟੀਆ, ਅਸ਼ੋਕ ਭੰਡਾਰੀ ‘ਨਾਦਰ’, ਅਮਰਜੀਤ ਸਿੰਘ ਜੀਤ, ਜਸਵਿੰਦਰ ਸਿੰਘ ਜੱਸੀ, ਬਲਬੀਰ ਸਿੰਘ ਸੈਣੀ, ਨਕਸ਼ ਵਰਿਆਣਵੀ, ਰਣਜੀਤ ਸਿੰਘ ਧੂਰੀ ਆਦਿ ਸ਼ਿਰਕਤ ਕਰਨਗੇ। ਪੱਤਰਕਾਰਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਰੋਹ ਵਿੱਚ ਵੱਧ-ਚੜ੍ਹ ਕੇ ਪਹੁੰਚਣ ਲਈ ਪੁਰਜ਼ੋਰ ਅਪੀਲ ਕੀਤੀ ਗਈ ਹੈ।
ਵੱਲੋਂ: ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ, ਸਾਹਿਤਕ ਸੱਥ ਖਰੜ – ਸੰਪਰਕ ਨੰਬਰ 98888 42244

