www.sursaanjh.com > ਅੰਤਰਰਾਸ਼ਟਰੀ > ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਨੂੰ ‘ਪਾਠਕ ਪੁਰਸਕਾਰ’ ਦੇਣ ਦਾ ਐਲਾਨ – ਭਗਵੰਤ ਰਸੂਲਪੁਰੀ

ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਨੂੰ ‘ਪਾਠਕ ਪੁਰਸਕਾਰ’ ਦੇਣ ਦਾ ਐਲਾਨ – ਭਗਵੰਤ ਰਸੂਲਪੁਰੀ

ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 19 ਮਾਰਚ:
ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ, ਬੀ. ਸੀ. ਤੇ ਆਦਾਰਾ ‘ਕਹਾਣੀ ਧਾਰਾ’ ਵੱਲੋਂ ਦਿੱਤੇ ਜਾਣ ਵਾਲੇ ‘ਪਾਠਕ ਪੁਰਸਕਾਰ’ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2025 ਦੇ ਲਈ ਸਾਹਿਤ ਦੇ ਦੋ ਪਾਠਕ ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਦੀ ਚੋਣ ਕੀਤੀ ਗਈ ਹੈ। ਵਰਨਣਯੋਗ ਹੈ ਕਿ ਇਹ ਪੁਰਸਕਾਰ ਨਿਰੋਲ ਪਾਠਕਾਂ ਨੂੰ ਦਿੱਤਾ ਜਾ ਰਿਹਾ ਹੈ, ਲੇਖਕ-ਪਾਠਕ ਨੂੰ  ਨਹੀਂ। ਪੁਰਸਕਾਰ ਦੇ ਕਨਵੀਨਰ ਭਗਵੰਤ ਰਸੂਲਪੁਰੀ ਨੇ ਦੱਸਿਆ ਕਿ ਪਹਿਲੀ ਵਾਰ ਪੰਜਾਬੀ ਵਿੱਚ ‘ਪਾਠਕ ਪੁਰਸਕਾਰ’ ਦਿੱਤੇ ਜਾ ਰਹੇ ਹਨ | ਇਸ ਪੁਰਸਕਾਰ ਵਿੱਚ ਨਗਦ ਰਾਸ਼ੀ, ਸਨਮਾਨ ਪੱਤਰ ਤੇ ਕਿਤਾਬਾਂ ਦਾ ਇਕ ਸੈੱਟ ਦਿੱਤਾ ਜਾਵੇਗਾ। ਇਹ ਪੁਰਸਕਾਰ ਸਮਾਗਮ ਵਿਰਸਾ ਵਿਹਾਰ ਜਲੰਧਰ ਵਿਖੇ ਮਿਤੀ 28 ਮਾਰਚ, 2025, ਦਿਨ ਵੀਰਵਾਰ ਨੂੰ  ਬਾਅਦ ਦੁਪਹਿਰ 3 ਵਜੇ ਆਰੰਭ ਹੋਣ ਜਾ ਰਹੇ ਸਮਾਗਮ ਵਿੱਚ ਦਿੱਤੇ ਜਾਣਗੇ। ਇਸ ਸਮਾਗਮ ਵਿੱਚ ‘ਪੁਸਤਕ ਸਭਿਆਚਾਰ ਤੇ ਪੜ੍ਹਨ ਰੁਚੀ ਦਾ ਰੁਝਾਨ’ ਵਿਸ਼ੇ ‘ਤੇ ਦੋ ਵਿਦਵਾਨ ਲੇਖਕਾਂ ਡਾ. ਬਲਦੇਵ ਸਿੰਘ ‘ਬੱਦਨ’ ਤੇ ਪ੍ਰੋ. ਸੁਰਜੀਤ ਜੱਜ ਦੇ ਲੈਕਚਰ ਰੱਖੇ ਗਏ ਹਨ।
‘ਪਾਠਕ ਪੁਰਸਕਾਰ’ ਲਈ ਪਾਠਕਾਂ ਦੀ ਪਛਾਣ ਕਰਨ ਲਈ ਉਨ੍ਹਾਂ ਕੋਲੋਂ ਪਾਠਕ ਹੋਣ ਦੇ ਵੇਰਵੇ ਨਿਯਮ ਤੇ ਸ਼ਰਤਾਂ ਤਹਿਤ ਮੰਗੇ ਗਏ ਸਨ। ਤਕਰੀਬਨ ਦੋ ਦਰਜਨ ਪਾਠਕਾਂ ਨੇ ਆਪਣੇ ਵੇਰਵੇ ਲਿਖ ਕੇ ਭੇਜੇ। ਉਨ੍ਹਾਂ ਵਿੱਚੋਂ ਦੋ ਗੰਭੀਰ ਕਿਸਮ ਦੇ ਪਾਠਕਾਂ ਦੀ ਚੋਣ ਕੀਤੀ ਗਈ। ਪਹਿਲੇ ਪਾਠਕ ਖਰੜ ਦੇ ਨਜ਼ਦੀਕ ਇਕ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਦੇ ਸਤਨਾਮ ਸਿੰਘ ਸ਼ੋਕਰ ਪਿਛਲੇ ਪੰਜ ਦਹਾਕਿਆਂ ਤੋਂ ਪੁਸਤਕਾਂ ਤੇ ਰਸਾਲੇ ਪੜ੍ਹਦੇ ਆ ਰਹੇ ਹਨ ਤੇ ਉਨ੍ਹਾਂ ਦੀ ਨਿੱਜੀ ਲਾਇਬਰੇਰੀ ਵਿੱਚ 45000 ਦੇ ਕਰੀਬ ਕਿਤਾਬਾਂ ਹਨ। ਉਹ ਨਵੀਆਂ ਛਪ ਰਹੀਆਂ ਪੁਸਤਕਾਂ ਤੇ ਸਮਕਾਲੀ ਰਸਾਲਿਆਂ ਨਾਲ ਨਿਰੰਤਰ ਜੁੜੇ ਹੋਏ ਹਨ। ਦੂਜੇ ਪਾਠਕ ਫਿਲੌਰ ਦੇ ਨਜ਼ਦੀਕ ਇਕ ਪਿੰਡ ਦੇ ਪਰਦੀਪ ਸਿੰਘ ਪਿਛਲੇ ਚਾਰ ਦਹਾਕਿਆਂ ਤੋਂ ਪੁਸਤਕਾਂ ਤੇ ਸਮਕਾਲੀ ਰਸਾਲੇ ਪੜ੍ਹਦੇ ਆ ਰਹੇ ਹਨ ਤੇ ਉਨ੍ਹਾਂ ਦੀ ਨਿੱਜੀ ਲਾਇਬਰੇਰੀ ਵਿੱਚ 5000 ਦੇ ਕਰੀਬ ਕਿਤਾਬਾਂ ਹਨ। ਉਹ ਵੀ ਨਵੀਂ ਛਪੀ ਕਿਤਾਬ ਖਰੀਦ ਕੇ ਪੜ੍ਹਦੇ ਆ ਰਹੇ ਹਨ। ਪੁਰਸਕਾਰ ਦੇ ਸੰਚਾਲਕ ਅਮਰਜੀਤ ਚਾਹਲ ਤੇ ਸਰਬਜੀਤ ਹੁੰਦਲ ਦਾ ਕਹਿਣਾ ਹੈ ਕਿ ਜਦੋਂ ਅਜੋਕੇ ਸਮੇਂ ਵਿੱਚ ਲੇਖਕ ਵੱਧ ਰਹੇ ਤੇ ਪਾਠਕ ਘੱਟ ਰਹੇ ਹੋਣ, ਉਦੋਂ ਅਜਿਹੇ ਪੁਰਸਕਾਰਾਂ ਦੀ ਸਾਰਥਕਤਾ ਹੋਰ ਵੀ ਵੱਧ ਜਾਂਦੀ ਹੈ। ਨਵੇਂ ਪਾਠਕ ਪੈਦਾ ਕਰਨ ਲਈ ਇਹ ਪੁਰਸਕਾਰ ਅਸੀਂ ਆਰੰਭ ਕੀਤਾ ਹੈ।
ਵੱਲੋਂ: ਭਗਵੰਤ ਰਸੂਲਪੁਰੀ (ਪੁਰਸਕਾਰ ਕਨਵੀਨਰ ਤੇ ਸੰਪਾਦਕ ‘ਕਹਾਣੀ ਧਾਰਾ’)
ਮੁਬਾਇਲ 94170-64350

Leave a Reply

Your email address will not be published. Required fields are marked *