ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਕਤੂਬਰ:
ਸਮੁੰਦਰ ਦੀ ਮਨੁੱਖਤਾ ਨੂੰ ਨਸੀਹਤ/ ਨਰੇਸ਼ ਸ਼ਰਮਾ
ਮਨੁੱਖ ਜ਼ਿੰਦਗੀ ਭਰ ਸਿੱਖਦਾ ਰਹਿੰਦਾ ਹੈ। ਇਹ ਸਿੱਖਣ ਦੀ ਪ੍ਰਕਿਰਿਆ ਹੀ ਮਨੁੱਖ ਨੂੰ ਅਸਲ ਮਨੁੱਖ ਬਣਾਉਂਦੀ ਹੈ, ਫਿਰ ਚਾਹੇ ਤੁਸੀਂ ਕਿਤਾਬਾਂ ਪੜ੍ਹ ਕੇ ਸਿੱਖ ਰਹੇ ਹੋ ਜਾਂ ਫਿਰ ਨਵੇਂ ਨਵੇਂ ਸਥਾਨਾਂ ‘ਤੇ ਜਾ ਕੇ ਪ੍ਰਕਿਰਤੀ ਦਾ ਆਨੰਦ ਮਾਣ ਕੇ ਸਿਖਦੇ ਹੋ। ਜਦੋਂ ਤੁਸੀਂ ਕੁਦਰਤ ਨੂੰ ਸਮਝਦੇ ਹੋ ਤਾਂ ਕੁਦਰਤ ਦੇ ਹਰ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਇਸ ਨਾਲ ਕੁਦਰਤ ਨੂੰ ਲੈ ਕੇ ਤੁਹਾਡਾ ਨਜ਼ਰੀਆ ਬਿਲਕੁਲ ਵੱਖਰਾ ਬਣ ਜਾਂਦਾ ਹੈ। ਜਦੋਂ ਉਸ ਨਜ਼ਰੀਏ ਨੂੰ ਲਿਖਤੀ ਰੂਪ ਦਿੰਦੇ ਹੋ ਤਾਂ ਉਹ ਤੁਹਾਡੇ ਅਨੁਭਵ ‘ਚ ਨਿਖਾਰ ਲਿਆਉਣ ‘ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਸਟੱਡੀ ਟੂਰ ਦੇ ਦੌਰਾਨ ਮੈਨੂੰ ਵੀ ਸਮੁੰਦਰ ਦੇ ਵਿਚਕਾਰ 3 ਦਿਨ ਰੁਕਣ ਦਾ ਮੌਕਾ ਮਿਲਿਆ।
ਸਮੁੰਦਰ ਦੇ ਕਿਨਾਰੇ ਬੈਠ ਕੇ ਸਮੁੰਦਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਸਮੁੰਦਰ ਨੇ ਇਕ ਗੱਲ ਦੱਸੀ ਕਿ ਉਸਨੇ ਆਪਣੇ ਆਪ ਨੂੰ ਖਾਰਾ ਇਸ ਲਈ ਬਣਾਇਆ ਹੈ ਕਿ ਉਸਦੇ ਅੰਦਰ ਜੀਵ ਜੰਤੂਆਂ ਦੀ ਚਿੰਤਾ ਹੈ। ਮੈਨੂੰ ਪਤਾ ਹੈ ਕਿ ਜੇਕਰ ਮੇਰਾ ਪਾਣੀ ਖਾਰਾ ਨਾ ਹੁੰਦਾ ਤਾਂ ਇਨਸਾਨ ਨੇ ਜਿਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਦੁਰ-ਉਪਯੋਗ ‘ਚ ਕੋਈ ਕਸਰ ਨਹੀਂ ਛੱਡੀ ਹੈ। ਇਸ ਨੇ ਸਮੁੰਦਰ ਨੂੰ ਖਾਲੀ ਕਰਨ ‘ਚ ਸਮਾਂ ਨਹੀਂ ਲਾਉਂਣਾ ਸੀ ਅਤੇ ਸਮੁੰਦਰ ਵਿੱਚੋ ਨਦੀਆਂ ਕੱਢ ਦੇਣੀਆਂ ਸਨ। ਇਸ ਨਾਲ ਮੇਰੇ ਬੱਚਿਆਂ ਨੂੰ ਖ਼ਤਰਾ ਪੈਦਾ ਹੋਣ ‘ਚ ਦੇਰ ਨਹੀਂ ਸੀ ਲੱਗਣੀ। ਇਸ ਲਈ ਮੇਰਾ ਪਾਣੀ ਨਾਲ ਖੇਤੀ, ਇਨਸਾਨ ਤੇ ਜਾਨਵਰਾਂ ਦੇ ਪੀਣ ਲਈ ਨਹੀਂ ਬਣਿਆ ਹੈ।
ਸਮੁੰਦਰ ਇਨਸਾਨ ਨੂੰ ਕਈ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ, ਜਿਸ ਨੂੰ ਸਮਝਣਾ ਅੱਜ ਸਮੇਂ ਦੀ ਜ਼ਰੂਰਤ ਹੈ। ਸਮੁੰਦਰ ਸਭ ਤੋਂ ਵੱਡਾ ਸੰਦੇਸ਼ ਦਿੰਦਾ ਹੈ ਕਿ ਉਸਦਾ ਪਾਣੀ ਸਿਰਫ ਉਸ ਦੇ ਜੀਵਾਂ ਲਈ ਹੈ। ਇਹ ਪਾਣੀ ਧਰਤੀ ‘ਤੇ ਰਹਿਣ ਵਾਲਿਆਂ ਲਈ ਨਹੀਂ ਹੈ। ਇਸ ਲਈ ਇਨਸਾਨ ਨੂੰ ਸਿਖਿਆ ਦਿੰਦਾ ਹੈ ਕਿ ਤੁਸੀਂ ਹੀ ਆਪਣੀ ਧਰਤੀ ਮਾਂ ਦੀ ਕੁੱਖ ਉਜੜਣ ਤੋਂ ਬਚਾ ਸਕਦੇ ਹੋ। ਹੋਰ ਤਾਂ ਹੋਰ ਤੁਹਾਡਾ ਪਾਣੀ ਜਲਦੀ ਖ਼ਤਮ ਹੋ ਜਾਣਾ ਹੈ, ਮੈਂ ਤੁਹਾਨੂੰ ਪਾਣੀ ਦੇਣਾ ਨਹੀਂ ਹੈ। ਮੇਰਾ ਪਾਣੀ ਸਿਰਫ ਤੇ ਸਿਰਫ ਮੇਰੇ ਜਲ ਜੀਵਾਂ ਲਈ ਹੈ। ਇਸ ਗੱਲ ਨੂੰ ਆਪਣੇ ਲੜ ਨਾਲ ਬੰਨ੍ਹ ਲੈਣਾ। ਸਮੁੰਦਰ ਨੇ ਸਾਨੂੰ ਇਕ ਸੰਦੇਸ਼ ਦੇ ਕੇ ਭੇਜਿਆ ਹੈ ਕਿ ਅਜੇ ਵੀ ਸੰਭਲ ਜਾਓ, ਸੰਭਲ ਜਾਓ।
ਅਸੀਂ ਦੇਸ਼ ਦੁਨੀਆ ਘੁੰਮਦੇ ਹਾਂ। ਇਕ ਚੀਜ਼ ਸਮਝ ਪਈ ਕਿ ਅਸੀਂ ਅੰਨੇਵਾਹ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ, ਪਰ ਸਮੁੰਦਰੀ ਟਾਪੂਆਂ ‘ਤੇ ਰਹਿੰਦੇ ਲੋਕ ਪੀਣ ਵਾਲੇ ਪਾਣੀ ਲਈ ਤਰਸਦੇ ਹਨ। ਭਾਵੇਂ ਕੁਦਰਤ ਨੇ ਉਹਨਾਂ ਨੂੰ ਅਥਾਹ ਪਾਣੀ ਦੀ ਬਖਸ਼ਿਸ਼ ਕੀਤੀ ਹੈ, ਪਰ ਉਹਨਾਂ ਨੂੰ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਹੀ ਆਪਣਾ ਜੀਵਨ ਜਿਊਣਾ ਪੈਂਦਾ ਹੈ। ਕੁਦਰਤ ਨੇ ਸਮੁੰਦਰ ਨੂੰ ਅਥਾਹ ਪਾਣੀ ਦਿੱਤਾ ਹੈ, ਪਰ ਉਸਨੇ ਮਨੁੱਖ ਤੇ ਪੰਛੀਆਂ ਨੂੰ ਇਹ ਪਾਣੀ ਪੀਣ ਤੋਂ ਵਰਜਤ ਕੀਤਾ ਹੈ। ਅਸੀਂ ਉਸਦਾ ਇਸਤੇਮਾਲ ਨਾ ਪੀਣ ਲਈ ਪਾਣੀ ਦੇ ਤੌਰ ‘ਤੇ ਕਰ ਸਕਦੇ ਹਾਂ ਅਤੇ ਨਾ ਹੀ ਫਸਲਾਂ ਲਈ ਇਸਤੇਮਾਲ ਕਰ ਸਕਦੇ ਹਾਂ।
ਦੂਜਾ ਪੱਖ ਇਹ ਵੀ ਹੈ ਕਿ ਸਮੁੰਦਰ ਹਜ਼ਾਰਾਂ ਜੀਵ-ਜੰਤੂਆਂ ਦੀ ਪਨਾਹਗਾਰ ਹੈ। ਉਹਨਾਂ ਨੂੰ ਜੀਵਨ ਦਿੰਦਾ ਹੈ, ਉਹਨਾਂ ਦੀ ਪਰਵਰਿਸ਼ ਕਰ ਰਿਹਾ ਹੈ। ਕੁਦਰਤ ਨੇ ਇਨਸਾਨ, ਪੰਛੀਆਂ ਤੇ ਜਾਨਵਰਾਂ ਨੂੰ ਧਰਤੀ ਦਿੱਤੀ ਹੈ, ਜਦੋਂਕਿ ਜਲ-ਜੀਵਾਂ ਨੂੰ ਸਮੁੰਦਰ ਦਿੱਤਾ ਹੈ। ਅਸੀਂ ਆਪਣੀ ਧਰਤੀ ਦਾ ਗਲ਼ਾ ਘੋਟਣ ‘ਚ ਲੱਗੇ ਹੋਏ ਹਾਂ, ਜਦੋਂਕਿ ਸਮੁੰਦਰ ਆਪਣੇ ਜੀਵ ਜੰਤੂਆਂ ਦੀ ਰੱਖਿਆ ਕਰਦਾ ਹੈ। ਸਮੁੰਦਰ ਕਹਿੰਦਾ ਹੈ ਕਿ ਮੇਰੀ ਦੁਨੀਆ ਵੱਖਰੀ ਹੈ। ਮੇਰੇ ਅੰਦਰ ਵੱਡੀਆਂ, ਗਰਮ ਤੇ ਠੰਢੀਆਂ ਧਰਾਵਾਂ ਚੱਲਦੀਆਂ ਹਨ। ਮੇਰੇ ਜੀਵ ਜੰਤੂ ਬਿਨਾਂ ਕਿਸੇ ਡਰ ਤੋਂ ਜ਼ਿੰਦਗੀ ਬਤੀਤ ਕਰ ਰਹੇ ਹਨ। ਮੇਰਾ ਖਿਆਲ ਰੱਖਦੇ ਹਨ ਪਰ ਤੇਰਾ ਇਨਸਾਨ ਤੇਰਾ ਖਿਆਲ ਨਹੀਂ ਰੱਖ ਰਿਹਾ। ਆਪਸ ‘ਚ ਲੜ ਰਿਹਾ ਕੁਦਰਤ ਦਾ ਨਾਸ਼ ਕਰ ਰਿਹਾ ਤੇ ਪਰਮਾਣੂ ਬੰਬਾਂ ਦੇ ਤਜਰਬੇ ਵੀ ਮੇਰੀ ਹਿੱਕ ਤੇ ਕਰਦਾ ਹੈ, ਜਿਸ ਨਾਲ ਮੇਰੇ ਬੱਚਿਆਂ ਨੂੰ ਵੀ ਕਾਫੀ ਤਕਲੀਫ ਹੁੰਦੀ ਹੈ। ਧਰਤੀ ਦਾ ਪੁੱਤਰ ਆਪਣੀ ਹੀ ਮਾਂ ਦਾ ਗਲਾ ਘੋਟਣ ਲੱਗਿਆ ਹੋਇਆ ਹੈ।


ਸਾਊਥ ਸਾਡੇ ਦੇਸ਼ ਦੀ ਅਜਿਹੀ ਧਰਤੀ ਹੈ, ਜਿੱਥੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ। ਕਲਚਰ ਵਜੋਂ ਵਿਸ਼ਾਲ ਧਰਤੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਸਾਊਥ ਦੇਸ਼ ਦਾ ਇਕ ਅਜਿਹਾ ਧਰਾਤਲ ਹੈ, ਜਿੱਥੇ ਲੋਕ ਬੜੇ ਹੀ ਸ਼ਾਂਤੀਪਸੰਦ ਹਨ। ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਸਟਡੀ ਟੂਰ ਦੌਰਾਨ ਸਾਨੂੰ ਸਾਊਥ ਜਾਣ ਦਾ ਮੌਕਾ ਮਿਲਿਆ ਤੇ ਉਥੋਂ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਹੈ। ਸਟੱਡੀ ਟੂਰ ਨੂੰ ਅਸੀਂ ਤਿੰਨ ਹਿੱਸੇ ਵਿੱਚ ਚਰਚਾ ਕਰਾਂਗੇ। ਪਹਿਲਾਂ ਲਕਸ਼ਦੀਪ ਨੂੰ ਲੈ ਕੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਬੰਗਰਾਮ ਆਈਲੈਂਡ ‘ਤੇ ਜਾਣ ਦਾ ਮੌਕਾ ਮਿਲਿਆ। ਬੰਗਾਰਮ ਆਈਲੈਂਡ ਬਿਲਕੁਲ ਸਮੁੰਦਰ ਦੇ ਵਿਚਕਾਰ ਹੈ ਜੋ ਕਿ ਚਾਰੇ ਪਾਸੇ ਤੋਂ ਸਮੁੰਦਰ ਦੇ ਵਿੱਚ ਘਿਰਿਆ ਹੋਇਆ ਹੈ। ਅਸੀਂ ਉਥੋਂ ਦੇ ਲੋਕਾਂ ਦੀ ਗੱਲ ਕਰਾਂਗੇ ਕਿ ਉਨ੍ਹਾਂ ਦਾ ਰਹਿਣ-ਸਹਿਣ ਕਿਹੋ ਜਿਹਾ ਹੈ? ਪੰਜਾਬ ਨਾਲੋਂ ਕੀ ਫਰਕ ਹੈ? ਕਿਹੜੀਆਂ ਭਿੰਨਤਾਵਾਂ ਹਨ ਜੋ ਸਾਨੂੰ ਕਲਚਰਲ ਤੌਰ ‘ਤੇ ਇਕ ਦੂਜੇ ਤੋਂ ਵੱਖਰਾ ਕਰਦਿਆ ਹਨ? ਕਿਹੜੀਆਂ ਚੀਜ਼ਾਂ ਹਨ ਜੋ ਸਾਨੂੰ ਆਪਸ ਵਿੱਚ ਜੋੜਦੀਆਂ ਹਨ? ਰੰਗ ਨਸਲ ਦੇ ਤੌਰ ‘ਤੇ ਸਾਡੇ ਤੇ ਉਹਨਾਂ ‘ਚ ਜ਼ਿਆਦਾ ਫਰਕ ਨਹੀਂ, ਆਪਸ ‘ਚ ਕੋਈ ਭੇਦ ਨਹੀਂ।
ਚਲੋ ਹੁਣ ਗੱਲ ਕਰਦੇ ਹਾਂ ਬੰਗਾਰਮ ਟਾਪੂ ਦੀ। ਬੰਗਾਰਮ ਟਾਪੂ ਜੋ ਕੋਈ ਇਕ ਛੋਟਾ ਜਿਹਾ ਟਾਪੂ ਹੈ ਜੋ ਕਿ ਅਰਬ ਦੀ ਖਾੜੀ ਦੇ ਵਿੱਚ ਘਿਰਿਆ ਹੋਇਆ ਹੈ। ਜੇਕਰ ਪੂਰੇ ਟਾਪੂ ਦਾ ਚੱਕਰ ਲਗਾਉਣਾ ਹੋਵੇ ਤਾਂ ਇਸ ਦਾ ਘੇਰਾ ਛੇ ਕਿਲੋਮੀਟਰ ਦੇ ਕਰੀਬ ਬਣਦਾ ਹੈ। ਇਸ ਟਾਪੂ ‘ਤੇ ਸਿਰਫ 40 ਪਰਿਵਾਰ ਰਹਿੰਦੇ ਹਨ। ਇਥੋਂ ਦੀ ਜਨਸੰਖਿਆ 100 ਤੋਂ ਵੀ ਘੱਟ ਹੈ। ਇਥੇ ਸਿਰਫ ਤੇ ਸਿਰਫ ਨਾਰੀਅਲ ਦੇ ਦਰਖਤ ਹਨ ਜੋ ਉਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੈ। ਇਸ ਤੋਂ ਇਲਾਵਾ ਇੱਥੇ ਕੁਝ ਲੋਕਾਂ ਕੋਲ ਬੱਕਰੀਆਂ ਹਨ। ਟਾਪੂ ਤੇ ਤੁਹਾਨੂੰ ਕੋਈ ਸੱਪ, ਮੱਖੀਆਂ ਤੇ ਹੋਰ ਜੀਵ ਜੰਤੂ ਨਹੀਂ ਮਿਲਦਾ ਹੈ। ਸਿਰਫ ਤੇ ਸਿਰਫ ਸਮੁੰਦਰੀ ਜੀਵ ਹੀ ਨਜ਼ਰ ਆਉਂਦੇ ਹਨ। ਪਾਣੀ ਦੀ ਕਮੀ ਹੈ, ਬਰਸਾਤ ਦੇ ਪਾਣੀ ਨੂੰ ਇਕੱਠਾ ਕੀਤਾ ਜਾਂਦਾ ਹੈ ਤੇ ਉਸ ਨੂੰ ਆਰ ਓ ਸਿਸਟਮ ਰਾਹੀਂ ਸਾਫ ਕਰਕੇ ਪੀਣ ਯੋਗ ਬਣਾਇਆ ਜਾਂਦਾ ਹੈ।
ਕੁਦਰਤ ਦਾ ਦਸਤੂਰ ਇਹ ਹੈ ਕਿ ਚਾਰੇ ਤਰਫ ਬੰਗਾਰਮ ਟਾਪੂ ਪਾਣੀ ‘ਚ ਘਿਰਿਆ ਹੋਇਆ ਹੈ, ਪਰ ਇਸਦੇ ਬਾਵਜੂਦ ਉਥੋਂ ਦੇ ਲੋਕਾਂ ਨੂੰ ਬਰਸਾਤ ਦੇ ਪਾਣੀ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਜੋ ਨਹਾਉਣ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਵੀ ਉਥੇ ਇਕ ਲੇਕ ਬਣੀ ਹੈ। ਉਸਦੇ ਪਾਣੀ ਨੂੰ ਸਾਫ ਕਰਕੇ ਨਹਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਉਸ ਵਿੱਚ ਕੁਝ ਕੈਮੀਕਲ ਵੀ ਮਿਲਾਏ ਜਾਂਦੇ ਹਨ। ਇੱਥੋਂ ਦੇ ਰਹਿਣ ਵਾਲੇ ਲੋਕ ਗਰੀਬ ਹਨ, ਇਸ ਟਾਪੂ ਦੀ ਇਹ ਖਾਸੀਅਤ ਹੈ ਕਿ ਇਥੇ ਸਫਾਈ ਕਾਫੀ ਹੈ, ਕਿਉਂਕਿ ਇਹ ਟਾਪੂ ਸਰਕਾਰ ਦੇ ਅਧੀਨ ਹੈ। ਇਸ ਟਾਪੂ ‘ਤੇ ਤੁਹਾਨੂੰ ਕੋਈ ਛੋਲੇ ਕੁਲਚੇ ਵੇਚਦਾ ਨਹੀਂ ਮਿਲੇਗਾ। ਇਸ ਤੋਂ ਇਲਾਵਾ ਇਥੇ ਤੁਹਾਨੂੰ ਕੋਈ ਹੋਰ ਸਮਾਨ ਵੇਚਦਾ ਨਜ਼ਰ ਨਹੀਂ ਆਏਗਾ, ਨਾ ਕੋਈ ਚਿਪਸ ਦਾ ਪੈਕਟ ਮਿਲੇਗਾ। ਨਾ ਕੁਛ ਹੋਰ। ਸਿਰਫ ਤੇ ਸਿਰਫ ਇਸ ਜਗ੍ਹਾ ‘ਤੇ ਸਰਕਾਰ ਵੱਲੋਂ ਹੀ ਸਭ ਕੁਝ ਸਪਲਾਈ ਕੀਤਾ ਜਾਂਦਾ ਹੈ। ਇਸ ਦਾ ਕਾਰਨ ਹੈ ਕਿ ਜੋ ਵੀ ਟੂਰਿਸਟ ਇੱਥੇ ਜਾਂਦਾ ਹੈ ਤਾਂ ਉਸ ਨੂੰ ਸਵੇਰ, ਦੁਪਹਿਰ ਤੇ ਰਾਤ ਦੇ ਖਾਣੇ ਤੋਂ ਇਲਾਵਾ ਚਾਹ ਆਦਿ ਉਥੇ ਹੀ ਮੁਹਈਆ ਕਰਵਾਈ ਜਾਂਦੀ ਹੈ ਜੋ ਕਿ ਤੁਹਾਡੇ ਖਰਚੇ ਵਿੱਚ ਸ਼ਾਮਿਲ ਹੁੰਦੀ ਹੈ। ਇਸ ਲਈ ਉਥੇ ਲਕਸ਼ਦੀਪ ਸਰਕਾਰ ਵੱਲੋਂ ਜੋ ਬੰਗਾਰਮ ਟਾਪੂ ਤੇ ਰਿਜ਼ੋਰਟ ਖੋਲ੍ਹਿਆ ਗਿਆ ਹੈ। ਉਸ ਤੋਂ ਖਾਣ ਪੀਣ ਦਾ ਸਮਾਨ ਹੀ ਮਿਲਦਾ ਹੈ। ਇਸ ਟਾਪੂ ‘ਤੇ ਤੁਹਾਨੂੰ ਸਮੁੰਦਰੀ ਜੀਵ ਹੀ ਨਜ਼ਰ ਆਉਂਦੇ ਹਨ। ਇਸ ਬੰਗਾਰਮ ਟਾਪੂ ਦੇ ਨਾਲ ਦੋ ਹੋਰ ਟਾਪੂ ਹਨ। ਇੱਕ ਦਾ ਨਾਂ ਪਰਾਲੀ ਟਾਪੂ ਹੈ ਅਤੇ ਦੂਜੇ ਦਾ ਨਾਂ ਤਿੰਨਾਂਕਾਰਾ ਟਾਪੂ ਹੈ।
ਪਰਾਲੀ ਟਾਪੂ ਅਤੇ ਤਿੰਨਾਂਕਾਰਾ ਟਾਪੂ ‘ਤੇ ਕੋਈ ਨਹੀਂ ਰਹਿੰਦਾ ਹੈ। ਸਿਰਫ ਇਸ ਸਮੇਂ ਉਥੇ ਨਾਰੀਅਲ ਦੇ ਦਰਖਤ ਹੀ ਹਨ। ਇਸ ਸਮੇਂ ਗੁਜਰਾਤ ਦੀ ਕੰਪਨੀ ਵੱਲੋਂ ਤਿੰਨਾਂਕਾਰਾਂ ਟਾਪੂ ‘ਤੇ ਇੱਕ ਹੋਟਲ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਇਸ ਟਾਪੂ ਨੂੰ ਵਿਕਸਿਤ ਕਰਨ ਲੱਗੀ ਹੋਈ ਹੈ। ਮਾਲਦੀਪ ਨਾਲ ਵਿਵਾਦ ਪੈਦਾ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਾਰਮ ਟਾਪੂ ‘ਤੇ ਗਏ ਅਤੇ ਉੱਥੇ ਰਾਤ ਰੁਕੇ ਸਨ। ਉਹ ਇਹਨਾਂ ਟਾਪੂਆਂ ਨੂੰ ਵਿਕਸਿਤ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਲੋਕ ਮਾਲਦੀਪ ਦੀ ਜਗ੍ਹਾ ਇਹਨਾਂ ਟਾਪੂਆਂ ‘ਤੇ ਜਾਣ ਅਤੇ ਇੱਥੇ ਟੂਰਿਜਮ ਵਾਧਾ ਹੋਵੇ। ਇਸ ਲਈ ਬੰਗਾਰਮ ਟਾਪੂ ਦੇ ਨਾਲ ਨਾਲ ਤਿੰਨਾਕਾਰਾਂ ਟਾਪੂ ਨੂੰ ਵੀ ਹੁਣ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਟਾਪੂ ‘ਤੇ ਜੋ ਲੋਕ ਕੰਮ ਕਰਦੇ ਹਨ, ਉਹ ਬੰਗਾਰਮ ਟਾਪੂ ਤੇ ਆਉਂਦੇ ਹਨ। ਸਭ ਤੋਂ ਪਹਿਲਾਂ ਉਹਨੂੰ ਅਗਾਤੀ ਟਾਪੂ ‘ਤੇ ਜਾਣਾ ਪੈਂਦਾ ਹੈ ਜੋ ਕਿ ਕਾਫੀ ਵਿਕਸਿਤ ਹੈ। ਜਿੱਥੇ ਡਿਪਟੀ ਕਮਿਸ਼ਨਰ ਦਾ ਦਫਤਰ ਹੈ ਅਤੇ ਹੋਰ ਸਰਕਾਰੀ ਦਫਤਰ ਮੌਜੂਦ ਹਨ। ਇਸ ਨੂੰ ਲਕਸ਼ਦੀਪ ਸਰਕਾਰ ਵੱਲੋਂ ਕਾਫੀ ਵਿਕਸਿਤ ਕੀਤਾ ਗਿਆ ਹੈ। ਜ਼ਿਆਦਾਤਰ ਜੋ ਲੋਕ ਹਨ, ਉਹ ਅਗਾਤੀ ਤੋਂ ਹੀ ਬੰਗਾਰਮ ਟਾਪੂ ‘ਤੇ ਕੰਮ ਕਰਨ ਜਾਂਦੇ ਹਨ। ਇਹਨਾਂ ਨੂੰ ਲਕਸ਼ਦੀਪ ਸਰਕਾਰ ਵੱਲੋਂ ਤਨਖਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖਿਆ ਗਿਆ ਹੈ ਜੋ ਕਿ ਉਥੇ ਜਾ ਕੇ ਕੰਮ ਕਰਦੇ ਹਨ। ਬੰਗਾਰਮ ਟਾਪੂ ‘ਤੇ ਨਾ ਕੋਈ ਸਕੂਲ ਹੈ ਤੇ ਨਾ ਹੀ ਕੋਈ ਹਸਪਤਾਲ ਹੈ, ਕਿਉਂਕਿ ਇੱਥੇ ਦੀ ਜਨਸੰਖਿਆ ਬਹੁਤ ਘੱਟ ਹੈ। ਇੱਥੇ 100% ਮੁਸਲਿਮ ਜਨਸੰਖਿਆ ਹੈ।
ਟਾਪੂ ‘ਤੇ ਸਮੁੰਦਰ ਦਾ ਪਾਣੀ ਕਾਫੀ ਸਾਫ ਹੈ। ਪਰਾਲੀ ਟਾਪੂ ਦੀ ਗੱਲ ਕਰੀਏ ਤਾਂ ਟਾਪੂ ਦੇ ਨਾਲ ਹੀ ਨੀਲਾ ਸਮੁੰਦਰ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਟਾਪੂ ‘ਤੇ ਵੱਡੇ ਵੱਡੇ ਕੱਛੂ ਰਹਿੰਦੇ ਹਨ। ਇਹ ਦੱਸਿਆ ਜਾਂਦਾ ਹੈ ਕਿ ਜਿੱਥੇ ਪਾਣੀ ਹਰਾ ਦਿਖਾਈ ਦਿੰਦਾ ਹੈ, ਉਥੇ ਸਮੁੰਦਰ ਦਾ ਪਾਣੀ ਘੱਟ ਹੁੰਦਾ ਹੈ। ਜਿੱਥੇ ਨੀਲਾ ਸਮੁੰਦਰ ਹੋ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਬਹੁਤ ਗਹਿਰਾ ਸਮੁੰਦਰ ਹੈ। ਬੰਗਾਰਮ ਆਈਲੈਂਡ ਤੇ ਸੈਂਡ ਟੇਬਲ ਵੀ ਬਣੀ ਹੋਈ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੋਲ ਟੋਪੀ ਪਾ ਕੇ ਫੋਟੋਆਂ ਕਰਵਾਈਆਂ ਗਈਆਂ ਸਨ। ਇਥੇ ਸ਼ਾਮ ਨੂੰ ਸਮੁੰਦਰ ਦਾ ਪਾਣੀ ਘਟ ਜਾਂਦਾ ਹੈ ਤੇ ਤੁਸੀਂ ਉਥੇ ਜਾ ਕੇ ਫੋਟੋਆਂ ਕਰਵਾ ਸਕਦੇ ਹੋ। ਪਰ ਇਸ ਰੇਤ ਦੇ ਨਾਲ ਹੀ ਨੀਲਾ ਸਮੁੰਦਰ ਸ਼ੁਰੂ ਹੋ ਜਾਂਦਾ ਹੈ ਜੋ ਅੱਗੇ ਕਾਫੀ ਗਹਿਰਾ ਹੈ। ਟਾਪੂ ‘ਤੇ ਸ਼ਾਮ ਨੂੰ ਸਮੁੰਦਰ ਪਿੱਛੇ ਚਲਾ ਜਾਂਦਾ ਹੈ, ਜਿਸ ਨੂੰ Low Tide ਕਿਹਾ ਜਾਂਦਾ ਹੈ। ਜਦੋਂ ਸਮੁੰਦਰ ਪਿੱਛੇ ਚਲਾ ਜਾਂਦਾ ਹੈ ਤਾਂ ਇੱਕ ਕਿਲੋਮੀਟਰ ਤੱਕ ਪਾਣੀ ਪਿੱਛੇ ਚਲਾ ਜਾਂਦਾ ਹੈ ਤੇ ਜ਼ਮੀਨ ਨਜ਼ਰ ਆਉਂਣ ਲੱਗ ਜਾਂਦੀ ਹੈ। ਇਸ ਦੌਰਾਨ ਲੋਕ ਇਸਦੇ ਆਲੇ-ਦੁਆਲੇ ਸੈਰ ਕਰਦੇ ਹਨ, ਜੋ ਉਥੇ ਘੁੰਮਣ ਜਾਂਦੇ ਹਨ ਇਸ ਦੀ ਤੇ ਫਿਰ ਰਾਤ ਨੂੰ High Tide ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਸਮੁੰਦਰ ਦਾ ਪਾਣੀ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਸਮੇਂ ਚੰਦਰਮਾ ਅਸਮਾਨ ਦੇ ਵਿੱਚ ਆਉਂਦਾ ਹੈ ਤਾਂ ਸਮੁੰਦਰ ਦਾ ਪਾਣੀ ਪਿੱਛੇ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਚੰਦਰਮਾ ਆਸਮਾਨ ਦੇ ਵਿਚਕਾਰ ਆਉਣਾ ਸ਼ੁਰੂ ਹੋ ਜਾਂਦਾ ਹੈ, ਤਾਂ ਫਿਰ ਪਾਣੀ ਦੀਆਂ ਲਹਿਰਾਂ ਜ਼ੋਰ ਨਾਲ ਚਲਦੀਆਂ ਹਨ ਅਤੇ ਰਾਤ ਨੂੰ ਪਾਣੀ ਦੀਆਂ ਜ਼ੋਰਦਾਰ ਲਹਿਰਾ ਤੂਫਾਨ ਦਾ ਰੂਪ ਧਾਰ ਲੈਂਦੀਆਂ ਹਨ। ਇਸ ਤਰ੍ਹਾਂ ਸਮੁੰਦਰ ਦੇ ਅੰਦਰ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਕਦੇ ਸਮੁੰਦਰ ਪਿੱਛੇ ਚਲਾ ਜਾਂਦਾ ਹੈ ਤੇ ਫਿਰ ਕੁਝ ਸਮੇਂ ਬਾਅਦ ਸਮੁੰਦਰ ਵਾਪਸ ਆ ਜਾਂਦਾ ਹੈ। ਸਮੁੰਦਰ ਕੰਢਿਆਂ ਤੱਕ ਮਾਰ ਕਰਦਾ ਹੈ।
ਸਰਕਾਰ ਵੱਲੋਂ ਹਾਲਾਂਕਿ ਤਿੰਨਾਂਕਾਰਾ ਟਾਪੂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਪਰ ਇਸ ਸਮੇਂ ਜੋ ਉਥੇ ਕਰਮਚਾਰੀ ਕੰਮ ਕਰਦੇ ਹਨ ਉਹ ਵੀ ਬੰਗਾਰਮ ਟਾਪੂ ‘ਤੇ ਜਾ ਕੇ ਰਾਤ ਨੂੰ ਰੁਕਦੇ ਹਨ, ਕਿਉਂਕਿ ਤਿੰਨਾਂਕਾਰਾ ਟਾਪੂ ‘ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨਹੀਂ ਹੈ ਤੇ ਨਾ ਖਾਣ ਪੀਣ ਦੀ ਵਿਵਸਥਾ ਹੈ। ਹਾਲਾਂਕਿ ਬੰਗਾਰਮ ਟਾਪੂ ਤੇ ਬਿਜਲੀ ਦੇ ਲਈ ਜਨਰੇਟਰ ਲਗਾਏ ਗਏ ਹਨ। ਉਹਨਾਂ ਜਨਰੇਟਰ ਰਾਹੀਂ ਬਿਜਲੀ ਉਥੇ ਆਉਂਦੀ ਹੈ। ਤਿੰਨਾਕਾਰਾ ਆਈਲੈਂਡ ਆਉਣ ਵਾਲੇ ਸਮੇਂ ਦੇ ਵਿੱਚ ਵਿਕਸਿਤ ਹੋ ਜਾਵੇਗਾ, ਜਿਸ ਨਾਲ ਸੈਲਾਨੀਆਂ ਦੀ ਸੰਖਿਆ ਓਥੇ ਹੋਰ ਵੱਧ ਜਾਵੇਗੀ। ਇਹ ਟਾਪੂ ਬੰਗਾਰਮ ਟਾਪੂ ਤੋਂ ਛੋਟਾ ਹੈ। ਬੰਗਾਰਮ ਟਾਪੂ ‘ਤੇ ਇਕ ਹੈਲੀਪੈਡ ਵੀ ਬਣਿਆ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੰਗਾਰਮ ਟਾਪੂ ‘ਤੇ ਇਕ ਰਾਤ ਰੁਕੇ ਸੀ ਪਰ ਉਸ ਦਿਨ ਸਾਰੇ ਟਾਪੂ ਨੂੰ ਖਾਲੀ ਕਰਵਾ ਲਿਆ ਗਿਆ ਸੀ। ਉਥੋਂ ਦੇ ਰਹਿਣ ਵਾਲੇ ਪਰਿਵਾਰਾਂ ਨੂੰ ਅਗਾਤੀ ਭੇਜ ਦਿੱਤਾ ਗਿਆ ਸੀ। ਸਿਰਫ ਉਥੇ ਚਾਰੇ ਤਰਫ ਪੁਲਸ ਸੀ। ਬੰਗਾਰਮ ਟਾਪੂ ‘ਤੇ ਤੁਸੀਂ ਸਕੂਬਾ ਡਾਈਵਿੰਗ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਨਾਲ ਲੱਗਦੇ ਟਾਪੂਆਂ ‘ਤੇ ਵੀ ਜਾ ਸਕਦੇ ਹੋ, ਉਸ ਲਈ ਤੁਹਾਨੂੰ ਵੱਖਰੇ ਪੈਸੇ ਦੇਣੇ ਪੈਂਦੇ ਹਨ। ਇਹਨਾਂ ਟਾਪੂਆਂ ‘ਤੇ ਜ਼ਿਆਦਾ ਟਾਈਮ ਤੁਸੀਂ ਰੁਕ ਨਹੀਂ ਸਕਦੇ। ਬਸ ਤੁਹਾਨੂੰ ਦੋ ਘੰਟੇ ਦੇ ਅੰਦਰ ਅੰਦਰ ਵਾਪਸ ਬੰਗਾਰਮ ਟਾਪੂ ‘ਤੇ ਆਉਣਾ ਹੁੰਦਾ ਹੈ। ਇਹਨਾਂ ਟਾਪੂਆਂ ‘ਤੇ ਜਾਣ ਲਈ 1500 ਰੁਪਏ ਲੱਗਦੇ ਹਨ। ਇਥੇ ਸਭ ਕੁਝ ਸਰਕਾਰੀ ਹੈ। ਜਦੋਂ ਤੁਸੀਂ ਵਾਪਸ ਆਉਂਦੇ ਹੋ ਤਾਂ ਹੀ ਤੁਹਾਨੂੰ ਸਾਰੇ ਪੈਸੇ ਚੁਕਾਉਣੇ ਹੁੰਦੇ ਹਨ।
ਬੰਗਾਰਮ ਟਾਪੂ ਦੀ ਖਾਸੀਅਤ ਇਹ ਹੈ ਕਿ ਜੋ ਤੁਸੀਂ ਕਮਰਾ ਲੈਂਦੇ ਹੋ, ਉਸ ਵਿੱਚ ਭੋਜਨ ਸ਼ਾਮਿਲ ਹੁੰਦਾ ਹੈ। ਬੰਗਾਰਮ ਰਿਜ਼ੋਰਟ ‘ਚ ਸਵੇਰੇ 7 ਵਜੇ ਚਾਹ ਤੇ ਬਿਸਕੁਟ ਮਿਲਦੇ ਹਨ, ਫਿਰ 8 ਵਜੇ ਬਰੇਕ ਫਾਸਟ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਦੁਪਹਿਰ ਨੂੰ 1 ਵਜੇ ਦੁਪਹਿਰ ਦਾ ਖਾਣਾ ਮਿਲਦਾ ਹੈ। ਚਾਰ ਵਜੇ ਫਿਰ ਬਿਸਕੁਟ ਤੇ ਚਾਹ ਮਿਲਦੀ ਹੈ। ਇਸ ਤੋਂ ਇਲਾਵਾ ਫਿਰ ਸ਼ਾਮ ਨੂੰ 8 ਵਜੇ ਰਾਤ ਦਾ ਖਾਣਾ ਲੱਗ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਉਥੇ ਖਾਣਿਆਂ ਦਾ ਵੀ ਭਰਪੂਰ ਆਨੰਦ ਮਾਣਦੇ ਹੋ। ਇਹ ਸਾਰੀ ਵਿਵਸਥਾ ਉਥੋਂ ਦੀ ਸਰਕਾਰ ਵੱਲੋਂ ਕੀਤੀ ਗਈ ਹੈ। ਕਮਰੇ ਬਿਲਕੁਲ ਸਮੁੰਦਰ ਦੇ ਸਾਹਮਣੇ ਹਨ। ਤੁਸੀਂ ਉਥੋਂ ਬੈਠ ਕੇ ਸਮੁੰਦਰ ਦਾ ਨਜ਼ਾਰਾ ਦੇਖ ਸਕਦੇ ਹੋ।
ਇਸ ਤੋਂ ਇਲਾਵਾ ਇਲੈਕਟਰਿਕ ਵਾਹਨ ਵੀ ਉਥੇ ਚਲਦੇ ਹਨ, ਜਿਸ ਰਾਹੀ ਤੁਹਾਨੂੰ ਰਿਜ਼ੋਰਟ ਤੋਂ ਕਮਰਿਆਂ ਤੱਕ ਲਜਾਇਆ ਜਾਂਦਾ ਹੈ। ਤੁਸੀਂ ਪੈਦਲ ਵੀ ਆ ਸਕਦੇ ਹੋ ਪਰ ਉਹਨਾਂ ਵੱਲੋਂ ਉਥੇ ਵਿਵਸਥਾ ਕੀਤੀ ਗਈ ਹੈ। ਜਦੋਂ ਤੁਸੀਂ ਬੰਗਾਰਮ ਟਾਪੂ ਦੇ ਪਹੁੰਚਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਮੂੰਹ ਸਾਫ ਕਰਨ ਲਈ ਠੰਡੇ ਤੌਲੀਏ ਦਿੱਤੇ ਜਾਂਦੇ ਹਨ ਤੇ ਫਿਰ ਜੂਸ ਪਿਲਾਇਆ ਜਾਂਦਾ ਹੈ। ਫਿਰ ਇਲੈਕਟ੍ਰਿਕ ਗੱਡੀਆਂ ਰਾਹੀਂ ਸਮਾਨ ਤੁਹਾਡੇ ਕਮਰੇ ਵਿੱਚ ਭੇਜਿਆ ਜਾਂਦਾ ਹੈ। ਪੰਜਾਬ ਵਿਧਾਨ ਸਭਾ ਪ੍ਰੈੱਸ ਗੈਲਰੀ ਕਮੇਟੀ ਦਾ ਸਟਡੀ ਟੂਰ ਆਪਣੇ ਆਪ ਦੇ ਵਿੱਚ ਇੱਕ ਅਹਿਮ ਯਾਤਰਾ ਸਫਲ ਹੋਇਆ।
ਬੰਗਾਰਮ ਟਾਪੂ ਤੋਂ ਅਗਲਾ ਸਫ਼ਰ
ਬੰਗਾਰਮ ਟਾਪੂ ‘ਤੇ ਰੁਕਣ ਤੋਂ ਬਾਅਦ ਫਿਰ ਅਸੀਂ ਕੇਰਲਾ ਦੇ ਤਿਰੂਵਨੰਤਪੁਰਮ ਸ਼ਹਿਰ ਪਹੁੰਚਦੇ ਹਾਂ। ਰਾਤ ਰੁਕਣ ਤੋਂ ਬਾਅਦ ਅੱਗੇ ਸਭ ਤੋਂ ਪਹਿਲਾ ਅਸੀਂ ਤਿਰੂਵਨੰਤਪੁਰਮ ਵਿਧਾਨ ਸਭਾ ਦੇਖਦੇ ਹਾਂ। ਇਹ ਤਿਰੂਵਨੰਤਪੁਰਮ ਵਿਖੇ ਸਥਿਤ ਕੇਰਲਾ ਵਿਧਾਨ ਸਭਾ ਦੀਆਂ 8 ਮੰਜ਼ਿਲਾਂ ਹਨ ਅਤੇ 8 ਹੀ ਦਰਵਾਜ਼ੇ ਹਨ। ਹੁਣ ਕੇਰਲਾ ‘ਚ ਸੀ ਪੀ ਆਈ ( ਐਮ ) ਦੀ ਸਰਕਾਰ ਹੈ। ਇਸ ਵਿਧਾਨ ਸਭਾ ਦੇ ਅੰਦਰ ਇਕ ਕਾਫੀ ਵੱਡਾ ਆਡੀਟੋਰੀਅਮ ਵੀ ਬਣਾਇਆ ਗਿਆ ਹੈ, ਜਿਥੇ ਵਿਧਾਇਕਾਂ ਦੀਆਂ ਵੱਖ ਵੱਖ ਕਮੇਟੀਆ ਦੀਆਂ ਮੀਟਿੰਗਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਹਨ। ਬਹੁਤ ਹੀ ਖੂਬਸੂਰਤ ਵਿਧਾਨ ਸਭਾ ਬਣਾਈ ਗਈ ਹੈ। ਇਸ ਦੌਰਾਨ ਕੇਰਲ ਵਿਧਾਨ ਸਭਾ ਦੇ ਸਪੀਕਰ A. N. Shamseer ਨੂੰ ਮਿਲਣ ਅਤੇ ਚਰਚਾ ਕਰਨ ਦਾ ਮੌਕਾ ਮਿਲਿਆ।
ਵਿਧਾਨ ਸਭਾ ਦੇ ਸਪੀਕਰ A. N. Shamseer ਨਾਲ ਚਰਚਾ ਕਰਨ ਦੌਰਾਨ ਇਕ ਪੱਖ ਜੋ ਸਾਹਮਣੇ ਆਇਆ, ਉਹ ਸੀ ਕੇਰਲਾ ਦੀ ਹਾਲਤ ਵੀ ਪੰਜਾਬ ਵਰਗੀ ਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਸਾਡਾ ਵੀ ਪੈਸਾ ਰੋਕ ਰੱਖਿਆ ਹੈ ਤੇ ਕੇਂਦਰ ਸਾਡੇ ਨਾਲ ਵੀ ਪੱਖਪਾਤ ਕਰ ਰਿਹਾ ਹੈ। ਕੇਂਦਰ ਗ਼ੈਰ-ਭਾਜਪਾ ਸਰਕਾਰ ਨਾਲ ਜਿਵੇ ਪੱਖਪਾਤ ਕਰਦਾ ਹੈ, ਉਸੇ ਤਰ੍ਹਾਂ ਕੇਰਲਾ ਨਾਲ ਕਰ ਰਿਹਾ ਹੈ। ਇਸ ਲਈ ਕੇਰਲ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਹੈ। ਕੇਰਲਾ ਦੀ ਆਮਦਨ ਦਾ ਮੁੱਖ ਸਾਧਨ ਸ਼ਰਾਬ ਤੇ ਟੂਰਿਜ਼ਮ ਹੀ ਹੈ। ਪ੍ਰਧਾਨ ਮੰਤਰੀ ਕੇਰਲ ‘ਚ ਕਈ ਐਲਾਨ ਕਰਕੇ ਗਏ ਸਨ, ਉਹ ਵੀ ਪੂਰੇ ਨਹੀਂ ਹੋਏ ਹਨ। ਕੇਰਲਾ ਸਰਕਾਰ ਨੂੰ ਵੀ ਮਾਰਕੀਟ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ। ਦੱਸਿਆ ਗਿਆ ਕਿ ਕੇਰਲਾ ਦੇ ਸਪੀਕਰ ਨੇ ਵਿਰੋਧੀਆਂ ਨੂੰ ਬੇਲ ਤਕ ਆਉਂਣ ਦੀ ਆਗਿਆ ਦਿੱਤੀ ਹੈ, ਉਹ ਸਪੀਕਰ ਦੇ ਟੇਬਲ ਕੋਲ ਆ ਸਕਦੇ ਹਨ ਪਰ ਸਿਰਫ 2 ਪੌੜੀਆਂ ਹੀ ਚੜ੍ਹ ਸਕਦੇ ਹਨ। ਵਿਧਾਨ ਸਭਾ ਦੇ ਅੰਦਰ ਕਿਸੇ ਨੂੰ ਫੋਟੋ ਖਿੱਚਣ ਦੀ ਆਗਿਆ ਨਹੀਂ ਹੈ।
ਵਿਧਾਨ ਸਭਾ ਦੇਖਣ ਬਾਅਦ ਕੰਨਿਆ ਕੁਮਾਰੀ (ਤਾਮਿਲਨਾਡੂ) ਦੀ ਯਾਤਰਾ ਸ਼ੁਰੂ ਹੁੰਦੀ ਹੈ। ਢਾਈ ਘੰਟੇ ਵਿਚ ਅਸੀਂ ਕੰਨਿਆ ਕੁਮਾਰੀ ਪਹੁੰਚ ਜਾਂਦੇ ਹਾਂ। ਇਸ ਯਾਤਰਾ ਦੌਰਾਨ ਦੇਖਿਆ ਜਾਂਦਾ ਹੈ ਕਿ ਕੰਨਿਆ ਕੁਮਾਰੀ ਦੇ ਆਸ ਪਾਸ ਪੌਣ ਚੱਕੀਆਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ, ਜਿਧਰ ਤਕ ਨਿਗ੍ਹਾ ਜਾਂਦੀ ਹੈ ਉਸ ਤਰਫ ਹੀ ਤੁਹਾਨੂੰ ਪੌਣ ਚੱਕੀਆਂ ਨਜ਼ਰ ਆਉਂਦੀਆ ਹਨ। ਇਹਨਾ ਰਾਹੀਂ ਬਿਜਲੀ ਦਾ ਉਤਪਾਦਨ ਹੁੰਦਾ ਹੈ। ਸਮੁੰਦਰ ਦੀ ਹਵਾ ਨਾਲ ਇਹ ਚੱਕੀਆਂ ਚੱਲਦੀਆਂ ਹਨ। ਕੰਨਿਆ ਕੁਮਾਰੀ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਪੌਣ ਚੱਕੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ। ਸਮੁੰਦਰ ਦੀ ਹਵਾ ਨਾਲ ਇਹ ਚੱਕੀਆਂ ਚਲਦੀਆਂ ਹਨ ਅਤੇ ਬਿਜਲੀ ਪੈਦਾ ਕਰਦੀਆਂ ਹਨ।
ਇਸ ਤੋਂ ਬਾਅਦ ਅਸੀਂ ਕੰਨਿਆ ਕੁਮਾਰੀ ਪਹੁੰਚਦੇ ਹਾਂ ਜੋ ਕੇ ਤਾਮਿਲਨਾਡੂ ਵਿਚ ਸਥਿਤ ਹੈ, ਜਿੱਥੇ ਵਿਵੇਕਾਨੰਦ ਰੋਕ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਵਿਵੇਕਾਨੰਦ ਤੈਰ ਕੇ ਹੀ ਇਸ ਚਟਾਨ ਤੇ ਗਏ ਸੀ, ਜਿੱਥੇ ਉਹਨਾਂ ਨੇ ਮਾਤਾ ਕੰਨਿਆ ਕੁਮਾਰੀ ਦੀ ਪੂਜਾ ਕੀਤੀ ਸੀ। ਇਸ ਚਟਾਨ ਉੱਤੇ ਵਿਵੇਕਾਨੰਦ ਦਾ ਮੈਡੀਟੇਸ਼ਨ ਰੂਮ ਬਣਿਆ ਹੋਇਆ ਹੈ, ਜਿੱਥੇ ਉਹਨਾਂ ਨੇ ਸਾਧਨਾ ਕੀਤੀ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਵਿਅਕਤੀ ਦਾ ਵਿਆਹ ਨਹੀਂ ਹੁੰਦਾ ਤਾਂ ਉਹ ਮਾਤਾ ਕੰਨਿਆ ਕੁਮਾਰੀ ਦੇ ਮੰਦਿਰ ‘ਚ ਜਾ ਕੇ ਮੁਰਾਦ ਮੰਗਦਾ ਹੈ ਤਾਂ ਉਸਦਾ ਵਿਆਹ ਹੋ ਜਾਂਦਾ ਹੈ। ਸਾਡੇ ਕਈ ਸਾਥੀਆਂ ਨੇ ਵੀ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ, ਉਨ੍ਹਾਂ ਨੇ ਵੀ ਮੁਰਾਦ ਮੰਗੀ ਹੈ।
ਸਮੁੰਦਰ ਦੇ ਵਿਚਕਾਰ ਇਹ ਵਿਵੇਕਾਨੰਦ ਚਟਾਨ ਬਣੀ ਹੋਈ ਹੈ, ਜਿੱਥੇ ਤੁਹਾਨੂੰ ਸਮੁੰਦਰੀ ਜਹਾਜ਼ ਰਾਹੀ ਲਿਜਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੰਨਿਆ ਕੁਮਾਰੀ ਦੇ ਵਿੱਚ ਹੀ ਭਗਵਤੀ ਕੁਮਾਰੀ ਅੱਮਾਨ ਮੰਦਿਰ ( Bhagavati Kumari Amman Temple) ਬਣਿਆ ਹੋਇਆ ਹੈ। ਇਹ ਭਾਰਤ ਦੇ ਦੱਖਣੀ ਸਿਰੇ ‘ਤੇ, ਬੰਗਾਲ ਦੀ ਖਾੜੀ, ਅਰਬ ਸਾਗਰ ਅਤੇ ਹਿੰਦ ਮਹਾਸਾਗਰ ਦੇ ਸੰਗਮ ‘ਤੇ ਸਥਿਤ ਹੈ। ਇਸ ਮੰਦਰ ਦੇ ਵਿੱਚ ਤੁਹਾਨੂੰ ਪੈਂਟ ਜਾ ਧੋਤੀ ਪਾ ਕੇ ਹੀ ਜਾਣ ਦਿੱਤਾ ਜਾਂਦਾ ਹੈ, ਤੁਸੀਂ ਨੰਗੇ ਪਿੰਡ ਹੀ ਮੰਦਿਰ ਅੰਦਰ ਜਾ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਮੋਬਾਈਲ ਵੀ ਨਹੀਂ ਲਿਜਾ ਸਕਦੇ। ਇਸ ਤੋਂ ਬਾਅਦ ਕੰਨਿਆ ਕੁਮਾਰੀ ਦੇ ਵਿੱਚ ਚਾਰੇ ਤਰਫ ਬਾਜ਼ਾਰ ਹੀ ਨਜ਼ਰ ਆਉਂਦਾ ਹੈ। ਇਸ ਬਾਜ਼ਾਰ ਦੀ ਖਾਸੀਅਤ ਇਹ ਹੈ ਕਿ ਇੱਥੇ ਜੋ ਸਮਾਨ ਮਿਲਦਾ ਹੈ, ਉਹ ਜ਼ਿਆਦਾ ਮਹਿੰਗਾ ਨਹੀਂ ਹੈ। ਆਮ ਲੋਕਾਂ ਦੀ ਪਹੁੰਚ ਦਾ ਸਮਾਨ ਹੈ। ਹਰ ਤਰ੍ਹਾਂ ਦਾ ਸਮਾਨ ਇਸ ਮਾਰਕੀਟ ਵਿੱਚ ਮਿਲਦਾ ਹੈ। ਇਸ ਮਾਰਕੀਟ ‘ਚ ਜ਼ਿਆਦਾਤਰ ਤੁਹਾਨੂੰ ਸਮੁੰਦਰੀ ਸਿੱਪੀਆਂ ਜਾਂ ਸਮੁੰਦਰੀ ਮਾਲਾ ਮਿਲ ਜਾਂਦੀਆਂ ਹਨ, ਜੋ ਕਾਫੀ ਸਸਤੀਆਂ ਮਿਲ ਜਾਂਦੀਆਂ ਹਨ। ਇਸ ਤੋਂ ਇਲਾਵਾ ਇਥੇ ਸਾੜ੍ਹੀਆਂ ਤੇ ਹੋਰ ਸਮਾਨ ਵੀ ਕਾਫੀ ਮਿਲਦਾ ਹੈ।
ਇਸ ਤੋਂ ਬਾਅਦ ਅਸੀ ਫਿਰ ਵਾਪਸ ਕੇਰਲ ਵਿੱਚ ਸ਼ਹਿਰ ਤਿਰੂਵਨੰਤਪੁਰਮ ਪਹੁੰਚਦੇ ਹਾਂ ਤੇ ਅਗਲੇ ਦਿਨ ਸਵੇਰੇ ਅਸੀਂ ਤ੍ਰਿਵੇਂਦਰਮ ਦੇ ਪਦਮਨਾਭਸਵਾਮੀ ਮੰਦਿਰ ਪਹੁੰਚਦੇ ਹਾਂ, ਜਿਥੇ ਸਿਰਫ ਧੋਤੀ ਪਾ ਕੇ ਜਾ ਸਕਦੇ ਹੋ। ਅਰਧ ਨੰਗੇ ਸਰੀਰ ਤੁਹਾਨੂੰ ਜਾਣਾ ਪੈਦਾ ਹਾਂ। ਇਸ ਮੰਦਿਰ ਦੀ ਖੂਬਸਰਤੀ ਇਹ ਹੈ ਚਾਹੇ ਕੋਈ ਵੀ ਹੋਵੇ ਉਸ ਨੂੰ ਧੋਤੀ ਪਾ ਕੇ ਨੰਗੇ ਸਿਰ ਅੰਦਿਰ ਜਾਣਾ ਪੈਂਦਾ ਹੈ। ਮੋਬਾਈਲ ਲੈ ਕੇ ਜਾਣ ਦੀ ਵੀ ਆਗਿਆ ਨਹੀਂ ਹੈ। ਉਹ ਬਾਹਰ ਕਿਸੇ ਦੁਕਾਨ ‘ਤੇ ਰੱਖਣਾ ਪੈਂਦਾ ਹੈ। ਇਕ ਚੀਜ ਮੰਦਿਰ ਅੰਦਰ ਦੇਖਣ ਨੂੰ ਮਿਲੀ ਜੋ ਮੰਦਿਰ ਦੇ ਅੰਦਿਰ ਸੁਰੱਖਿਆ ਕਰਮਚਾਰੀ ਚੈਕਿੰਗ ਲਈ ਖੜ੍ਹੇ ਸਨ, ਉਨ੍ਹਾਂ ਨੇ ਵੀ ਧੋਤੀਆ ਪਾਈਆ ਹੋਈਆਂ ਹਨ। ਇਸ ਮੰਦਰ ਅੰਦਰ ਚਾਹੇ ਕੋਈ ਵੀ ਹੋਵੇ ਸਿਰਫ ਧੋਤੀ ਪਾ ਕੇ ਹੀ ਅੰਦਰ ਜਾ ਸਕਦਾ ਹੈ। ਇਸ ਮੰਦਿਰ ਦਾ ਇਤਿਹਾਸ 3000 ਸਾਲ ਪੁਰਾਣਾ ਹੈ। ਇਸ ਨੂੰ ਚੋਲ ਵੰਸ਼ ਨੇ ਬਣਵਾਇਆ ਸੀ। ਇਸ ਤੋਂ ਬਾਅਦ ਸਾਡੀ ਵਾਪਸੀ ਹੁੰਦੀ ਹੈ ਤੇ ਸਮੁੰਦਰ ਤੋਂ ਬਹੁਤ ਕੁਝ ਸਿੱਖ ਕੇ ਵਾਪਸ ਆਉਂਦੇ ਹੈ।
ਨਰੇਸ਼ ਸ਼ਰਮਾ, ਸੀਨੀਅਰ ਪੱਤਰਕਾਰ, ਅਪਡੇਟ ਪੰਜਾਬ.ਕਾਮ

