ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਫਰਵਰੀ:


ਮਿਸਲ ਸਤਲੁਜ ਵੱਲੋਂ ਪੰਜਾਬ ਦੇ ਵਡੇਰੇ ਹਿੱਤਾਂ, ਮੰਗਾਂ ਅਤੇ ਅਧਿਕਾਰਾਂ ਨੂੰ ਲੈਕੇ ਜਾਰੀ ਪੂਰਾ ਪੰਜਾਬ ਲਹਿਰ ਦਾ ਪੰਜਵਾਂ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਰਿਹਾ। ਮਿਸਲ ਸਤਲੁਜ ਦੇ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਅੱਜ ਪੂਰਾ ਦਿਨ ਮੰਚ ਸੰਚਾਲਨ ਰਿਹਾ। ਸਰਦਾਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ, ਅੱਜ ਸਮੁੱਚੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦੇ ਪ੍ਰਸਾਰ, ਪ੍ਰਚਾਰ ਅਤੇ ਪ੍ਰਫੁੱਲਤਾ ਲਈ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ। ਓਹਨਾਂ ਕਿਹਾ ਕਿ, ਪੰਜਾਬੀ ਚਾਹੇ ਕਿਸੇ ਵੀ ਮੁਲਕ ਵਿੱਚ ਬੈਠੇ ਹੋਣ, ਉਹਨਾਂ ਨੂੰ ਆਪਣੀ ਮਾਂ ਬੋਲੀ ਜਰੀਏ ਆਪਣੀ ਪਛਾਣ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ,ਮਿਸਲ ਸਤਲੁਜ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਅੱਜ ਪੂਰਾ ਪੰਜਾਬ ਲਹਿਰ ਨਾਲ ਪੂਰੇ ਪੰਜਾਬ ਤੋਂ ਨੌਜਵਾਨ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ। ਅੱਜ ਪੂਰਾ ਪੰਜਾਬ ਲਹਿਰ ਦੇ ਮੰਚ ਤੋ ਸ੍ਰੀ ਫਤਹਿਗੜ ਸਾਹਿਬ ਤੋਂ ਨੌਜਵਾਨ ਆਗੂ ਹਰਪਿੰਦਰ ਸਿੰਘ ਨੇ ਆਪਣੀ ਸਾਥੀਆਂ ਸਮੇਤ ਮਿਸਲ ਸਤਲੁਜ ਵਿੱਚ ਸ਼ਾਮਲ ਹੋਣ ਦਾ ਅਹਿਦ ਕੀਤਾ। ਇਸ ਮੌਕੇ ਸਰਦਾਰ ਬਰਾੜ ਨੇ ਨੌਜਵਾਨ ਆਗੂ ਹਰਪਿੰਦਰ ਸਿੰਘ ਨੂੰ ਜਿੱਥੇ ਜ਼ਿਲਾ ਫ਼ਤਹਿਗੜ੍ਹ ਸਾਹਿਬ ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਉਥੇ ਹੀ ਜਨਤਕ ਦਸਤਖ਼ਤ ਪਟੀਸ਼ਨ ਲਈ ਇੰਚਾਰਜ ਵੀ ਨਿਯੁਕਤ ਕੀਤਾ।

