ਚੰਡੀਗੜ੍ਹ 10 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਵਾਰਾ ਪਸ਼ੂਆਂ ਨੇ ਇਲਾਕੇ ਵਿੱਚ ਆਤੰਕ ਦਾ ਰੂਪ ਧਾਰਿਆ ਹੋਇਆ ਹੈ। ਆਏ ਦਿਨ ਇਹਨਾਂ ਦੀ ਬਦੌਲਤ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਜੈਮਲ ਸਿੰਘ ਮਾਜਰੀ ਨੇ ਮੰਗ ਕਰਦਿਆਂ ਕਿਹਾ ਹੈ ਕਿ ਜ਼ਿਆਦਾਤਰ ਅਵਾਰਾ ਪਸ਼ੂਆਂ ਵਿੱਚ ਗਾਵਾਂ ਅਤੇ ਸਾਂਨ੍ਹ ਹਨ ਜੋ ਸੜਕਾਂ ਉੱਤੇ ਫਿਰਦੇ ਅਤੇ ਬੈਠਦੇ ਹਨ। ਇਹਨਾਂ ਦੀ ਬਦੌਲਤ ਅਕਸਰ ਵੱਡੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਪਾਸੇ ਸਰਕਾਰ ਦਾ ਧਿਆਨ ਬਹੁਤ ਜ਼ਰੂਰੀ ਕਰਨਾ ਬਣਦਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਣਾ ਕੁਸ਼ਲਪਾਲ ਖਿਜ਼ਰਾਬਾਦ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਵੱਡਾ ਫਨਕਾਰ ਰਾਜਵੀਰ ਜਵੰਦਾ ਵੀ ਅਵਾਰਾ ਗਾਵਾਂਸਾਂਨ੍ਹਾਂ ਦੀ ਬਦੌਲਤ ਹੀ ਸਾਡੇ ਤੋਂ ਵਿਛੜ ਗਿਆ ਹੈ, ਕਿਉਂਕਿ ਇਹ ਅਵਾਰਾ ਗਾਵਾਂ-ਸਾਨ੍ਹ ਸੜਕਾਂ ਵਿਚਕਾਰ ਜਮਦੂਤ ਦਾ ਰੂਪ ਧਾਰੀ ਫਿਰਦੇ ਹਨ। ਬੇਸ਼ੱਕ ਅਸੀਂ ਇਹਨਾਂ ਦੀ ਸਾਂਭ ਸੰਭਾਲ ਲਈ ਟੈਕਸ ਵੀ ਦਿੰਦੇ ਹਾਂ, ਪਰ ਕੋਈ ਹੱਲ ਨਹੀਂ ਹੋ ਰਿਹਾ। ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਮਦਨ ਸਿੰਘ ਮਾਣਕ ਸ਼ਰੀਫ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦੇਣਾ ਤਾਂ ਸਾਡੇ ਤੋਂ ਗਊ ਸੈੱਸ ਦੇ ਰੂਪ ਵਿੱਚ ਟੈਕਸ ਕਿਉਂ ਵਸੂਲਿਆ ਜਾਂਦਾ ਹੈ? ਇਹਨਾਂ ਅਵਾਰਾ ਜਾਨਵਰਾਂ ਨੇ ਲੱਖਾਂ ਹੀ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਅਤੇ ਕਿੰਨੇ ਹੀ ਲੋਕ ਅਪਾਹਜ ਕਰ ਦਿੱਤੇ ਹਨ। ਇਹ ਕੋਈ ਇੱਕ ਦਿਨ ਦਾ ਮਾਮਲਾ ਨਹੀਂ, ਇਹਨਾਂ ਦੀ ਬਦੌਲਤ ਰੋਜ਼ ਹੀ ਵੱਡੇ ਹਾਦਸੇ ਵਾਪਰਦੇ ਹਨ।
ਸਮਾਜ ਸੇਵੀ ਬਲਜਿੰਦਰ ਪੁਰੀ ਨਿਊ ਚੰਡੀਗੜ੍ਹ ਨੇ ਦੱਸਿਆ ਕਿ ਬੇਸ਼ੱਕ ਅਸੀਂ ਮਾਡਰਨ ਜ਼ਿਲਾ ਮੁਹਾਲੀ ਵਿੱਚ ਰਹਿੰਦੇ ਹਾਂ, ਪਰ ਜੇਕਰ ਇੱਥੋਂ ਦੀਆਂ ਸੜਕਾਂ ਦੇ ਹਾਲਾਤ ਦੇਖੇ ਜਾਣ ਤਾਂ ਇਹ ਲੱਗਦਾ ਹੈ ਕਿ ਅਸੀਂ ਸੜਕਾਂ ਤੇ ਨਹੀਂ ਜੰਗਲਾਂ ਵਿੱਚ ਘੁੰਮ ਰਹੇ ਹਾਂ। ਇਹ ਗੱਲ ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੰਗਲ ਨਾਲੋਂ ਵੱਧ ਆਬਾਦੀ ਵਿੱਚ ਗਾਵਾਂ ਅਤੇ ਸਾਂਨ੍ਹ ਇੱਥੇ ਘੁੰਮ ਰਹੇ ਹਨ ਅਤੇ ਸਰਕਾਰ ਤੇ ਪ੍ਰਸ਼ਾਸਨ ਦਾ ਇਸ ਪਾਸੇ ਮਾਮੂਲੀ ਜਿਹਾ ਵੀ ਧਿਆਨ ਨਹੀਂ ਹੈ, ਜਦਕਿ ਰੋਜ਼ਾਨਾ ਵੱਡੇ ਹਾਦਸੇ ਵਾਪਰ ਰਹੇ ਹਨ। ਕਿਸਾਨ ਆਗੂ ਹਰਪ੍ਰੀਤ ਸਿੰਘ ਮਾਂਗਟ ਅਭੀਪੁਰ ਨੇ ਕਿਹਾ ਕਿ ਕਿਸਾਨ ਤਾਂ ਆਵਾਰਾ ਜਾਨਵਰਾਂ ਨੂੰ ਲੈ ਕੇ ਐਵੇਂ ਹੀ ਬਦਨਾਮ ਕੀਤੇ ਜਾਂਦੇ ਹਨ, ਜਦਕਿ ਸੜਕਾਂ ਤੇ ਗਾਵਾਂ ਛੱਡਣ ਲਈ ਵੱਡੇ ਫਾਰਮਾਂ ਵਾਲਿਆਂ ਦਾ ਯੋਗਦਾਨ ਹੈ। ਉਹ ਕੁਝ ਸਾਲ ਇਹਨਾਂ ਦਾ ਦੁੱਧ ਵੇਚ ਕੇ ਅਤੇ ਲੱਖਾਂ ਰੁਪਏ ਮੁਨਾਫਾ ਕਮਾ ਕੇ, ਜਦ ਇਹ ਫੰਡਰ ਹੋ ਜਾਂਦੀਆਂ ਹਨ ਤਾਂ ਇਹਨਾਂ ਨੂੰ ਸੜਕਾਂ ਤੇ ਰੁਲਣ ਲਈ ਛੱਡਿਆ ਜਾਂਦਾ ਹੈ। ਸਰਕਾਰ ਨੂੰ ਇਸ ਵੱਲ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਇਸ ਦਾ ਢੁੱਕਵਾਂ ਹੱਲ ਕਰਨਾ ਅਤੀ-ਜ਼ਰੂਰੀ ਹੋ ਜਾਂਦਾ ਹੈ। ਸਮਾਜ ਸੇਵੀ ਮਾਸਟਰ ਅਜੇ ਕੁਮਾਰ ਮੁੱਲਾਂਪੁਰ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਵਾਰਾ ਗਾਵਾਂ ਅਤੇ ਸਾਂਨ੍ਹਾਂ ਦੇ ਲਈ ਢੁਕਵੇਂ ਪ੍ਰਬੰਧ ਕਰੇ, ਕਿਉਂਕਿ ਇਹਨਾਂ ਦੀ ਬਦੌਲਤ ਇਨਸਾਨੀ ਜ਼ਿੰਦਗੀ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਇਹਨਾਂ ਤੇ ਕੋਈ ਹਮਲਾ ਕਰਦਾ ਹੈ ਤਾਂ ਉਲਟਾ ਉਸ ਤੇ ਹੀ ਕਾਰਵਾਈ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ, ਇਸ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਆਏ ਦਿਨ ਹੁੰਦੇ ਹਾਦਸੇ ਟਾਲੇ ਜਾ ਸਕਣ।

