www.sursaanjh.com > ਸਿੱਖਿਆ > ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲ਼ਣੀ, ਡਾ. ਲਾਭ ਸਿੰਘ ਖੀਵਾ ਦੀ ਸ਼ਿਰਕਤ ਨਾਲ਼ ਯਾਦਗਾਰੀ ਹੋ ਨਿਬੜੀ  

ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲ਼ਣੀ, ਡਾ. ਲਾਭ ਸਿੰਘ ਖੀਵਾ ਦੀ ਸ਼ਿਰਕਤ ਨਾਲ਼ ਯਾਦਗਾਰੀ ਹੋ ਨਿਬੜੀ  

ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲ਼ਣੀ, ਡਾ. ਲਾਭ ਸਿੰਘ ਖੀਵਾ ਦੀ ਸ਼ਿਰਕਤ ਨਾਲ਼ ਯਾਦਗਾਰੀ ਹੋ ਨਿਬੜੀ

ਭੋਲ਼ੇ-ਭਾਲ਼ੇ ਤੇ ਪਿਆਰੇ ਬੱਚਿਆਂ ਨੇ ਮੈਨੂੰ ਮੇਰਾ ਬਚਪਨ ਯਾਦ ਕਰਵਾ ਦਿੱਤਾ – ਡਾ. ਲਾਭ ਸਿੰਘ ਖੀਵਾ

ਬੱਚਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਂਦਾ ਹੈ, ਤਾਂ ਜੋ ਸਾਰੇ ਬੱਚੇ ਸਿਹਤਮੰਦ ਰਹਿਣ – ਸੈਂਟਰ ਇੰਚਾਰਜ ਪ੍ਰਦੀਪ ਕੌਰ

ਸਕੂਲ ਇੰਨਚਾਰਜ ਗੁਰਮੀਤ ਕੌਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਪ੍ਰਕ੍ਰਿਤੀ ਨਾਲ਼ ਜੋੜਨ ਦਾ ਉਪਰਾਲਾ ਵੀ ਕਰ ਰਹੇ ਹਨ – ਮੈਡਮ ਈਰਾ ਖੀਵਾ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਦਸੰਬਰ:

ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ, ਸਰਕਾਰੀ ਹਦਾਇਤਾਂ ਅਨੁਸਾਰ ਅੱਜ ਬੱਚੇ-ਅਧਿਆਪਕ, ਮਾਪੇ ਮਿਲ਼ਣੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਐਸ.ਏ.ਐਸ. ਨਗਰ ਦੇ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਵਿੱਚ ਉੱਘੇ ਵਿਦਵਾਨ ਤੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਨਾਲ਼ ਚਰਚਿਤ ਲੇਖਕ ਸੁਰਜੀਤ ਸੁਮਨ ਵੀ ਸਨ।

ਇਸ ਮੌਕੇ ਬੋਲਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਜੀਵਨ ਵਿੱਚ ਵੱਡੀਆਂ ਹਸਤੀਆਂ ਸਾਹਮਣੇ ਬੋਲਣ ਅਤੇ ਮੁੱਖ ਮਹਿਮਾਨ ਬਣਨ ਦੇ ਨਾਲ਼ ਨਾਲ਼ ਪ੍ਰਧਾਨਗੀਆਂ ਕਰਨ ਦਾ ਮੌਕਾ ਅਕਸਰ ਮਿਲ਼ਦਾ ਰਹਿੰਦਾ ਹੈ, ਪਰ ਅਜਿਹੀ ਮਿਲ਼ਣੀ ਦਾ ਮੇਰਾ ਪਹਿਲਾ ਅਨੁਭਵ ਹੈ। ਫੁੱਲਾਂ ਵਾਂਗੂੰ ਖਿੜ੍ਹੇ ਤੇ ਬਾ-ਵਰਦੀ ਵਿਦਿਆਰਥੀਆਂ ਨੂੰ ਵੇਖ ਕੇ ਸਾਡਾ ਤੱਪੜਾਂ ‘ਤੇ ਬਹਿ ਕੇ ਪੜ੍ਹਨਾ ਯਾਦ ਆ ਰਿਹਾ ਏ। ਤੁਹਾਨੂੰ ਸਰਕਾਰ ਐਨੀਆਂ ਸਹੂਲਤਾਂ ਦੇ ਰਹੀ ਹੈ, ਜੋ ਸਾਡੇ ਹਿੱਸੇ ਨਹੀਂ ਆਈਆਂ।

ਉਨ੍ਹਾਂ ਕਿਹਾ ਕਿ ਅਧਿਆਪਕ ਦੇ ਕਿੱਤੇ ਵਜੋਂ ਕੀਤੀ ਮਿਹਨਤ ਬ੍ਰਿਖ ਬਣੇ ਬੱਚਿਆਂ ਦੇ ਪੱਤੇ ਵੀ ਯਾਦ ਰਹਿੰਦੇ ਹਨ। ਅੱਜ-ਕੱਲ੍ਹ ਮਾਤਾ-ਪਿਤਾ ਵੀ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਸੰਜੀਦਾ ਹਨ। ਸਾਡੇ ਵੇਲ਼ਿਆਂ ਮੌਕੇ ਸਾਡੇ ਮਾਤਾ-ਪਿਤਾ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਜਵਾਨ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ? ਉਨ੍ਹਾਂ ਸਰਕਾਰ ਦੀ ਇਸ ਗੱਲਾਂ ਸਰਾਹਨਾ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਹਰ ਕਿਸਮ ਦੀਆਂ ਸਹੂਲਤਾਂ ਮੁਹੱਈਆ ਕਰ ਰਹੀ ਹੈ। ਉਨ੍ਹਾਂ ਸਕੂਲ ਇੰਨਚਾਰਜ ਗੁਰਮੀਤ ਕੌਰ ਦੀ ਵੀ ਇਸ ਗੱਲੋਂ ਭਰਪੂਰ ਪ੍ਰਸੰਸਾ ਕੀਤੀ ਕਿ ਮਹਿਮਾਨਾਂ ਦਾ ਫੁੱਲਾਂ ਦੇ ਬੂਟਿਆਂ ਨਾਲ਼ ਸਵਾਗਤ ਕਰਨਾ ਵੀ ਬੱਚਿਆਂ ਨੂੰ ਪ੍ਰਕ੍ਰਿਤੀ ਨਾਲ਼ ਜੋੜਨ ਵਾਲ਼ਾ ਪੁਖਤਾ ਕਦਮ ਦਰਸਾਉਂਦਾ ਹੈ।

ਇਸ ਮੌਕੇ ਸੈਂਟਰ ਇੰਨਚਾਰਜ ਪ੍ਰਦੀਪ ਕੌਰ ਨੇ ਦੱਸਿਆ ਕਿ ਹਰ ਤਿੰਨ ਮਹੀਨੇ ਬਾਅਦ ਸਾਰੇ ਬੱਚਿਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਜਾਂਦਾ ਹੈ। ਸਾਰੇ ਬੱਚੇ ਸਿਹਤਮੰਦ ਹਨ। ਬੱਚਿਆਂ ਦੀ ਮਾਤ-ਭਾਸ਼ਾ ਵਿੱਚ ਸੁੰਦਰ ਲਿਖਾਈ ਲਈ ਨਵਜੋਤ ਕੌਰ ਮਿਆਰੀ ਮਿਹਨਤ ਕਰਵਾਉਂਦੀ ਹੈ।

ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਚਰਚਿਤ ਲੇਖਕ ਤੇ ਗੀਤਕਾਰ ਸੁਰਜੀਤ ਸੁਮਨ ਨੇ ਬੋਲਦਿਆਂ ਕਿਹਾ ਕਿ ਸਕੂਲੀ ਸਿੱਖਿਆ ਪ੍ਰਬੰਧਨ ਵਿੱਚ ਇਸ ਸਕੂਲ ਦਾ ਨਾਂ ਕੁਝ ਮਹੀਨਿਆਂ ਤੋਂ ਸੁਰਖੀਆਂ ਵਿੱਚ ਆ ਰਿਹਾ ਹੈ, ਜਿਸ ਦਾ ਸਾਰਾ ਸਿਹਰਾ ਸਕੂਲ ਦੀ ਸੁਚੱਜੀ ਤੇ ਅਗਾਂਹਵਧੂ ਟੀਮ ਦੇ ਸਿਰ ਬੱਝਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਸਕੂਲ ਅਧਿਆਪਕ ਕਰਨ ਕੁਮਾਰ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਤੈਰਾਕੀ ਵਰਗੀਆਂ ਖੇਡਾਂ ਵਿੱਚ ਵੀ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।

ਸਟੇਜ ਸੰਚਾਲਨ ਦੀ ਸਮੁੱਚੀ ਕਾਰਵਾਈ ਮੈਡਮ ਸੁਨੀਤਾ ਨੇ ਬਾਖੂਬੀ ਨਿਭਾਈ। ਇਸ ਮੌਕੇ ਸ਼ੀਮਤੀ ਕੰਚਨ, ਮਨਮੀਤ ਕੌਰ, ਨਵਜੋਤ ਕੌਰ ਆਦਿ ਨੇ ਦੱਸਿਆ ਕਿ ਇਸ ਸਮੁੱਚੇ ਸਮਾਗਮ ਦਾ ਸਿਹਰਾ ਸਕੂਲ ਮੁਖੀ ਗੁਰਮੀਤ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਸਕੂਲ ਦੇ ਪੱਤਝੜੀ ਮਾਹੌਲ ਨੂੰ ਹਰਿਆਵਲ ਵਿੱਚ ਬਦਲਣ ਦਾ ਉਪਰਾਲਾ ਕੀਤਾ ਅਤੇ ਕੁੱਲ-ਮਿਲਾ ਕੇ ਸਮੁੱਚਾ ਸਮਾਗਮ ਯਾਦਗਾਰੀ ਹੋ ਨਿਬੜਿਆ।

ਰਸਮੀ ਗੱਲਬਾਤ ਦੌਰਾਨ ਬੱਚਿਆਂ ਲਈ ਖਾਣਾ ਬਣਾਉਣ ਵਾਲ਼ੇ ਪੰਮੀ ਆਂਟੀ ਤੇ ਸਫਾਈ ਸੇਵਕ ਮਨਜੀਤ ਕੌਰ ਨੇ ਕਿਹਾ ਕਿ ਸਕੂਲ ਵਿੱਚ ਲੰਬੇ ਸਮੇਂ ਬਾਅਦ ਅਜਿਹੀਆਂ ਰੌਣਕਾਂ ਨੁੰ ਵੇਖਣ ਨੂੰ ਮਿਲ਼ ਰਹੀਆਂ ਹਨ। ਪਿੰਡ ਦੇ ਪਤਵੰਤੇ ਹਰ ਸਮੇਂ ਸਹਾਇਤਾ ਕਰਨ ਵਾਲ਼ੇ ਸ੍ਰ. ਕੁਲਦੀਪ ਸਿੰਘ ਨੇ ਸਮਾਗਮ ਲਈ ਟੈਂਟ ਆਦਿ ਲਗਵਾ ਕੇ ਸਕੂਲੀ ਵਿਹੜੇ ਨੁੰ ਸ਼ਿੰਗਾਰਿਆ ਹੈ। ਇਹ ਸਕੂਲ ਦਿਨੋਂ-ਦਿਨ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ।

Leave a Reply

Your email address will not be published. Required fields are marked *