ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਜਨਵਰੀ:
ਪਟਿਆਲੇ ਵੱਸਦੀ ਕਵਿੱਤਰੀ ਸਰਬਜੀਤ ਜੱਸ ਦੀ ਚੋਣਵੀਂ ਕਵਿਤਾ “ਲੁਕੀ ਹੋਈ ਅੱਖ” ਲਾਹੌਰ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪੰਚਮ ਦੇ ਮੁੱਖ ਸੰਪਾਦਕ ਮਕਸੂਦ ਸਾਕਿਬ ਵੱਲੋਂ ਹੋਟਲ ਪਾਕ ਹੈਰੀਟੇਜ ਵਿੱਚ ਲੋਕ ਅਰਪਨ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਸੇਵਾਮੁਕਤ ਅਧਿਕਾਰੀ ਸ. ਕਾਹਨ ਸਿੰਘ ਪੰਨੂ, ਸਹਿਜਪ੍ਰੀਤ ਸਿੰਘ ਮਾਂਗਟ, ਨਵਦੀਪ ਸਿੰਘ ਗਿੱਲ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫ਼ੈਸਰ ਡਾ. ਕਲਿਆਣ ਸਿੰਘ ਕਲਿਆਣ, ਪੰਜਾਬੀ ਤੇ ਉਰਦੂ ਸ਼ਾਇਰ ਰਾਜਾ ਸਾਦਿਕ ਉਲਾ ਖ਼ਾਨ, ਖਾਲਿਦ ਐਜਾਜ਼ ਮੁਫ਼ਤੀ ਤੇ ਸ਼ਾਇਦਾ ਬਾਨੋ (ਭਾਸਕਰ) ਵੀ ਹਾਜ਼ਰ ਸਨ।
ਇਸ ਮੌਕੇ ਕਾਵਿ ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਮਕਸੂਦ ਸਾਕਿਬ ਨੇ ਕਿਹਾ ਕਿ ਸਰਬਜੀਤ ਜੱਸ ਕੋਲ ਸੱਜਰੀ ਸ਼ਾਇਰੀ ਲਈ ਤੀਸਰਾ ਨੇਤਰ ਹੈ, ਜਿਸ ਨਾਲ ਉਹ ਕਵਿਤਾ ਦੇ ਧੁਰ ਅੰਦਰਲੇ ਸੱਚ ਦੀ ਥਾਹ ਪਾ ਕੇ ਸ਼ਬਦਾਂ ਵਿੱਚ ਢਾਲਦੀ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਬਦ ਦੇ ਅੰਦਰਲੇ ਅਰਥਾਂ ਤੀਕ ਪੁੱਜਣ ਲਈ ਲੇਖਕ ਦੀ ਰੂਹ ਵੀ ਪਾਰਦਰਸ਼ੀ ਚਾਹੀਦੀ ਹੈ। ਜੱਸ ਪਾਰਦਰਸ਼ੀ ਰੂਹ ਨਾਲ ਕਵਿਤਾ ਲਿਖਦੀ ਹੈ। ਉਹ ਆਪਣੇ ਸਹਿਜ ਅੰਦਾਜ਼ ਨਾਲ ਸਭ ਪਾਠਕਾਂ ਨੂੰ ਨਾਲ ਨਾਲ ਤੋਰਦੀ ਹੈ। ਪਿਛਲੀ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਵਿੱਚ ਸ਼ਾਮਿਲ ਹੋ ਕੇ ਉਸ ਨੇ ਆਪਣਾ ਚੋਣਵਾਂ ਕਲਾਮ ਸ਼ਾਹਮੁਖੀ ਵਿੱਚ ਪੇਸ਼ ਕਰਕੇ ਚੰਗਾ ਕਾਰਜ ਕੀਤਾ ਹੈ।