ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਦਾ ਆਗਾਜ਼
ਆਪਣੇ ਲਈ ਨਹੀਂ ਸਮਾਜ ਲਈ ਲਿਖਣਾ ਸਭ ਤੋਂ ਵੱਡੀ ਪ੍ਰਾਪਤੀ- ਡਾ. ਸਰਦਾਰਾ ਸਿੰਘ ਜੌਹਲ
ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਪੰਜਾਬੀ ਦੇ ਪ੍ਰਚਾਲਣ ਲਈ ਮੰਗਿਆ ਸਭ ਦਾ ਸਹਿਯੋਗ
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਨਵੰਬਰ:


ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਮਹੀਨਾ ਭਰ ਚੱਲਣ ਵਾਲੇ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦਾ ਆਗਾਜ਼ ਹੋ ਗਿਆ ਹੈ। ਸ. ਜ਼ਫ਼ਰ ਨੇ ਇਸ ਮੌਕੇ ਹਫ਼ਤਾ ਭਰ ਚੱਲਣ ਵਾਲੇ ਪੁਸਤਕ ਮੇਲੇ ਦਾ ਉਦਘਾਟਨ ਕੀਤਾ। ਇਸ ਉਪਰੰਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ’ਚ ਕਰਵਾਏ ਗਏ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਉੱਘੇ ਅਰਥ ਸ਼ਾਸ਼ਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ ਅਤੇ ਉਨ੍ਹਾਂ ਵਿਭਾਗ ਦਾ ਝੰਡਾ ਫਹਿਰਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਗਾਇਕ ਮਨਰਾਜ ਪਾਤਰ ਨੇ ਆਪਣੀ ਸਾਹਿਤਕ ਗਾਇਕੀ ਨਾਲ ਸਮਾਗਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸੰਬੋਧਨ ’ਚ ਵਿਭਾਗ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਸਾਹਿਤਕ ਤੇ ਗਿਆਨਵਰਧਕ ਖਜ਼ਾਨੇ ਨੂੰ ਡਿਜੀਟਲ ਰੂਪ ’ਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਸਾਡਾ ਸਾਹਿਤ ਦੁਨੀਆ ਦੇ ਹਰ ਕੋਨੇ ’ਚ ਬੈਠਾ ਪਾਠਕ ਪੜ੍ਹ ਸਕੇਗਾ। ਵਿਭਾਗ ਦੀ ਵੈੱਬਸਾਈਟ ’ਤੇ ਸ਼ਬਦਾਵਾਲੀਆਂ, ਪੰਜਾਬੀ ਤੇ ਵਿਸ਼ਵ ਦਾ ਕਲਾਸਿਕ ਸਾਹਿਤ ਉਪਲਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਮੁਸ਼ਕਲਾਂ ਸਬੰਧੀ ਨਿੱਗਰ ਯਤਨ ਕੀਤੇ ਜਾ ਰਹੇ ਹਨ। ਭਾਸ਼ਾਵਾਂ ਦੇ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਭਾਸ਼ਾ ਪ੍ਰਤੀ ਕੱਟੜ ਹੋਣ ਦੀ ਬਜਾਏ ਇਸ ਨੂੰ ਪਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਭਾਸ਼ਾ ਦਾ ਵਧੇਰੇ ਪਸਾਰ ਹੁੰਦਾ ਹੈ। ਇਸ ਕਾਰਜ ਲਈ ਭਾਸ਼ਾ ਬੋਲਣ, ਲਿਖਣ ਤੇ ਪੜ੍ਹਨ ਵਾਲਾ ਹਰ ਵਿਅਕਤੀ ਯੋਗਦਾਨ ਪਾ ਸਕਦਾ ਹੈ। ਸਾਨੂੰ ਆਪਣੀ ਭਾਸ਼ਾ ’ਤੇ ਮਾਣ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਭਾਸ਼ਾ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਉਨ੍ਹਾਂ ਪੁਰਸਕਾਰ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਨਿੱਠ ਕੇ ਲਿਖਣ ਦੀ ਅਪੀਲ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸਰਦਾਰਾ ਸਿੰਘ ਜੌਹਲ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਜੋ ਵੱਕਾਰੀ ਪੁਰਸਕਾਰ ਮਿਲੇ ਹਨ ਉਨ੍ਹਾਂ ਦੀ ਲਾਜ ਰੱਖੀ ਜਾਵੇ ਭਾਵ ਉਨ੍ਹਾਂ ਦੇ ਪੱਧਰ ਦਾ ਲਿਖਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਲਿਖਾਰੀ ਨੂੰ ਆਪਣੇ ਲਈ ਲਿਖਣ ਦੀ ਥਾਂ ਸਮਾਜ ਲਈ ਲਿਖਣਾ ਚਾਹੀਦਾ ਹੈ ਜੋ ਇੱਕ ਲੇਖਕ ਦਾ ਅਸਲੀ ਕਰਤੱਬ ਹੈ। ਉਨ੍ਹਾਂ ਕਿਹਾ ਕਿ ਆਪਸੀ ਬੇਥਵਾਕੀ ਤੇ ਸਾਡੇ ਆਗੂਆਂ ਦੀ ਸਿਰਫ਼ ਰਾਜ ਕਰਨ ਵਾਲੀ ਸੋਚ ਸਦਕਾ ਪਹਿਲਾ ਪੰਜਾਬ ਦਾ ਢਿੱਡ ਪੜਵਾਇਆ ਭਾਵ ਦੇਸ਼ ਦੀ ਵੰਡ ਕਾਰਨ ਦੋ ਪੰਜਾਬ ਬਣੇ। ਫਿਰ ਚੜ੍ਹਦੇ ਪੰਜਾਬ ਦੇ ਤਿੰਨ ਟੋਟੇ ਕਰਵਾਏ। ਅੱਜ ਵੀ ਅਸੀਂ ਤਿੰਨ ਭਾਸ਼ਾਈ ਸੂਤਰ ’ਤੇ ਅਧਾਰਤ ਹੀ ਸਿੱਖਿਆ ਪ੍ਰਣਾਲੀ ਚਲਾ ਰਹੇ ਹਾਂ ਅਤੇ ਇਸ ਤੋਂ ਵਧ ਕੇ ਸਾਡੇ ਹੱਥ ਕੁਝ ਵੀ ਨਹੀਂ ਲੱਗਿਆ। ਉਨ੍ਹਾਂ ਕਿਹਾ ਲੋੜ ਹੈ ਆਪਣੀ ਭਾਸ਼ਾ ਦੇ ਪਸਾਰ ਤੇ ਇਸ ਨੂੰ ਹੋਰ ਅਮੀਰ ਬਣਾਉਣ ਲਈ ਸਾਂਝੇ ਯਤਨ ਕਰੀਏ। ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਦੀਆਂ ਮੌਜੂਦਾ ਸਰਗਰਮੀਆਂ ਲਈ ਸ਼ਲਾਘਾ ਕੀਤੀ।
ਇਸ ਮੌਕੇ ਕੁਲਦੀਪ ਸਿੰਘ ਕਬਰਵਾਲਾ ਵੱਲੋਂ ਅਨੁਵਾਦਿਤ ਵਿਭਾਗੀ ਪੁਸਤਕ ‘ਉੱਚੀਆਂ ਉਮੀਦਾਂ’ ਅਤੇ ‘ਅੰਗਰੇਜ਼ੀ-ਪੰਜਾਬੀ ਸ਼ਬਦਾਵਲੀ (ਰਸਾਇਣ ਵਿਿਗਆਨ) ਲੋਕ ਅਰਪਣ ਕੀਤੀਆਂ ਗਈਆਂ। ਇਹ ਪੁਸਤਕਾਂ ਸਹਾਇਕ ਨਿਰਦੇਸ਼ਕਾ ਸੁਖਪ੍ਰੀਤ ਕੌਰ, ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਸ਼ਰਨਜੀਤ ਕੌਰ ਤੇ ਪਲਵੀ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਡਾ. ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਤੇ ਖੋਜ ਸਹਾਇਕ ਹਰਜੀਤ ਕੌਰ ਦੁਆਰਾ ਸੰਪਾਦਿਤ ਵਿਭਾਗੀ ਰਸਾਲਾ ‘ਪੰਜਾਬੀ ਦੁਨੀਆ’ ਦਾ ਡਾ. ਜਗਤਾਰ ਵਿਸ਼ੇਸ਼ ਅੰਕ ਵੀ ਲੋਕ ਅਰਪਣ ਕੀਤਾ ਗਿਆ। ਸੰਯੁਕਤ ਨਿਰਦੇਸ਼ਕਾ ਹਰਭਜਨ ਕੌਰ ਨੇ ਸਭ ਦਾ ਧੰਨਵਾਦ ਕੀਤਾ। ਪੰਜਾਬੀ ਵਿਕਾਸ ਭਾਗ ਦੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਦੀ ਦੇਖ-ਰੇਖ ’ਚ ਹੋਏ ਇਸ ਸਮਾਗਮ ਦੌਰਾਨ ਗਾਇਕ ਮਨਰਾਜ ਪਾਤਰ ਨੇ ਪਦਮ ਸ਼੍ਰੀ ਸੁਰਜੀਤ ਪਾਤਰ ਸਮੇਤ ਬਹੁਤ ਸਾਰੇ ਨਾਮਵਰ ਪੰਜਾਬੀ ਸ਼ਾਇਰਾਂ ਦੀਆਂ ਲਿਖਤਾਂ ਨੂੰ ਖ਼ੂਬਸੂਰਤ ਗਾਇਕੀ ਰਾਹੀਂ ਪੇਸ਼ ਕਰਕੇ ਮਾਹੌਲ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖੂਬੀ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਗਿੱਲ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਰਾਬੀਆ ਤੇ ਦਵਿੰਦਰ ਕੌਰ, ਖੋਜ ਅਫ਼ਸਰ ਸਤਪਾਲ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਪ੍ਰਿੰ. ਮਨਮੋਹਨ ਸਿੰਘ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਡਾ. ਸੁਰਜੀਤ ਸਿੰਘ, ਡਾ. ਗੁਰਸੇਵਕ ਲੰਬੀ, ਸਾਹਿਤਕਾਰ ਪਵਨ ਹਰਚੰਦਪੁਰੀ, ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਦਰਸ਼ਨ ਜੋਗਾ, ਨਿਰੰਜਣ ਬੋਹਾ, ਡਾ. ਦਰਸ਼ਨ ਸਿੰਘ ਆਸ਼ਟ, ਅਵਤਾਰਜੀਤ, ਗੁਰਚਰਨ ਪੱਬਰਾਲੀ, ਵੱਖ-ਵੱਖ ਜ਼ਿਿਲ੍ਹਆਂ ਦੇ ਭਾਸ਼ਾ ਅਫ਼ਸਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਕਿਰਨਜੀਤ ਕੌਰ, ਸਿਮਰਨਜੀਤ ਸਿੰਘ ਤੇ ਵੱਡੀ ਗਿਣਤੀ ’ਚ ਸਾਹਿਤਕਾਰ ਹਾਜ਼ਰ ਸਨ।
ਪੁਰਸਕਾਰਿਤ ਸ਼ਖ਼ਸੀਅਤਾਂ:- ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਯਾਦਾਂ) ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ’ਚ ਉੱਗੇ ਅਮਲਤਾਸ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਜਸਵੀਰ ਸਿੰਘ ਰਾਣਾ ਦੀ ਪੁਸਤਕ ‘70% ਪ੍ਰੇਮ ਕਥਾ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ ਸੰਗ੍ਰਹਿ) ਭਗਵੰਤ ਰਸੂਲਪੁਰੀ ਦੀ ਪੁਸਤਕ ‘ਡਲਿਵਰੀ ਮੈਨ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ) ਡਾ. ਪਰਮਜੀਤ ਢੀਂਗਰਾ ਦੀ ਪੁਸਤਕ ‘ਕਿਤਾਬ ਜੋ ਅਜੇ ਬਾਕੀ ਹੈ’ ਨੂੰ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਸ਼ਮੀਲ ਦੀ ਪੁਸਤਕ ‘ਤੇਗ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਸੁਭਾਸ਼ ਭਾਸਕਰ ਦੀ ਪੁਸਤਕ ‘ਅਣਵੰਡਿਆ ਪੰਜਾਬ (ਡਾ. ਚੰਦਰ ਤ੍ਰਿਖਾ)’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਸੰਪਾਦਨ) ਅਮੀਆ ਕੁੰਵਰ ਦੀ ਪੁਸਤਕ ‘ਇਮਰੋਜ਼ਨਾਮਾ’ ਨੂੰ, ਸ੍ਰੀ ਗੁਰੂ ਹਰਿਿਕ੍ਰਸ਼ਨ ਪੁਰਸਕਾਰ (ਬਾਲ ਸਾਹਿਤ) ਡਾ. ਇੰਦਰਪ੍ਰੀਤ ਸਿੰਘ ਧਾਮੀ ਦੀ ਪੁਸਤਕ ‘ਸੁਪਨਸਾਜ਼’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਗੁਰਦੀਪ ਸਿੰਘ ਦੀ ਪੁਸਤਕ ‘ਇਹ ਦੇਸ ਪੰਜਾਬ ਦੀ ਸਮਝ ਨਾਹੀਂ’ ਨੂੰ ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਕੋਸ਼ਕਾਰੀ) ਜਗਤਾਰ ਸਿੰਘ ਸੋਖੀ ਦੀ ਪੁਸਤਕ ‘ਪੰਜਾਬੀ ਸਮਾਨਾਰਥਕ ਕੋਸ਼’ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਪੰਜਾਬੀ ਭਾਸ਼ਾ ਪ੍ਰਤੀ ਸ਼ਾਨਦਾਰ ਕਾਰਗੁਜ਼ਾਰੀ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਸਿੰਘ ਜਟਾਣਾ ਤੇ ਵਿਭਾਗ ਦੇ ਮੁੱਖ ਦਫ਼ਤਰ ਦੀ ਸੀਨੀਅਰ ਸਹਾਇਕ ਸੁਮਨ ਵਰਮਾ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਪ੍ਰਸੰਸਾ ਪੱਤਰ ਪ੍ਰਦਾਨ ਕੀਤੇ ਗਏ।

