www.sursaanjh.com > ਅੰਤਰਰਾਸ਼ਟਰੀ > ਸ਼ਬਦ/ ਰੇਖਾ ਚਿੱਤਰ ਰਾਹੀਂ ਕਿਸੇ ਵਿਅਕਤੀ ਦੇ ਜੀਵਨ ਦਾ ਥੋੜ੍ਹੇ ਸ਼ਬਦਾਂ ਵਿਚ ਖ਼ਾਕਾ ਤਿਆਰ ਕਰਨਾ ਹੁੰਦਾ ਹੈ/ ਯਤਿੰਦਰ ਕੌਰ ਮਾਹਲ

ਸ਼ਬਦ/ ਰੇਖਾ ਚਿੱਤਰ ਰਾਹੀਂ ਕਿਸੇ ਵਿਅਕਤੀ ਦੇ ਜੀਵਨ ਦਾ ਥੋੜ੍ਹੇ ਸ਼ਬਦਾਂ ਵਿਚ ਖ਼ਾਕਾ ਤਿਆਰ ਕਰਨਾ ਹੁੰਦਾ ਹੈ/ ਯਤਿੰਦਰ ਕੌਰ ਮਾਹਲ

ਗੁਰਿੰਦਰ ਸਿੰਘ ਕਲਸੀ ਦੇ ਬਿਲਕੁਲ ਸਾਹਮਣੇ/ ਯਤਿੰਦਰ ਕੌਰ ਮਾਹਲ
ਸ਼ਬਦ/ ਰੇਖਾ ਚਿੱਤਰ ਰਾਹੀਂ ਕਿਸੇ ਵਿਅਕਤੀ ਦੇ ਜੀਵਨ ਦਾ ਥੋੜ੍ਹੇ ਸ਼ਬਦਾਂ ਵਿਚ ਖ਼ਾਕਾ ਤਿਆਰ ਕਰਨਾ ਹੁੰਦਾ ਹੈ
ਸ਼ਬਦ ਚਿੱਤਰ ਪੁਸਤਕ:  ਬਿਲਕੁਲ ਸਾਹਮਣੇ, ਲੇਖਕ:-  ਗੁਰਿੰਦਰ ਸਿੰਘ ਕਲਸੀ
ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 16 ਸਤੰਬਰ:
ਸ਼ਬਦ/ ਰੇਖਾ ਚਿੱਤਰ, ਕਿਸੇ ਵਿਅਕਤੀ ਦੇ ਜੀਵਨ ਦਾ ਥੋੜ੍ਹੇ ਸ਼ਬਦਾਂ ਵਿਚ ਖ਼ਾਕਾ ਤਿਆਰ ਕਰਨਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਜੀਵਨ ਨਕਸ਼ਾਂ ਨੂੰ ਸ਼ਾਬਦਿਕ ਰੂਪ ‘ਚ ਚਿਤਰਨਾ ਹੁੰਦਾ ਹੈ ਜੋ ਕੇਵਲ ਯਥਾਰਥ ‘ਤੇ ਅਧਾਰਿਤ ਹੁੰਦਾ ਹੈ। ਕਾਵਿਕ ਤੇ ਵਾਰਤਕ ਰੂਪਾਂ ਨਾਲ ਪ੍ਰਚਲਿਤ ਰੇਖਾ ਚਿੱਤਰ ਦੇ ਵਾਰਤਕ ਰੂਪ ਨੂੰ ਇਹਦੇ ਕਹਾਣੀ ਰਸ ਦੇ ਨੇੜੇ ਹੋਣ ਕਰਕੇ ਬਹੁਤਾ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਸ ਵਿੱਚ ਲੇਖਕ ਦੀ ਕਲਪਨਾ ਸ਼ਕਤੀ ਵੀ ਸ਼ਾਮਲ ਹੁੰਦੀ ਹੈ ਜੋ ਪਾਠਕ ਅੱਗੇ ਉਸ ਸ਼ਖ਼ਸੀਅਤ ਦਾ ਹੂਬਹੂ ਚਿੱਤਰ ਪੇਸ਼ ਕਰਦੀ ਹੈ, ਜੋ ਲੇਖਕ ਨੇ ਆਪ ਮਹਿਸੂਸ ਕੀਤੀ ਹੁੰਦੀ ਐ।
ਗੁਰਿੰਦਰ ਸਿੰਘ ਕਲਸੀ ਵੱਲੋਂ ਲਿਖੇ ਰੇਖਾ ਚਿੱਤਰਾਂ ਦੀ ਪੁਸਤਕ ‘ਬਿਲਕੁਲ ਸਾਹਮਣੇ’ ਅਜਿਹੀ ਵਾਰਤਕ ਪੁਸਤਕ ਹੈ, ਜਿਸ ਵਿੱਚ ਗਿਆਰਾਂ ਸਾਹਿਤਕਾਰਾਂ ਦੇ ਰੇਖਾ ਚਿੱਤਰ ਸਮੋਏ ਹੋਏ ਹਨ। ਮੋਰਿੰਡਾ ਨਿਵਾਸੀ ‘ਛੋਟੀ ਬਹਿਰ ਦੇ ਵੱਡੇ ਕਵੀ’ ਸੁਰਜੀਤ ਸਿੰਘ ਜੀਤ ਹੋਰਾਂ ਤੋਂ ਗੱਲ ਤੋਰਦਿਆਂ ਗੁਰਿੰਦਰ ਕਲਸੀ, ਗੀਤਕਾਰ  ਲਾਲ ਮਿਸਤਰੀ, ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ ਜੇਤੂ ਮਨਮੋਹਨ ਸਿੰਘ ਦਾਊਂਂ, ‘ਪ੍ਰਤੀਮਾਨ’ ਸਿਰਜਕ ਨਾਮਵਰ ਸਾਹਿਤਕਾਰ ਅਮਰਜੀਤ ਕੌਂਕੇ, ਕਹਾਣੀਕਾਰ ਤੇ ਨਾਵਲਕਾਰ ਸੰਤਵੀਰ, ਕਵੀ ਤੇ ਚਿੱਤਰਕਾਰ ਇੰਦਰਜੀਤ ਸਿੰਘ ਬਾਲਾ, ਸੁਧੀਰ ਕੁਮਾਰ ਸੁਧੀਰ, ਪੰਜਾਬੀ ਸਾਹਿਤ ਦੀ ਨਾਮਵਰ ਸ਼ਖ਼ਸੀਅਤ ਡਾ. ਸਤਿੰਦਰ ਸਿੰਘ ਨੂਰ, ਜੇ.ਐਲ. ਨੰਦਾ, ਅਜੀਤ ਸਿੰਘ ਢੰਗਰਾਲੀ ਤੇ ਰਵਿੰਦਰ ਸੂਦ ਜੁੰਨੂੰ ਨੂੰ ਯਾਦ ਕਰਦਿਆਂ, ਆਪਣੀਆਂ ਪੇਂਟਿੰਗਜ਼ ਵਾਂਗ ਹੀ ਸ਼ਬਦ ਚਿਤਰਨ ਕਰਦਾ ਹੈ।
ਗੁਰਿੰਦਰ ਸਿੰਘ ਕਲਸੀ ਦੀ ਰੇਖਾ ਚਿੱਤਰ ਲਿਖਣ ਦੀ ਸ਼ੈਲੀ ਬੜੀ ਸਰਲ ਐ। ਜਿੰਨੀ ਸਹਿਜਤਾ ਤੇ ਸਰਲਤਾ ਨਾਲ ਉਹ ਇਹਨਾਂ ਸ਼ਖ਼ਸੀਅਤਾਂ ਨਾਲ ਵਿਚਰਿਆ ਹੈ, ਬਿਲਕੁਲ ਓਹੀ ਰੰਗ ਉਹਦੀਆਂ ਲਿਖਤਾਂ ਵਿੱਚ ਸ਼ਾਮਲ ਹੈ। ਇਹਨਾਂ ਸ਼ਬਦ ਚਿੱਤਰਾਂ ਰਾਹੀਂ ਉਹ ਇਹਨਾਂ ਵਿਅਕਤੀਆਂ ਦੇ ਸੁਭਾਅ, ਗੁਣ, ਔਗੁਣ, ਆਦਤਾਂ, ਉਹਨਾਂ ਦੇ ਸੰਘਰਸ਼ਮਈ ਜੀਵਨ ਨੂੰ ਪਾਠਕਾਂ ਅੱਗੇ ਰੱਖਣ ਵਿਚ ਸਫ਼ਲ ਹੋਇਆ ਹੈ। ਉਸੇ ਤਰ੍ਹਾਂ ਜਿਵੇਂ ਉਹਨੇ ‘ਬਿਲਕੁਲ ਸਾਹਮਣੇ’ ਬੈਠ ਕੇ ਇਹਨਾਂ ਸ਼ਖ਼ਸੀਅਤਾਂ ਬਾਰੇ ਮਹਿਸੂਸ ਕੀਤਾ ਤੇ ਜਾਣਿਆ ਹੈ।
ਸ਼ਾਂਤ ਬੈਠ ਕੇ, ਚੁੱਪ-ਚੁਪੀਤੇ ਦੂਜੇ ਵਿਅਕਤੀ ਨੂੰ ਘੋਖਣ ਵਾਲੀ ਗੁਰਿੰਦਰ ਕਲਸੀ ਦੀ ਸੰਜੀਦਾ ਆਦਤ ਕਰਕੇ ਹੀ ਇਹ ਪੁਸਤਕ ਪਾਠਕਾਂ ਦੇ ਹੱਥਾਂ ਤੱਕ ਪਹੁੰਚੀ। ਸ਼ਬਦਾਂ ਰਾਹੀਂ ਰੂਬਰੂ ਹੋਏ ਇਹਨਾਂ ਸਾਹਿਤਕਾਰਾਂ ਦੀ ਸਾਹਿਤਕ ਘਾਲਣਾ, ਪ੍ਰਾਪਤੀਆਂ, ਇਹਨਾਂ ਦੀ ਸਾਹਿਤ ਤੇ ਸਾਹਿਤ ਸਭਾਵਾਂ ਨੂੰ ਦੇਣ ਬਾਰੇ ਵਧੀਆ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਆਲ਼ੇ-ਦੁਆਲ਼ੇ, ਅਛੋਪਲੇ ਜਿਹੇ ਵਿਚਰੇ ਸਾਹਿਤਕਾਰਾਂ ਬਾਰੇ ਜਾਣਕਾਰੀ ਵੀ ਇਸ ਪੁਸਤਕ ਦੀ ਪ੍ਰਾਪਤੀ ਹੈ ਕਿ ਕਿਵੇਂ ਮੋਹ, ਪਿਆਰ, ਅਪਣੱਤ, ਦੋਸਤੀ, ਵਿਲੱਖਣਤਾ, ਸੁਹਜ ਜਾਂ ਕਿਸੇ ਖੁੰਦਕ ਨਾਲ ਹੀ ਸਹੀ, ਮਨੁੱਖੀ ਸੁਭਾਅ ਦੀ ਕੜੀ ਇਕ ਦੂਜੇ ਨਾਲ ਜੁੜੀ ਜ਼ਰੂਰ ਹੁੰਦੀ ਹੈ।
ਕਦੇ ਸਿਰਫ਼ ਕੱਦਾਵਰ ਲੇਖਕਾਂ ਦੇ ਰੇਖਾ ਚਿੱਤਰ ਉਲੀਕਣ ਦਾ ਰੁਝਾਨ ਸੀ ਪਰ ਗੁਰਿੰਦਰ ਕਲਸੀ ਨੇ ਆਪਣੇ ਆਲੇ-ਦੁਆਲੇ ਵਿਚਰਦੇ ਸਾਹਿਤਕ ਦੋਸਤਾਂ ਦੇ ਸ਼ਬਦ ਚਿੱਤਰ ਸਿਰਜ, ਇਕ ਨਿਵੇਕਲਾ ਕਾਰਜ ਅਰੰਭਿਆ ਹੈ। ਵੱਧ ਤੋਂ ਵੱਧ ਦੋਸਤੀ ਨਿਭਾਓਣ ਵਿੱਚ ਯਕੀਨ ਰੱਖਣ ਵਾਲੇ ਗੁਰਿੰਦਰ ਸਿੰਘ ਕਲਸੀ ਨੂੰ ਨਵੀਂ ਪੁਸਤਕ ਲਈ ਮੁਬਾਰਕਬਾਦ।
ਯਤਿੰਦਰ ਕੌਰ ਮਾਹਲ, ਰੋਪੜ।

Leave a Reply

Your email address will not be published. Required fields are marked *