Breaking
www.sursaanjh.com > ਸਾਹਿਤ > ਸ਼ਹਿਰ ਮੇਂ ਏਕ ਚਿਰਾਗ ਥਾ ਨਾ ਰਹਾ – ਡਾ. ਅਵਤਾਰ ਸਿੰਘ ਪਤੰਗ

ਸ਼ਹਿਰ ਮੇਂ ਏਕ ਚਿਰਾਗ ਥਾ ਨਾ ਰਹਾ – ਡਾ. ਅਵਤਾਰ ਸਿੰਘ ਪਤੰਗ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 14 ਸਤੰਬਰ:
ਪਿਛਲੇ ਕੁਝ ਸਮੇਂ ਵਿੱਚ ਹੀ ਸਾਹਿਤ ਦੇ ਅੰਬਰ ਤੋਂ ਕਿੰਨੇ ਸਾਰੇ ਸਿਤਾਰੇ ਟੁੱਟ ਕੇ ਪਤਾ ਨਹੀਂ ਕਿੱਧਰ ਅਲੋਪ ਹੋ ਗਏ। ਇਨ੍ਹਾਂ ਸਿਤਾਰਿਆਂ ਨੇ ਸਾਹਿਤ ਦੇ ਅੰਬਰ ਨੂੰ ਦੇਰ ਤੋਂ ਜਗਮਗਾਈ ਰੱਖਿਆ ਹੈ। ਕਿੰਨੇ ਹੀ ਨਾਂ ਮੇਰੇ ਮਨ ਦੀ ਸਕਰੀਨ ‘ਤੇ ਪ੍ਰਗਟ ਹੋ ਰਹੇ ਹਨ, ਜਿਵੇਂ ਮਾਸਟਰ ਤਰਲੋਚਨ ਸਿੰਘ, ਦੇਸ ਰਾਜ ਕਾਲੀ, ਹਰਜਿੰਦਰ ਬੱਲ ਤੇ ਹੁਣ ਸਾਡੇ ਸੇਵੀ ਰਾਇਤ ਜੀ। ਇਨ੍ਹਾਂ ਤੋਂ ਪਹਿਲਾਂ ਪੰਜਾਬੀ ਗਾਇਕੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲ਼ੇ ਸੁਰਿੰਦਰ ਛਿੰਦਾ ਜੀ। ਅਸੀਂ ਸਾਰੇ ਹੀ ਭਲੀ-ਭਾਂਤੀ ਜਾਣਦੇ ਹਾਂ ਕਿ ਇਨ੍ਹਾਂ ਸ਼ਖਸੀਅਤਾਂ ਦੇ ਵਿਛੋੜੇ ਨਾਲ਼ ਸਾਹਿਤ ਤੇ ਸਭਿਆਚਾਰ ਨੂੰ ਕਿੰਨਾ ਵੱਡਾ ਘਾਟਾ ਸਹਿਣਾ ਪਵੇਗਾ।
ਸਫਲ ਕਾਰੋਬਾਰੀ ਸੇਵਾ ਸਿੰਘ ਰਾਇਤ, ਸਾਹਿਤ ਦੇ ਖੇਤਰ ਵਿੱਚ ਆ ਕੇ ਸੇਵੀ ਰਾਇਤ ਹੋ ਗਏ। ਫਿਰ ਸੇਵੀ ਰਾਇਤ ਜੀ ਤੇ ਗੁਰਦਰਸ਼ਨ ਸਿੰਘ ਮਾਵੀ ਇੱਕ-ਮਿੱਕ ਹੋ ਗਏ। ਇਸ ਤਰ੍ਹਾਂ ਇੱਕ ਇੱਕ ਕਰਕੇ ਖਰੜ-ਮੋਹਾਲ਼ੀ-ਚੰਡੀਗੜ੍ਹ ਵਸਦੇ ਸ਼ਬਦ ਨੂੰ ਪਿਆਰ ਕਰਨ ਵਾਲ਼ੇ ਲਿਖਾਰੀ, ਗਾਇਕ ਤੇ ਸਾਹਿਤ ਪ੍ਰੇਮੀ ਜੁੜਨ ਲੱਗ ਪਏ। ਹੁਣ ਸੇਵੀ ਰਾਇਤ ਜੀ ਆਪਣੇ ਪਿੱਛੇ ਬਹੁਤ ਵੱਡਾ ਸਾਹਿਤਕ ਪਰਿਵਾਰ ਛੱਡ ਗਏ ਹਨ। ਉਨ੍ਹਾਂ ਅੰਤਲੇ ਸਾਹਾਂ ਤੀਕ ਸਾਹਿਤ ਦਾ ਧੂਣਾ  ਪ੍ਰਚੰਡ ਕਰੀ ਰੱਖਿਆ। ਬਹੁਤ ਸਮਾਂ ਪਹਿਲਾਂ ਡਾ. ਹਰਨੇਕ ਸਿੰਘ ਕਲੇਰ, ਸੰਪਾਦਕ ਰੂਪ ਨਾਲ਼ ਮੈਂ ਉਨ੍ਹਾਂ ਦੇ ਘਰ ਸਨੀ ਐਨਕਲੇਵ ਗਿਆ। ਡਾ. ਬਲਜੀਤ ਸਿੰਘ ਤੇ ਹੋਰ ਸੱਜਣਾਂ ਸੰਗ, ਉਨ੍ਹਾਂ ਦੇ ਘਰ ਹੀ ਰੂਪ ਮੈਗਜ਼ੀਨ ਦਾ ਉਹ ਅੰਕ ਰਲੀਜ਼ ਕੀਤਾ ਗਿਆ। ਇਸੇ ਤਰ੍ਹਾਂ ਸੁਰ ਸਾਂਝ ਦਾ ਪਲੇਠਾ ਅੰਕ ਵੀ ਉਨ੍ਹਾਂ ਹੀ ਰਲੀਜ਼ ਕੀਤਾ।
ਏਸ ਖਿੱਤੇ ਦੇ ਲੇਖਕਾਂ ਬਾਰੇ ਸਮਾਗਮ ਰਚਾਉਣ ਵਾਲ਼ੀ ਏਸ ਬਹੁ-ਪੱਖੀ ਸ਼ਖਸੀਅਤ ਸੇਵੀ ਰਾਇਤ ਜੀ ਦੀ ਯਾਦ ਵਿੱਚ 17 ਸਤੰਬਰ 2023, ਦਿਨ ਐਤਵਾਰ, ਸਮਾਂ 10.30 ਵਜੇ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ। ਸਾਹਿਤ ਵਿਗਿਆਨ ਕੇਂਦਰ ਦੇ ਸਰਪ੍ਰਸਤ ਡਾ. ਅਵਤਾਰ ਸਿੰਘ ਪਤੰਗ ਵੱਲੋਂ ਮਰਹੂਮ ਸੇਵੀ ਰਾਇਤ ਜੀ ਬਾਰੇ ਲਿਖੇ ਸ਼ਬਦ ਚਿੱਤਰ ਨੂੰ ਇਸ ਅੰਕ ਵਿੱਚ ਛਾਪਣ ਦੀ ਆਗਿਆ ਲੈਂਦੇ ਹੋਏ ਅਦਾਰਾ ਸੁਰ ਸਾਂਝ ਡਾਟ ਕਾਮ ਏਸ ਰੰਗਲੀ ਸਾਹਿਤਕ  ਸ਼ਖਸੀਅਤ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ – ਸੁਰਜੀਤ ਸੁਮਨ, ਸੰਪਾਦਕ, ਸੁਰ ਸਾਂਝ ਡਾਟ ਕਾਮ;
ਸ਼ਹਿਰ ਮੇਂ ਏਕ ਚਿਰਾਗ ਥਾ ਨਾ ਰਹਾ 
ਇੱਕ ਸ਼ਾਇਰ, ਕਹਾਣੀਕਾਰ, ਵਾਰਤਕ ਲੇਖਕ,‌ ਸਫ਼ਲ ਕਾਰੋਬਾਰੀ ਅਤੇ ਸਾਹਿਤਕ ਜਥੇਬੰਦੀਆਂ ਦੇ ਕੁਸ਼ਲ ਪ੍ਰਬੰਧਕ ਦਾ ਨਾਂ ‌ਸੀ ਸੇਵਾ ਸਿੰਘ ਰਾਇਤ ਉਰਫ ਸੇਵੀ ਰਾਇਤਚੰਡੀਗੜ੍ਹ, ਮੁਹਾਲੀ ਅਤੇ ਖਰੜ ਦੀਆਂ ਸਾਰੀਆਂ ਸਾਹਿਤਕ ਸੰਸਥਾਵਾਂ ਦਾ  ਸ਼ਿੰਗਾਰ ਸੀ ਉਹ। ਇਸ ਸੱਭ ਕੁੱਝ ਤੋਂ ਉੱਪਰ ਉਹ “ਸਾਹਿਤ ਵਿਗਿਆਨ ਕੇਂਦਰ” ਦਾ ਹਰਮਨ ਪਿਆਰਾ ਪ੍ਰਧਾਨ ਸੀ ਸੇਵੀ ਰਾਇਤ।‌ ਚਿੱਟੀ ਪਗੜੀ ਅਤੇ ਫੱਬਵੇਂ ‌ ਲਿਬਾਸ ਵਿੱਚ ਉਹ ਹਰ ਸਾਹਿਤ ਸਭਾ ਦੀ ਮੂਹਰਲੀ ਕਤਾਰ ਵਿੱਚ ਬੈਠਦਾ ਸੀ। ਕਿੱਤੇ ਵਜੋਂ ਉਹ ਇਕ ਦਸਤਕਾਰ ਸੀ ਪਰ ਦਸਤਕਾਰੀ ਕਰਦਿਆਂ ਉਸਨੇ ਆਪਣੇ ਅੰਦਰ ਕਵਿਤਾ ਘੜਨੀ ਸ਼ੁਰੂ ਕਰ ਦਿੱਤੀ। ਕਵਿਤਾ ਦੀ ਦਸਤਕਾਰੀ ਕਰਦਿਆਂ ਉਸਨੇ ਛੇ ਕਾਵਿ ਪੁਸਤਕਾਂ  ‘ਜਿੰਦ ਪ੍ਰਾਣ ‘, ‘ਜਿਸਮ ਤੋਂ ਜਾਨ ਤੱਕ’, ਪ੍ਰਥਾ ਤੋਂ ਪਾਰ ‘, ‘ਖੁਲ੍ਹ ਗਏ ਕਿਵਾੜ’, ‘ਅਹਿਸਾਸ ਦੇ ਸਬੱਬ’ , ‘ਹਰਫ਼ ਸਮੇਂ ਦੇ ਹਾਣੀ’ ਆਦਿ ਪਾਠਕਾਂ ਦੀ ਝੋਲੀ ਵਿੱਚ ਪਾਏ। ‘ਸ਼ਿਅਰ ਬਜ਼ਾਰ’ ਚੋਣਵੇਂ ਸ਼ਿਅਰਾਂ ਦੀ ਪੁਸਤਕ ‌ਅਤੇ‌ ‘ਆਯੁਰਵੈਦਿਕ ਸਲਾਹਕਾਰ ‘ ਪੁਸਤਕਾਂ ਦਾ ਸੰਪਾਦਨ ਕਰਕੇ ਸਾਹਿਤਕ ਜਗਤ ਵਿੱਚ ਆਪਣਾ ਯੋਗਦਾਨ ਪਾਇਆ।
ਪੁਸਤਕ ਪ੍ਰਕਾਸ਼ਨ ਤੋਂ ਇਲਾਵਾ ਸੇਵੀ ਰਾਇਤ ਨੇ ਸਾਹਿਤਕ ਅਦਾਰਿਆਂ ਵਿੱਚ ਆਪਣੀ ਹਿੱਸੇਦਾਰੀ ਬਰਾਬਰ ਜਾਰੀ ਰੱਖੀ।‌ ਚੰਡੀਗੜ੍ਹ ਦੀ ਵਿਸ਼ਾਲ ਸਭਾ’ ਪੰਜਾਬੀ  ਲੇਖਕ ਸਭਾ ‘ ਦਾ ਅਹੁਦੇਦਾਰ/‌ ਮੈਂਬਰ ਰਿਹਾ।  ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜੀਵਨ ਮੈਂਬਰ ਰਿਹਾ। ਇਸ ਤੋਂ ਇਲਾਵਾ ਚੰਡੀਗੜ੍ਹ ਵਿਉਪਾਰ ਮੰਡਲ ਦਾ ਅਹੁਦੇਦਾਰ ‌ਅਤੇ ਸੀਨੀਅਰ ਸਿਟੀਜਨ ਸੋਸਾਇਟੀ  ਸੰਨੀ ਇੰਕਲੇਵ ਦਾ ਸਰਗਰਮ ਮੈਂਬਰ ਵੀ ਰਿਹਾ।‌
ਆਪਣੀ ਸਾਹਿਤਕ ਭੁੱਖ ਨੂੰ ਤ੍ਰਿਪਤ ਕਰਨ ਲਈ ਉਸਨੇ ਵੀਹ ਕੁ ਸਾਲ ਪਹਿਲਾਂ ਕੁੱਝ ਦੋਸਤਾਂ ਨੂੰ ਨਾਲ ਲੈਕੇ “ਸਾਹਿਤ ਵਿਗਿਆਨ ਕੇਂਦਰ” ਦੀ ਸਥਾਪਨਾ ਕੀਤੀ।  ਉਸਦੀ ਹਲੀਮੀ , ਮਿਲਣਸਾਰਤਾ ਅਤੇ ਸ਼ੀਰੀ ਸੁਭਾਅ ਸਦਕਾ ਮੈਂਬਰ ਜੁੜਦੇ ਗਏ ਅਤੇ ਉਹ ਛੋਟਾ ਜਿਹਾ ਕਾਫ਼ਲਾ ਸੌ ਤੋਂ ਵੀ ਵੱਧ ਮੈਂਬਰਾਂ ਦਾ ਇੱਕ ਵਿਸ਼ਾਲ ਸਮੂਹ  ਸਾਹਿਤ ਵਿਗਿਆਨ ਕੇਂਦਰ ਬਣ  ਗਿਆ ਹੈ। ।
ਸੇਵੀ ਰਾਇਤ  ਖੱਬੇ ਪੱਖੀ ਸੋਚ ਰੱਖਣ ਵਾਲਾ ਵਾਲਾ ਇੱਕ ਪ੍ਰਤੀਬੱਧ ਲੇਖਕ ਸੀ ਪਰ ਵਿਹਾਰਕ ਤੌਰ ‘ਤੇ ਉਹ ਸੱਚੇ-ਸੁੱਚੇ ਕਿਰਦਾਰ ਅਤੇ ਸ਼ੁੱਧ ਸੋਚ  ਰੱਖਣ ਵਾਲਾ ਇੱਕ ਨਫੀਸ ਆਸਤਿਕ  ਇਨਸਾਨ‌ ਸੀ‌। ਨਿੱਤ ਦੇ ਵਰਤ-ਵਰਤਾਵੇ  ‌ਵਿੱਚ ਉਹ ਕੋਰਾ-ਕਰਾਰਾ‌ ਸੀ । ਅਨੁਸ਼ਾਸਨ -ਬੱਧਤਾ , ਨੇਮ -ਬੱਧਤਾ ਉਸਦੀ ਸ਼ਖ਼ਸੀਅਤ ਦਾ ਖਾਸਾ ਸੀ।‌ਉਹ ਮਿੱਠ ਬੋਲੜਾ ਅਤੇ ਸਾਵੀਂ ਪੱਧਰੀ ਜ਼ਿੰਦਗੀ ਜਿਊਣ‌ ਵਾਲਾ ਇੱਕ ਰੌਸ਼ਨ -ਦਿਮਾਗ ਸ਼ਖਸ ਸੀ। ਜਿਹੜਾ ਬੰਦਾ ਇੱਕ ਵਾਰ ਉਸਦੇ ਸੰਪਰਕ ਵਿੱਚ ਆ ਜਾਂਦਾ ਸੀ ਉਹ ਹਮੇਸ਼ਾਂ ਲਈ ਉਸਦਾ ਹੋ ਕੇ ਰਹਿ ਜਾਂਦਾ ਸੀ।
ਇਹਨਾਂ ਦਿਨਾਂ ਵਿੱਚ ਉਸਨੇ ਬਹੁਤ ਸਾਰੇ ਕੰਮ ਵਿੱਢੇ ਹੋਏ ਸਨ।‌ ਉਸ ਦੀਆਂ ਦੋ ਪੁਸਤਕਾਂ ਛਪਾਈ ਅਧੀਨ ਹਨ। ਉਸਨੇ ਕੁੱਝ ਦਿਨ ਪਹਿਲਾਂ ਇਹ ਇੱਛਾ ਪ੍ਰਗਟਾਈ ਸੀ ਇਸ ਸਾਲ ਦੇ ਅਖੀਰ ਤੱਕ ਉਹ ਆਪਣੀਆਂ ਛਪਾਈ ਅਧੀਨ ਪੁਸਤਕਾਂ ਮੁਕੰਮਲ ਕਰਕੇ ਪਾਠਕਾਂ ਨੂੰ ਭੇਟ ਕਰੇਗਾ। ਪਰ ਪ੍ਰਾਲਬਧ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।‌ ਕੁਝ‌ ਦਿਨ ਬੀਮਾਰ ‌ਰਹਿ ਕੇ ਉਹ ਅਛੋਪਲੇ ਜਿਹੇ, ਚੁੱਪ-ਚਪੀਤਾ ਸਾਰਿਆਂ ਨੂੰ ਛੱਡ ਕੇ ਚਾਰ ਸਤੰਬਰ ਨੂੰ ਆਪਣੀ ਬਿਆਸੀ ਸਾਲ ਦੀ ਉਮਰ ਭੋਗ ਕੇ ਉਸ ਸੰਸਾਰ ਵਿੱਚ ਜਾ ਬਿਰਾਜਿਆ ਜਿੱਥੋਂ  ਕਦੇ ਕੋਈ ਵਾਪਸ ਨਹੀਂ ਆਉਂਦਾ।  
ਸੇਵੀ ਰਾਇਤ ਦੀ ਸ਼ਖ਼ਸੀਅਤ ‘ਤੇ ਕਿਸੇ ਸ਼ਾਇਰ ਦੇ ਇਹ ਬੋਲ ਪੂਰੀ ਤਰ੍ਹਾਂ ਢੁੱਕਦੇ ਹਨ:
ਸ਼ਹਿਰ ਮੇਂ ਏਕ ਚਿਰਾਗ ਥਾ, ਨਾ ਰਹਾ/ ਏਕ ਰੌਸ਼ਨ ਦਿਮਾਗ ਥਾ, ਨਾ ਰਹਾ। 
ਡਾ. ਅਵਤਾਰ ਸਿੰਘ ਪਤੰਗ- 8837808371

Leave a Reply

Your email address will not be published. Required fields are marked *