ਚੰਡੀਗੜ੍ਹ 29 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਹਾਲੀ ਪੁੱਡਾ ਭਵਨ ਦੇ ਬਾਹਰ ਲਗਾਏ ਗਏ ਵਿਸ਼ਾਲ ਰੋਸ ਪ੍ਰਦਰਸ਼ਨ, ਜਿਸ ਵਿੱਚ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਐਨ.ਕੇ ਸ਼ਰਮਾ, ਸੋਹਣ ਸਿੰਘ ਠੰਢਲ, ਦਰਬਾਰਾ ਸਿੰਘ ਗੁਰੂ, ਅਰਸ਼ਦੀਪ ਸਿੰਘ ਕਲੇਰ, ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ, ਰਣਬੀਰ ਸਿੰਘ ਸੋਈ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਆਗੂ ਹਾਜ਼ਰ ਸਨ, ਦੌਰਾਨ ਜੇਬ ਕਤਰਿਆਂ ਨੇ ਕਰੀਬ 50 ਲੱਖ ਰੁਪਏ ਦਾ ਕਾਰੋਬਾਰ ਕਰਕੇ ਇੱਕ ਨਵਾਂ ਕੀਰਤੀਮਾਨ ਸਿਰਜ ਦਿੱਤਾ ਹੈ। ਇਹ ਖੁਲਾਸਾ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਪੱਤਰਕਾਰਾਂ ਨਾਲ ਇੱਕ ਗੈਰ ਰਸਮੀਂ ਗੱਲਬਾਤ ਕਰਦਿਆਂ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਨੇ ਅਨੇਕਾਂ ਪੀੜਤਾਂ ਸਮੇਤ ਅੱਜ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਭਾਵੇਂ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਪ੍ਰੰਤੂ ਫਿਰ ਵੀ ਹਜ਼ਾਰਾਂ ਵਰਕਰਾਂ ਦਾ ਠਾਠਾਂ ਮਾਰਦਾ ਇਕੱਠ ਜੇਬ ਕਤਰੇ ਚੋਰਾਂ ਲਈ ਵਰਦਾਨ ਸਾਬਤ ਹੋਇਆ ਹੈ। ਸ਼੍ਰੀ ਪੁਰਖਾਲਵੀ ਨੇ ਦੱਸਿਆ ਕੁ ਵਿਧਾਨ ਸਭਾ ਹਲਕਾ ਖਰੜ ਦੇ ਸੀਨੀਅਰ ਅਕਾਲੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੌਧਰੀ ਸ਼ਾਮ  ਲਾਲ ਮਾਜਰੀਆਂ ਜੋ ਆਪਣੇ ਨਾਲ ਭਾਰੀ ਲਾਮ-ਲਸ਼ਕਰ ਨਾਲ ਪੰਡਾਲ ਵਿੱਚ ਪਹੁੰਚੇ ਸਨ, ਦੀ ਜੇਬ ਨੂੰ ਜੇਬ ਕਤਰਿਆਂ ਨੇ ਸਵਾ ਲੱਖ ਦਾ ਚੂਨਾ ਲਾ ਦਿੱਤਾ, ਜਦਕਿ ਉਨ੍ਹਾਂ ਨਾਲ ਆਏ ਇੱਕ ਹੋਰ ਅਕਾਲੀ ਆਗੂ ਮਨਵੀਰ ਸਿੰਘ ਮਨੀ ਦਾ ਕਰੀਬ 12 ਲੱਖ ਰੁਪਏ ਦੇ ਮਹਿੰਗੇ ਫ਼ੋਨ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਮੋਹਨ ਲਾਲ ਜੈਅੰਤੀ ਮਾਜਰਾ ਅਤੇ ਮੀਤ ਦੇ ਫੋਨ ਤੇ ਵੀ ਹੱਥ ਸਾਫ ਕਰ ਦਿੱਤਾ।
ਸ਼੍ਰੀ ਪੁਰਖਾਲਵੀ ਨੇ ਦਾਅਵਾ ਕੀਤਾ ਕਿ ਸਟੇਜ ਉੱਤੇ ਉਨ੍ਹਾਂ ਕੋਲ ਵੱਖ-ਵੱਖ ਲੋਕਾਂ ਦੇ ਅਨੇਕਾਂ ਪਰਸ/ ਬਟੂਏ ਪਹੁੰਚਦੇ ਰਹੇ, ਜਿਨ੍ਹਾਂ ਨੂੰ ਭੀੜ ਵਿੱਚੋਂ ਮਿਲੇ ਹੋਣ ਦੀ ਅਨਾਊਂਸਮੈਂਟ ਕਰਕੇ ਇਹ ਸਾਮਾਨ ਪ੍ਰਬੰਧਕਾਂ ਕੋਲ਼ੋਂ ਪ੍ਰਾਪਤ ਕਰ ਲੈਣ ਦੀ ਵਾਰ ਵਾਰ ਗੁਹਾਰ ਵੀ ਲਗਾਈ ਗਈ, ਜਦਕਿ ਪ੍ਰਬੰਧਕਾਂ ਨੂੰ ਵੀ ਇਸਦੀ ਅਸਲੀਅਤ ਦੀ ਭਿਣਕ ਨਹੀਂ ਲੱਗੀ। ਬਾਅਦ ਵਿੱਚ ਪੀੜਤਾਂ ਵੱਲੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਅਨੇਕਾਂ ਮਾਮਲੇ ਆਉਣ ਤੇ ਸਪੱਸ਼ਟ ਹੋਇਆ ਕਿ ਜੇਬ ਕਤਰੇ ਲੋਕਾਂ ਦੀਆਂ ਜੇਬਾਂ ਉੱਤੇ ਹੱਥ ਸਾਫ ਕਰਨ ਉਪਰੰਤ ਪੈਸੇ ਕੱਢਕੇ ਖਾਲੀ ਪਰਸ ਪੰਡਾਲ ਵਿੱਚ ਹੀ ਸੁੱਟਦੇ ਰਹੇ, ਜਿਨ੍ਹਾਂ ਵਿੱਚ ਸੰਬੰਧਿਤ ਕਾਗਜ਼ਾਂ ਪ੍ਰਤੀ ਜੇਬ ਕਤਰਿਆਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਅਕਾਲੀ ਆਗੂ ਨੇ ਕਿਹਾ ਮੁਹਾਲੀ ਵਿੱਚ ਹੋਈਆਂ ਅਨੇਕਾਂ ਰੈਲੀਆਂ ਵਿੱਚ ਹੋਈਆਂ ਚੋਰੀਆਂ ਦਾ ਇਹ ਇੱਕ ਰਿਕਾਰਡ ਬਣਿਆ ਹੈ, ਜਿਹੜਾ ਕਿ ਅਕਾਲੀ ਦਲ ਦੇ ਹਿੱਸੇ ਆਇਆ ਹੈ। ਅਕਾਲੀ ਆਗੂ ਸ਼ਮਸੇਰ ਪੁਰਖਾਲਵੀ ਨੇ ਦੱਸਿਆ ਕਿ ਮਹਿੰਗੇ ਫੋਨ ਦੀ ਮੁਹਾਲੀ ਪੁਲੀਸ ਕੋਲ ਡੀਡੀਆਰ ਦਰਜ ਕਰਵਾ ਦਿੱਤੀ ਗਈ ਹੈ, ਕਿਉਂਕਿ ਉਸ ਵਿੱਚ ਬਹੁਤ ਅਹਿਮ ਜਾਣਕਾਰੀਆਂ ਅਤੇ ਡਾਟਾ ਸ਼ਾਮਲ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਭੀੜ-ਭਾੜ ਵਾਲੇ ਪ੍ਰੋਗਰਾਮਾਂ ਦੌਰਾਨ ਮਹਿੰਗੀਆਂ ਵਸਤਾਂ ਸਮੇਤ ਨਕਦੀ ਲੈ ਕੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।