www.sursaanjh.com > ਅੰਤਰਰਾਸ਼ਟਰੀ > ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤ

ਸਾਦਗੀ, ਸਮਰਪਣ ਤੇ ਸੇਵਾ ਦੀ ਜਿੰਦੀ–ਜਾਗਦੀ ਮਿਸਾਲ ਡਾ. ਦਪਿੰਦਰ ਕੌਰ ਸੇਵਾ ਮੁਕਤ

ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਊਰੋ), 1 ਫਰਵਰੀ:
ਗੌਰਮਿੰਟ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀ ਪ੍ਰਿੰਸੀਪਲ ਡਾ. ਦਪਿੰਦਰ ਕੌਰ ਅੱਜ ਲਗਭਗ 30 ਸਾਲ 11 ਮਹੀਨੇ 16 ਦਿਨਾਂ ਦੀ ਨਿਸ਼ਕਾਮ, ਇਮਾਨਦਾਰ ਅਤੇ ਸਮਰਪਿਤ ਸਰਕਾਰੀ ਸੇਵਾ ਉਪਰੰਤ ਸੇਵਾ ਮੁਕਤ ਹੋ ਗਏ। ਇਸ ਮੌਕੇ ’ਤੇ ਕਾਲਜ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਪ੍ਰਬੰਧਕਾਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੀ ਭਰਵੀਂ ਸ਼ਲਾਘਾ ਕੀਤੀ। ਵਿਦਾਇਗੀ ਸਮਾਰੋਹ ਦੌਰਾਨ ਕਾਲਜ ਦੇ ਵੱਖ-ਵੱਖ ਬੁਲਾਰਿਆਂ ਨੇ ਡਾ. ਦਪਿੰਦਰ ਕੌਰ ਦੀ ਵਿਦਿਅਕ, ਪ੍ਰਸ਼ਾਸਨਿਕ ਅਤੇ ਮਨੁੱਖੀ ਮੁੱਲਾਂ ਨਾਲ ਭਰਪੂਰ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਾਦਗੀ, ਅਣਥਕ ਮਿਹਨਤ ਅਤੇ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਵਾਲੀ ਮਿਸਾਲ ਦੱਸਿਆ। ਡਾ. ਦਪਿੰਦਰ ਕੌਰ ਦਾ ਜਨਮ 5 ਜਨਵਰੀ 1968 ਨੂੰ ਪਿਤਾ ਸ਼੍ਰੀ ਰਜਿੰਦਰ ਸਿੰਘ ਹਜੂਰੀਆ ਅਤੇ ਮਾਤਾ ਸ਼੍ਰੀਮਤੀ ਹਰਜੀਤ ਕੌਰ ਦੀ ਕੋਖੋਂ ਨਦੌਣ, ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਮੁਢਲੀ ਸਿੱਖਿਆ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਾਪਤ ਕੀਤੀ ਅਤੇ 1982 ਵਿੱਚ ਧਰਮਸ਼ਾਲਾ ਤੋਂ ਦਸਵੀਂ ਕਲਾਸ ਪਹਿਲੀ ਪੁਜ਼ੀਸ਼ਨ ਨਾਲ ਪਾਸ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਉੱਚ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਯਾਤਰਾ ਬਹੁਤ ਹੀ ਸ਼ਾਨਦਾਰ ਰਹੀ। ਉਨ੍ਹਾਂ ਨੇ 1987 ਵਿੱਚ ਬੀ.ਐੱਸ.ਸੀ. (ਮੈਡੀਕਲ) ਡੀ.ਏ.ਵੀ. ਕਾਲਜ ਕਾਂਗੜਾ ਤੋਂ, 1989 ਵਿੱਚ ਐਮ.ਐੱਸ.ਸੀ. ਕੈਮਿਸਟਰੀ, 1990 ਵਿੱਚ ਐਮ.ਫ਼ਿਲ (ਫ਼ਿਜ਼ੀਕਲ ਕੈਮਿਸਟਰੀ) ਗੋਲਡ ਮੈਡਲ ਸਮੇਤ, ਅਤੇ 1993 ਵਿੱਚ ਪੀ.ਐੱਚ.ਡੀ. (ਫ਼ਿਜ਼ੀਕਲ ਕੈਮਿਸਟਰੀ) ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਪੂਰੀ ਕੀਤੀ।
ਡਾ. ਦਪਿੰਦਰ ਕੌਰ ਨੇ ਆਪਣੀ ਸਰਕਾਰੀ ਸੇਵਾ ਦੀ ਸ਼ੁਰੂਆਤ 16 ਜਨਵਰੀ 1995 ਨੂੰ ਸਰਕਾਰੀ ਕਾਲਜ ਰੋਪੜ ਵਿਖੇ ਬਤੌਰ ਲੈਕਚਰਾਰ ਕੀਤੀ। ਲਗਭਗ 12 ਸਾਲ ਉੱਥੇ ਸੇਵਾਵਾਂ ਨਿਭਾਉਣ ਉਪਰੰਤ 6 ਜੁਲਾਈ 2007 ਨੂੰ ਸਰਕਾਰੀ ਕਾਲਜ ਐੱਸ.ਏ.ਐੱਸ. ਨਗਰ ਮੋਹਾਲੀ ਵਿਖੇ ਐਸੋਸੀਏਟ ਪ੍ਰੋਫੈਸਰ ਵਜੋਂ ਨਿਯੁਕਤ ਹੋਏ। ਬਾਅਦ ਵਿੱਚ 12 ਮਈ 2010 ਨੂੰ ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ, ਚੰਡੀਗੜ੍ਹ ਵਿਖੇ ਤਬਾਦਲੇ ਉਪਰੰਤ ਲਗਭਗ 16 ਸਾਲ ਤੱਕ ਵਿਦਿਆਰਥੀਆਂ ਦੀ ਰਹਿਨੁਮਾਈ ਕਰਦੇ ਰਹੇ। 19 ਜੁਲਾਈ 2024 ਨੂੰ ਉਨ੍ਹਾਂ ਨੂੰ ਪਦਉੱਨਤੀ ਦੇ ਕੇ ਗੌਰਮਿੰਟ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿੱਚ ਪ੍ਰਿੰਸੀਪਲ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਕੁਸ਼ਲ ਪ੍ਰਸ਼ਾਸਨ, ਦੂਰਦਰਸ਼ੀ ਸੋਚ ਅਤੇ ਡੀ.ਪੀ.ਆਈ. (ਕਾਲਜ) ਵੱਲੋਂ ਦਿੱਤੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ 31 ਜਨਵਰੀ 2026 ਨੂੰ ਸੇਵਾ ਮੁਕਤੀ ਪ੍ਰਾਪਤ ਕੀਤੀ। ਸਰਕਾਰੀ ਸੇਵਾ ਦੌਰਾਨ ਡਾ. ਦਪਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਮੈਂਬਰ, ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਰਹੇ ਅਤੇ ਡਾਇਰੈਕਟਰ ਉੱਚ ਸਿੱਖਿਆ ਵੱਲੋਂ ਉਨ੍ਹਾਂ ਨੂੰ ਪੰਜਾਬ ਐਜੂਕੇਸ਼ਨ ਵਿਸ਼ੇ ਦੀ ਮਾਹਰ ਵਜੋਂ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ ਹਰ ਜ਼ਿੰਮੇਵਾਰੀ ਨੂੰ ਪੂਰੀ ਲਗਨ, ਸਮਰਪਣ ਅਤੇ ਨਿਭਾਅ ਨਾਲ ਨਿਭਾਉਂਦਿਆਂ ਸੰਸਥਾਵਾਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਡਾ. ਦਪਿੰਦਰ ਕੌਰ ਦੀ ਸੇਵਾ ਮੁਕਤੀ ਨਾਲ ਵਿਦਿਅਕ ਖੇਤਰ ਨੇ ਇੱਕ ਅਨੁਭਵੀ, ਸੰਵੇਦਨਸ਼ੀਲ ਅਤੇ ਸਮਰਪਿਤ ਸ਼ਖ਼ਸੀਅਤ ਨੂੰ ਵਿਦਾਇਗੀ ਦਿੱਤੀ ਹੈ, ਪਰ ਉਨ੍ਹਾਂ ਦੀ ਸੋਚ, ਸੇਵਾ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।
ਫੋਟੋ ਕੈਪਸ਼ਨ: ਡਾਕਟਰ ਦਪਿੰਦਰ ਕੌਰ ਪ੍ਰਿੰਸੀਪਲ ਗੌਰਮਿੰਟ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਸੇਵਾ ਮੁਕਤ ਮੌਕੇ ਆਪਣੇ ਪਤੀ ਇੰਜੀਨੀਅਰ ਰਵਿੰਦਰ ਸਿੰਘ ਸੈਣੀ ਮੈਂਬਰ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੈਟਰੀ ਕਮਿਸ਼ਨ ਦੇ ਨਾਲ।

Leave a Reply

Your email address will not be published. Required fields are marked *