www.sursaanjh.com > ਅੰਤਰਰਾਸ਼ਟਰੀ > ਸਾਹਿਤਕ ਚਰਚਾ ਸਮੇਂ ਪ੍ਰਸਿੱਧ ਸਾਹਿਤਕਾਰ ਪਾਲ ਅਜਨਬੀ ਸਨਮਾਨਿਤ

ਸਾਹਿਤਕ ਚਰਚਾ ਸਮੇਂ ਪ੍ਰਸਿੱਧ ਸਾਹਿਤਕਾਰ ਪਾਲ ਅਜਨਬੀ ਸਨਮਾਨਿਤ

Chandigarh (sursaanjh.com bureau), 4 February:

ਅੱਜ ਵਿਸ਼ੇਸ਼ ਸਾਹਿਤਕ ਚਰਚਾ ਲਈ ਪ੍ਰਸਿੱਧ ਸਾਹਿਤਕਾਰ ਪਾਲ-ਅਜਨਬੀ ਜੀ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਚੇਅਰਮੈਨ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ, ਪ੍ਰਿੰ. ਬਹਾਦਰ ਸਿੰਘ ਗੋਸਲ ਨਾਲ ਉਨ੍ਹਾਂ ਦੇ ਸੈਕਟਰ-37 ਸਥਿਤ ਗ੍ਰਹਿ ਵਿਖੇ ਵਿਸ਼ੇਸ਼ ਮਿਲਣੀ ਕੀਤੀ। ਉਨ੍ਹਾਂ ਦੇ ਨਾਲ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਵੀ ਹਾਜ਼ਰ ਸਨ। ਇਸ ਮੌਕੇ ਤੇ ਚਾਹ ਤੇ ਲੰਬੀ ਸਾਹਿਤਕ ਚਰਚਾ ਕੀਤੀ ਗਈ ਅਤੇ ਸ੍ਰੀ ਪਾਲ ਅਜਨਬੀ, ਪ੍ਰਿੰ. ਗੋਸਲ ਦੀ ਲਿਖਣ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹੋਏ। ਪ੍ਰਿੰ. ਗੋਸਲ ਨੇ ਆਪਣੀਆਂ ਨਵ-ਪ੍ਰਕਾਸ਼ਿਤ ਪੁਸਤਕਾਂ ਦੀ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਭਾਵੇਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਛਪ ਚੁੱਕੀਆਂ ਹਨ ਪਰ ਹੁਣ ਉਨ੍ਹਾਂ ਦਾ ਮੁੱਖ ਉਦੇਸ਼ ਨਵੇਂ ਲੇਖਕ ਅਤੇ ਨਵੇਂ ਪਾਠਕ ਤਿਆਰ ਕਰਨਾ ਹੈ। ਇਸ ਲਈ ਉਹ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਸਥਾ ਦੇ ਅਹੁਦੇਦਾਰਾਂ ਨਾਲ ਮਿਲ ਕੇ ਪੰਜਾਬ ਦੇ ਦੂਰ-ਦੁਰਾਡੇ ਦੇ ਸਕੂਲਾਂ ਤੱਕ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਰਹਿੰਦੇ ਹਨ। ਉਨ੍ਹਾਂ ਨੂੰ ਪੰਜਾਬ ਦੇ ਪਿੰਡਾਂ ਦੇ ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਬਾਲ ਪੁਸਤਕਾਂ ਅਤੇ ਅਧਿਆਪਕਾਂ ਨੂੰ ਸੱਭਿਆਚਾਰਿਕ ਪੁਸਤਕਾਂ ਭੇਟ ਕਰਕੇ ਅਥਾਹ ਖੁਸ਼ੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਉਹ ਜਗਤਾਰ ਸਿੰਘ ਜੋਗ, ਅਵਤਾਰ ਸਿੰਘ ਮਹਿਤਪੁਰੀ ਅਤੇ ਅਮਰਜੀਤ ਸਿੰਘ ਬਠਲਾਣਾ ਵਰਗੇ ਸਾਹਿਤਕਾਰਾਂ ਨਾਲ ਮਿਲ ਕੇ ਪਿੰਡਾਂ ਵਿਚ ਪੰਚਾਇਤਾਂ ਅਤੇ ਨੌਜਵਾਨ ਸਭਾਵਾਂ ਨੂੰ ਪਿੰਡਾਂ ਵਿਚ ਲਾਇਬ੍ਰੇਰੀ ਸਥਾਪਿਤ ਕਰਨ ਲਈ ਭਰਪੂਰ ਸਹਿਯੋਗ ਦੇਂਦੇ ਹਨ।

ਇਸ ਮੌਕੇ ਤੇ ਸ੍ਰੀ ਪਾਲ ਅਜਨਬੀ ਜੀ ਨੇ ਦੱਸਿਆ ਕਿ ਉਹ ਪ੍ਰਿੰ. ਗੋਸਲ ਦੀ ਨਵੀਂ ਸੰਪਾਦਿਤ ਪੁਸਤਕ ਆ ਨੀ ਚਿੜੀਏ ਪਾਣੀ ਪੀ ਤੋਂ ਬਹੁਤ ਪ੍ਰਭਾਵਿਤ ਹਨ, ਕਿਉਂਕਿ ਇਹ ਪੁਸਤਕ ਨਿਵੇਕਲੀ ਸੋਚ ਦੀ ਪਹਿਚਾਣ ਹੈ। ਉਨ੍ਹਾਂ ਨੇ ਪ੍ਰਿੰ. ਗੋਸਲ ਦੇ ਇਸ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਅਜੋਕੇ ਸਾਹਿਤਕਾਰਾਂ ਨੂੰ ਨਵੇਂ ਪਾਠਕ ਤਿਆਰ ਕਰਨ ਲਈ, ਪਿੰਡਾਂ ਦੇ ਸਕੂਲਾਂ ਵੱਲ ਵਹੀਰਾ ਘੱਤਣੀਆਂ ਚਾਹੀਦੀਆਂ ਹਨ। ਸ੍ਰੀ ਪਾਲ ਅਜਨਬੀ ਵਲੋਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸ੍ਰੀ ਪਾਲ ਅਜਨਬੀ ਨੂੰ ਸਨਮਾਨਤ ਕੀਤਾ ਗਿਆ। ਸਨਮਾਨ ਵਿਚ ਉਨ੍ਹਾਂ ਨੂੰ ਸ਼ਾਲ, ਸਨਮਾਨ  ਚਿੰਨ੍ਹ ਅਤੇ ਪੁਸਤਕਾਂ ਦਾ ਸੈੱਟ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਭੇਟ ਕੀਤਾ ਗਿਆ। ਪਾਲ ਅਜਨਬੀ ਨੇ ਇਸ ਸਨਮਾਨ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ: ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਸਿੱਧ ਸਾਹਿਤਕਾਰ ਪਾਲ ਅਜਨਬੀ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕਰਦੇ ਹੋਏ, ਨਾਲ ਖੜ੍ਹੇ ਹਨ ਸ.ਜਗਤਾਰ ਸਿੰਘ ਜੋਗ।

Leave a Reply

Your email address will not be published. Required fields are marked *